December 23, 2010

ਮਿੰਨੀ ਕਹਾਣੀ ਦਾ ਸਿਰਲੇਖ




ਸ਼ਿਆਮ ਸੁੰਦਰ ਅਗਰਵਾਲ

ਸੰਸਾਰ ਵਿਚ ਹਰ ਜੀਵ ਤੇ ਵਸਤੂ ਨੂੰ ਇਕ ਨਾਂ ਦਿੱਤਾ ਗਿਆ ਹੈ। ਹਰ ਆਦਮੀ ਦਾ ਆਪਣਾ ਇਕ ਨਾਂ ਹੁੰਦਾ ਹੈ, ਉਸ ਦੀ ਪਹਿਚਾਨ। ਇਸੇ ਤਰ੍ਹਾਂ ਹਰ ਸਾਹਿਤਕ ਰਚਨਾ ਦਾ ਵੀ ਆਪਣਾ ਇਕ ਨਾਂ ਹੁੰਦਾ ਹੈ, ਉਸ ਦਾ ਸਿਰਲੇਖ। ਕਿਸੇ ਨਾਵਲ ਦਾ ਨਾਂ ਵੀ ਵਾਸਤਵ ਵਿਚ ਉਸਦਾ ਸਿਰਲੇਖ ਹੀ ਹੁੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਨਾਂ ਵਿਚ ਕੀ ਪਿਆ ਹੈ। ਜੇਕਰ ਰਾਮਚੰਦ ਦਾ ਨਾਂ ਲੇਖਰਾਜ ਹੋਵੇ ਤੇ ਕਰਮ ਸਿੰਘ ਦਾ ਨਾਂ ਸੁਰਜੀਤ ਸਿੰਘ ਤਾਂ ਕੀ ਫਰਕ ਪੈਣ ਲੱਗਾ ਹੈ, ਅਸਲ ਗੱਲ ਤਾਂ ਗੁਣਾਂ ਦੀ ਹੈ। ਕਿਸੇ ਭਿਖਾਰੀ ਦਾ ਨਾਂ ਕਰੋਡ਼ੀ ਮੱਲ ਅਤੇ ਸੇਠ ਦਾ ਨਾਂ ਫ਼ਕੀਰ ਚੰਦ ਹੋ ਸਕਦਾ ਹੈ।
ਕੀ ਸਾਹਿਤ ਵਿਚ ਵੀ ਅਜਿਹਾ ਹੋ ਸਕਦਾ ਹੈ? ਮੇਰਾ ਉੱਤਰ ਹੈ ਨਹੀਂ। ਕਾਰਨ ਸਪੱਸ਼ਟ ਹੈ। ਕਿਸੇ ਵਿਅਕਤੀ ਦਾ ਨਾਂ ਉਸ ਦੇ ਜਨਮ ਤੋਂ ਕੁਝ ਦਿਨ ਬਾਦ ਹੀ ਨਿਰਧਾਰਿਤ ਹੋ ਜਾਂਦਾ ਹੈ। ਉਦੋਂ ਉਸ ਦੇ ਗੁਣਾਂ ਤੇ ਭਵਿੱਖ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਹੁੰਦਾ। ਉਸ ਦਾ ਸਾਰਾ ਵਿਕਾਸ ਉਮਰ ਵਧਣ ਦੇ ਨਾਲ ਹੁੰਦਾ ਹੈ, ਯਾਨੀ ਉਸ ਦੇ ਨਾਮਕਰਨ ਤੋਂ ਬਾਦ। ਪਰੰਤੂ ਸਾਹਿਤਕ ਰਚਨਾ ਆਪਣੇ ਸਾਰੇ ਗੁਣਾਂ ਤੇ ਰੂਪ ਸਹਿਤ ਮੁਕੰਮਲ ਰੂਪ ਵਿਚ ਵਿਕਸਿਤ ਹੋਣ ਉਪਰੰਤ ਹੀ ਆਪਣਾ ਨਾਂ (ਸਿਰਲੇਖ) ਗ੍ਰਹਿਣ ਕਰਦੀ ਹੈ।
ਸਾਹਿਤ ਦੀਆਂ ਅਨੇਕਾਂ ਵਿਧਾਵਾਂ ਹਨ। ਜੇਕਰ ਕਥਾ ਸਾਹਿਤ ਦੀ ਗੱਲ ਕਰੀਏ ਤਾਂ ਨਾਵਲ, ਕਹਾਣੀ ਤੇ ਮਿੰਨੀ ਕਹਾਣੀ ਲਈ ਸਿਰਲੇਖ ਦਾ ਮਹੱਤਵ ਵੱਖ ਵੱਖ ਹੈ। ਨਾਵਲ ਦੇ ਨਾਮਕਰਨ ਸਮੇਂ ਬਹੁਤੀ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਨਾਵਲ ਦੇ ਸਿਰਲੇਖ ਦਾ ਰਚਨਾ ਉੱਤੇ ਅਸਰ ਲਗਭਗ ਨਾਂਹ ਦੇ ਬਰਾਬਰ ਹੀ ਹੁੰਦਾ ਹੈ। ਬਹੁਤਾ ਪ੍ਰਭਾਵ ਤਾਂ ਰਚਨਾ ਦਾ ਹੀ ਹੁੰਦਾ ਹੈ, ਪਰੰਤੂ ਫਿਰ ਵੀ ਸਿਰਲੇਖ ਰਚਨਾ ਦੇ ਮੂਲਭਾਵ ਦੇ ਉਲਟ ਨਹੀਂ ਹੋ ਸਕਦਾ। ਕਹਾਣੀ ਦਾ ਸਿਰਲੇਖ ਵੀ ਰਚਨਾ ਦੇ ਅਨੁਰੂਪ ਹੀ ਹੁੰਦਾ ਹੈਭਾਵੇਂ ਸਿਰਲੇਖ ਵਿਚ ਕੁਝ ਬਦਲਾਓ ਰਚਨਾ ਉੱਪਰ ਬਹੁਤਾ ਪ੍ਰਭਾਵ ਨਹੀਂ ਪਾਉਂਦਾ। ਪਰੰਤੂ ਆਕਾਰ ਪੱਖੋਂ ਨਿੱਕੀ ਹੋਣ ਕਾਰਣ ਮਿੰਨੀ ਕਹਾਣੀ ਦੀ ਸਥਿਤੀ ਭਿੰਨ ਹੈ। ਇਸ ਵਿਚ ਸਿਰਲੇਖ ਮਹੱਤਵਹੀਣ ਨਹੀਂ ਹੁੰਦਾ।
ਕਿਉਂਕਿ ਮਿੰਨੀ ਕਹਾਣੀ ਬਹੁਤ ਹੀ ਨਿੱਕੇ ਆਕਾਰ ਵਾਲੀ ਸਾਹਿਤਕ ਵਿਧਾ ਹੈ, ਇਸਲਈ ਇਸ ਵਿਚ ਸਿਰਲੇਖ ਦਾ ਮਹੱਤਵ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਮਿੰਨੀ ਕਹਾਣੀ ਬਹੁਤ ਹੀ ਚੁਸਤ ਅਤੇ ਪ੍ਰਤੀਕਾਤਮਕ ਭਾਸ਼ਾ ਵਿਚ ਲਿਖੀ ਜਾਣੀ ਚਾਹੀਦੀ ਹੈ ਤੇ ਇਸ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਨੂੰ ਹਟਾਇਆ ਜਾ ਸਕੇ। ਤਦ ਅਸੀਂ ਇਸ ਦੇ ਸਿਰਲੇਖ ਨੂੰ ਇਕ ਫਾਲਤੂ ਅੰਗ ਕਿਵੇਂ ਸਮਝ ਸਕਦੇ ਹਾਂ। ਹਿੰਦੀ ਲੇਖਕ ਅਤੇ ਆਲੋਚਕ ਡਾ. ਸਤੀਸ਼ ਦੁਬੇ ਅਨੁਸਾਰ ‘ਸਿਰਲੇਖ ਲਘੁਕਥਾ ਦੇ ਪ੍ਰਭਾਵ ਨੂੰ ਬਣਾਉਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਲਘੁਕਥਾ ਦਾ ਨੱਬੇ ਪ੍ਰਤੀਸ਼ਤ ਕਥਾਗਤ ਸੰਦੇਸ਼ ਸਿਰਲੇਖ ਵਿਚ ਲੁਕਿਆ ਹੁੰਦਾ ਹੈ।’ ਜਦੋਂ ਸਿਰਲੇਖ ਇੰਨਾ ਹੀ ਮਹੱਤਵਪੂਰਨ ਹੈ ਤਾਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ ਹੈ।
ਮਿੰਨੀ ਕਹਾਣੀ ਦਾ ਸਿਰਲੇਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਤੇ ਬਹੁਤ ਸੋਚ-ਵਿਚਾਰ ਕਰਨ ਦੀ ਲੋਡ਼ ਹੈ। ਇਸ ਲੇਖ ਦਾ ਮਕਸਦ ਕੇਵਲ ਇਸ ਵਿਸ਼ੇ ਵੱਲ ਲੇਖਕਾਂ ਤੇ ਆਲੋਚਕਾਂ ਦਾ ਧਿਆਨ ਆਕ੍ਰਸ਼ਿਤ ਕਰਨਾ ਹੀ ਹੈ। ਮਿੰਨੀ ਕਹਾਣੀ ਦੇ ਸਿਰਲੇਖ ਦੀ ਚੋਣ ਸਮੇਂ ਹੇਠ ਲਿਖੀਆਂ ਕੁਝ ਕੁ ਗੱਲਾਂ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

1.ਸਿਰਲੇਖ ਆਕ੍ਰਸ਼ਕ ਹੋਵੇ
ਪਡ਼੍ਹੇ-ਲਿਖੇ ਤੇ ਸੂਝਵਾਨ ਮਾਪੇ ਆਪਣੇ ਬੱਚੇ ਦਾ ਨਾਮਕਰਨ ਕਰਦੇ ਸਮੇਂ ਕਦੇ ਵੀ ਉਸ ਨੂੰ ਟੀਂਡਾ, ਤੋਤੀ, ਕੱਦੂ, ਕੀਟਾ, ਮਾਡ਼ੂ ਤੇ ਬਾਂਦਰ ਵਰਗਾ ਬੇਹੂਦਾ ਨਾਂ ਦੇਣ ਬਾਰੇ ਸੋਚਦੇ ਵੀ ਨਹੀਂ। ਉਹ ਬੱਚੇ ਦਾ ਕੋਈ ਮਨਮੋਹਕ ਜਿਹਾ ਨਾਂ ਰੱਖਣਾ ਚਾਹੁੰਦੇ ਹਨ ਤਾਕਿ ਉਹ ਹਰ ਸੁਣਨ ਵਾਲੇ ਨੂੰ ਪਿਆਰਾ ਲੱਗੇ ਤੇ ਉਹਨਾਂ ਦੇ ਬੱਚੇ ਪ੍ਰਤੀ ਦੂਜਿਆਂ ਦੇ ਮਨ ਵਿਚ ਚੰਗੇ ਵਿਚਾਰ ਬਣਨ। ਸਾਹਿਤਕ ਰਚਨਾ ਵਿਚ ਵੀ ਪਾਠਕ ਨੇ ਸਭ ਤੋਂ ਪਹਿਲਾਂ ਸਿਰਲੇਖ ਨੂੰ ਹੀ ਪਡ਼੍ਹਨਾ ਹੁੰਦਾ ਹੈ। ਇਸਲਈ ਸਿਰਲੇਖ ਵਿਚ ਪਾਠਕ ਨੂੰ ਆਪਣੇ ਵੱਲ ਖਿੱਚਣ ਅਤੇ ਪ੍ਰਭਾਵਿਤ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਦਿਲ ਖਿਚਵਾਂ ਸਿਰਲੇਖ ਹੀ ਪਾਠਕ ਨੂੰ ਰਚਨਾ ਪਡ਼੍ਹਨ ਲਈ ਮਜਬੂਰ ਕਰਦਾ ਹੈ। ‘ਚੁੱਪ ਦੇ ਬੋਲ’, ‘ਗੋਸ਼ਤ ਦੀ ਗੰਧ, ‘ਠੰਡੀ ਰਜਾਈ’, ‘ਕਾਲੀ ਧੁੱਪ’, ‘ਰਿਸ਼ਤਿਆਂ ਦੇ ਵਿਚਕਾਰ’, ‘ਬਿਨਾ ਸ਼ੀਸ਼ਿਆਂ ਵਾਲਾ ਚਸ਼ਮਾ’, ‘ਜਦੋਂ ਦ੍ਰੋਪਦੀ ਨੰਗੀ ਨਹੀਂ ਹੋਈ’, ‘ਰੋਟੀ ਦੀ ਤਾਕਤ’, ‘ਇਕੱਲਾ ਕਦੋਂ ਤਕ ਲਡ਼ੂਗਾ ਜਟਾਯੂ’ ਬਹੁਤ ਆਕ੍ਰਸ਼ਕ ਸਿਰਲੇਖ ਕਹੇ ਜਾ ਸਕਦੇ ਹਨ।

2.ਸਿਰਲੇਖ ਢੁਕਵਾਂ ਹੋਵੇ
ਸਿਰਲੇਖ ਰਚਨਾ ਵਿਚਲੀ ਭਾਵਨਾ ਅਤੇ ਉਸ ਦੇ ਅਰਥਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਜੇਕਰ ਸਿਰਲੇਖ ਕੱਥ ਦੇ ਅਨੁਰੂਪ ਨਾ ਹੋਵੇ ਤਾਂ ਰਚਨਾ ਦਾ ਪ੍ਰਭਾਵ ਪੇਤਲਾ ਪੈ ਜਾਂਦਾ ਹੈ। ਸਿਰਲੇਖ ਤੋਂ ਰਚਨਾ ਦੇ ‘ਕਥਾ-ਕਹਾਣੀ’ ਵਿਧਾ ਨਾਲ ਸਬੰਧਤ ਹੋਣ ਦਾ ਪਤਾ ਲੱਗਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਵਿਧਾ ਦਾ। ‘ਰੋਪਡ਼ ਤੋਂ ਰੂਪਨਗਰ’, ‘ਵਿਗਿਆਨ ਦੇ ਚਮਤਕਾਰ’, ‘ਪਰਿਵਾਰ ਨਿਯੋਜਨ’, ‘ਆਰਥਿਕ ਨਾਬਰਾਬਰੀ’, ‘ਦੇਸ਼ ਦੇ ਨਿਰਮਾਤਾ’, ਵਰਗੇ ਸਿਰਲੇਖਾਂ ਨੂੰ ਮਿੰਨੀ ਕਹਾਣੀ ਵਿਧਾ ਲਈ ਢੁਕਵਾਂ ਨਹੀਂ ਕਿਹਾ ਜਾ ਸਕਦਾ।

3.ਸਿਰਲੇਖ ਕੱਥ ਨੂੰ ਉਜਾਗਰ ਨਾ ਕਰਦਾ ਹੋਵੇ
ਕੇਵਲ ਉਹੀ ਰਚਨਾ ਪਾਠਕ ਨੂੰ ਬੰਨ੍ਹ ਕੇ ਰੱਖ ਸਕਦੀ ਹੈ ਤੇ ਆਨੰਦ ਪ੍ਰਦਾਨ ਕਰਦੀ ਹੈ ਜਿਹਡ਼ੀ ਉਸ ਅੰਦਰ ਅਗਾਂਹ ਪਡ਼੍ਹਨ ਤੇ ਜਾਨਣ ਲਈ ਉਤਸੁਕਤਾ ਬਣਾਈ ਰੱਖੇ। ਜੇਕਰ ਰਚਨਾ ਦਾ ਅੰਤ ਜਾਂ ਉਸ ਵਿਚਲਾ ਤੱਥ-ਕੱਥ ਸਿਰਲੇਖ ਤੋਂ ਹੀ ਉਜਾਗਰ ਹੋ ਜਾਵੇ ਤਾਂ ਰਚਨਾ ਵਿਚ ਪਾਠਕ ਦੀ ਦਿਲਚਸਪੀ ਨਹੀਂ ਰਹਿੰਦੀ ਤੇ ਉਹ ਉਸਨੂੰ ਪਡ਼੍ਹਨਾ ਪਸੰਦ ਨਹੀਂ ਕਰਦਾ। ਚੰਗਾ ਲੇਖਕ ਉਹੀ ਹੈ ਪਾਠਕ ਜਿਸਨੂੰ ਆਪਣੀ ਉਂਗਲ ਫਡ਼ਾ ਕੇ ਛੁਡ਼ਾਉਣ ਦੀ ਕੋਸ਼ਿਸ਼ ਨਾ ਕਰੇ। ਭਾਵ ਪਾਠਕ ਨਾ ਕੇਵਲ ਲੇਖਕ ਦੀ ਉਸ ਰਚਨਾ ਨੂੰ ਹੀ ਅੰਤ ਤਕ ਪਡ਼੍ਹੇ ਸਗੋਂ ਉਸ ਲੇਖਕ ਦੀ ਅਗਲੀ ਰਚਨਾ ਨੂੰ ਵੀ ਪਡ਼੍ਹਨਾ ਚਾਹੇ। ‘ਮਿਲਣ ਦਾ ਢੰਗ‘ ‘ਪਹੀਏ’, ਮੇਜ਼ ਦੇ ਹੇਠੋਂ’ ਆਦਿ ਸਿਰਲੇਖ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਵੱਲ ਸੰਕੇਤ ਕਰ ਦਿੰਦੇ ਹਨ। ‘ਰਖਵਾਲੇ’, ‘ਵਾਡ਼ ਖੇਤ ਨੂੰ ਖਾਂਦੀ ਹੈ’, ‘ਅਣਪਛਾਤਾ ਅੱਤਵਾਦੀ’, ‘ਪੁਲਿਸ ਮੁਕਾਬਲਾ’, ‘ਇਸ਼ਕ ਨਾ ਪੁੱਛੇ ਜਾਤ’, ‘ਕਹਿਣੀ ਕਰਨੀ’, ‘ਦੂਜੀ ਫਿਲਮ’ ਤੇ ‘ਬੱਚੇ ਪੈਦਾ ਕਰਨ ਵਾਲੀ ਮਸ਼ੀਨ’ ਆਦਿ ਸਿਰਲੇਖ ਕੱਥ ਨੂੰ ਪਹਿਲਾਂ ਹੀ ਉਜਾਗਰ ਕਰਕੇ ਰਚਨਾ ਪ੍ਰਤੀ ਪਾਠਕ ਦੀ ਜਗਿਆਸਾ ਨੂੰ ਮੁੱਢੋਂ ਹੀ ਖਤਮ ਕਰ ਦਿੰਦੇ ਹਨ।

4.ਸਿਰਲੇਖ ਅਸਪੱਸ਼ਟ ਨਾ ਹੋਵੇ
ਆਮ ਤੌਰ ਤੇ ਨਵੇਂ ਲੇਖਕ ਤੇ ਕੁਝ ਸੂਝਵਾਨ ਲੇਖਕ ਵੀ ਮਿੰਨੀ ਕਹਾਣੀ ਦਾ ਸਿਰਲੇਖ ਲਿਖਣ ਸਮੇਂ ਬਹੁਤ ਸੋਚ ਵਿਚਾਰ ਤੇ ਮਿਹਨਤ ਕਰਨਾ ਪਸੰਦ ਨਹੀਂ ਕਰਦੇ। ਉਹ ਅਕਸਰ ਰਚਨਾ ਵਿਚ ਵਾਰ ਵਾਰ ਵਰਤਿਆ ਗਿਆ ਸ਼ਬਦ ਸਿਰਲੇਖ ਵੱਜੋਂ ਵਰਤ ਲੈਂਦੇ ਹਨ। ਜਾਂ ਫਿਰ ਰਚਨਾ ਦੇ ਅੰਤਿਮ ਪੈਰੇ ਜਾਂ ਵਾਕ ਵਿਚ ਆਇਆ ਕੋਈ ਖਾਸ ਸ਼ਬਦ ਜਾਂ ਅੱਧਾ ਵਾਕ ਹੀ ਸਿਰਲੇਖ ਬਣ ਜਾਂਦਾ ਹੈ। ਅਜਿਹਾ ਸਿਰਲੇਖ ਅਕਸਰ ਬਹੁਤ ਹੀ ਅਜੀਬ ਅਤੇ ਅਸਪੱਸ਼ਟ ਬਣ ਕੇ ਰਹਿ ਜਾਂਦਾ ਹੈ। ‘ਸ਼ੀਸ਼ੇ ਵਿਚ’, ‘ਇੱਜ਼ਤ ਮੁਫਤ ਮਿਲੇਗੀ’, ‘ਤਸੱਲੀ ਬਖਸ਼’, ‘ਜੀਆਇਆਂ ਨੂੰ’, ‘ਜੱਖਣਾ ਪੱਟਤੀ’, ‘ਤੁਸੀਂ ਮੇਰੇ ਕੀ ਲਗਦੇ ਹੋ
?’, ‘ਫਿਰ ਤਾਂ ਸਗੋਂ’, ‘ਨਾਲ ਦਾ’, ‘ਜਾਹ ਤੂੰ ਚਲੀ ਜਾਹ’, ‘ਐਵੇਂ ਖਾਹਮਖਾਹ’, ‘ਕਹਿ ਦਿਆਂਗੇ’, ‘ਮੈਂ ਨਹੀਂ ਜਾਂਦੀ’, ‘ਤੂੰ ਗੁੱਸਾ ਤਾਂ ਨਹੀ ਕਰੇਂਗੀ’, ‘ਘਰ ਕਿਵੇਂ ਬਣਦਾ?’ ਵਰਗੇ ਅਸਪੱਸ਼ਟ ਸਿਰਲੇਖ ਅਰਥਹੀਣ ਬਣ ਕੇ ਰਹਿ ਜਾਂਦੇ ਹਨ ਤੇ ਪਾਠਕ ਪੱਲੇ ਕੁਝ ਵੀ ਨਹੀਂ ਪਾਉਂਦੇ। ਸਿਰਲੇਖ ਦੀ ਚੋਣ ਤੋਂ ਪਹਿਲਾਂ ਕਥਾਨਕ, ਉਹਦੇ ਕੇਂਦਰੀ ਭਾਵ ਅਤੇ ਉਸ ਵਿਚਲੇ ਸੰਚਾਰਿਤ ਹੋਏ ਸੰਦੇਸ਼ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਸਿਰਲੇਖ ਸਮੁਚੀ ਰਚਨਾ ਦੀ ਰਹਿਨੁਮਾਈ ਕਰਦਾ ਨਜ਼ਰ ਆਉਣਾ ਚਾਹੀਦਾ ਹੈ।
5.ਸਿਰਲੇਖ ਰਚਨਾ ਨੂੰ ਅਰਥ ਪ੍ਰਦਾਨ ਕਰਦਾ ਹੋਵੇ

ਮਿੰਨੀ ਕਹਾਣੀ ਦਾ ਸਿਰਲੇਖ ਅਰਥ ਭਰਪੂਰ ਹੋਣਾ ਚਾਹੀਦਾ ਹੈ। ਉਸ ਸਿਰਲੇਖ ਨੂੰ ਉੱਤਮ ਸਿਰਲੇਖ ਕਿਹਾ ਜਾ ਸਕਦਾ ਹੈ ਜੋ ਰਚਨਾ ਨੂੰ ਅਰਥ ਪ੍ਰਦਾਨ ਕਰਦਾ ਹੋਵੇ। ਰਚਨਾ ਪਡ਼੍ਹਨ ਤੋਂ ਬਾਦ ਪਾਠਕ ਉਸ ਦੇ ਸਿਰਲੇਖ ਵੱਲ ਫਿਰ ਤੋਂ ਨਿਗਾਹ ਮਾਰੇ। ਜੇਕਰ ਰਚਨਾ ਦਾ ਸਿਰਲੇਖ ਹਟਾ ਦਿੱਤਾ ਜਾਵੇ ਜਾਂ ਬਦਲ ਦਿੱਤਾ ਜਾਵੇ ਤਾਂ ਰਚਨਾ ਦੇ ਅਰਥ ਹੀ ਬਦਲ ਜਾਣ। ਅਜਿਹਾ ਸਿਰਲੇਖ ਹੀ ਸੱਚੇ ਅਰਥਾਂ ਵਿਚ ਮਿੰਨੀ ਕਹਾਣੀ ਦਾ ਅੰਗ ਬਣਦਾ ਹੈ। ਉਦਾਹਰਨ ਲਈ ਉਰਦੂ ਦੇ ਪ੍ਰਸਿੱਧ ਲੇਖਕ ਜੋਗਿੰਦਰ ਪਾਲ ਦੀ ਨਿੱਕੀ ਜਿਹੀ ਰਚਨਾ ‘ਚੋਰ’ ਨੂੰ ਲਿਆ ਜਾ ਸਕਦਾ ਹੈ। ਰਚਨਾ ਹੈ
ਮੈਂ ਅਚਾਨਕ ਉਸ ਅੰਗੂਰ ਵੇਚਣ ਵਾਲੇ ਬੱਚੇ ਦੇ ਸਿਰ ਉੱਪਰ ਜਾ ਖਡ਼ਾ ਹੋਇਆ, ‘ਕੀ ਭਾਅ ਐ?
ਬੱਚਾ ਤ੍ਰਬਕ ਗਿਆ ਅਤੇ ਉਹਦੇ ਮੂੰਹ ਵੱਲ ਵਧਦੇ ਉਹਦੇ ਹੱਥ ਵਿੱਚੋਂ ਅੰਗੂਰ ਦੇ ਦੋ ਦਾਣੇ ਡਿੱਗ ਪਏ।
ਨਹੀਂ ਸਾਬ੍ਹ…ਮੈਂ ਖਾ ਤਾਂ ਨਹੀਂ ਰਿਹਾ ਸੀ ਸਾਬ੍ਹ!

ਇਸ ਰਚਨਾ ਦੇ ਅਰਥ ਆਪਣੇ ਆਪ ਵਿਚ ਬਹੁਤ ਸਪੱਸ਼ਟ ਨਹੀਂ ਹਨ, ਪਰ ਜਦੋਂ ਲੇਖਕ ਨੇ ਇਸਦਾ ਸਿਰਲੇਖ ‘ਚੋਰ’ ਰੱਖਿਆ ਤਾਂ ਅਰਥ ਸਪੱਸ਼ਟ ਹੋ ਗਏ। ਸੋਚੋ, ਜੇਕਰ ਇਸ ਰਚਨਾ ਦਾ ਸਿਰਲੇਖ ‘ਬੱਚਾ’ ਜਾਂ ਫਿਰ ‘ਜੂਠੇ ਅੰਗੂਰ’ ਰੱਖ ਦਿੱਤਾ ਜਾਵੇ ਤਾਂ ਕੀ ਇਸ ਰਚਨਾ ਦੇ ਅਰਥ ਬਦਲ ਨਹੀਂ ਜਾਣਗੇ।
ਇਕ ਹੋਰ ਰਚਨਾ ਤੇ ਵਿਚਾਰ ਕਰੀਏ
ਪਿੰਡ ਦੇ ਬਜ਼ੁਰਗ ਸ਼ਾਹੂਕਾਰ ਦੀ ਜੋਬਨਮੱਤੀ ਸੁੰਦਰ ਪਤਨੀ ਬੇਲਾ ਤੇ ਗੰਗੂ ਝਿਊਰ ਦੇ ਨੌਜਵਾਨ ਪੁੱਤਰ ਸਰਜੂ ਨੂੰ ਪ੍ਰੇਮਰੋਗ ਨੇ ਜਕਡ਼ ਲਿਆ। ਇਸ ਰੋਗ ਨੇ ਉਹਨਾਂ ਦੇ ਨਾਲ ਨਾਲ ਪਿੰਡ ਦੀ ਸਿਹਤ ਨੂੰ ਵੀ ਪ੍ਰਭਾਵਿਤ ਕੀਤਾ। ਆਪਣਾ ਹਰ ਇਲਾਜ ਬੇਅਸਰ ਹੁੰਦਾ ਦੇਖ ਸ਼ਾਹੂਕਾਰ ਮਾਮਲਾ ਪੰਚਾਂ ਕੋਲ ਲੈ ਗਿਆ।
ਪੰਚਾਇਤ ਜੁਡ਼ੀ ਤੇ ਸਾਰੇ ਮਾਮਲੇ ਨੂੰ ਖੁੱਲ੍ਹ ਕੇ ਵਿਚਾਰਿਆ ਗਿਆ। ਪੰਚਾਇਤ ਨੇ ਇਸ ਕੇਸ ਵਿਚ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਗੰਗੂ ਤੇ ਉਸਦਾ ਪੁੱਤਰ ਸਰਜੂ, ਬੇਲਾ ਤੇ ਉਸਦਾ ਪਿਉ ਜੰਗੀ। ਗੰਗੂ ਦਾ ਦੋਸ਼ ਸੀ ਕਿ ਉਹ ਆਪਣੇ ਪੁੱਤਰ ਨੂੰ ਇਸ ਨਾਜਾਇਜ਼ ਕੰਮ ਤੋਂ ਰੋਕਣ ਵਿੱਚ ਅਸਫਲ ਰਿਹਾ। ਬੇਲਾ ਦੇ ਪਿਤਾ ਜੰਗੀ ਨੂੰ ਇਸ ਲਈ ਕਸੂਰਵਾਰ ਠਹਿਰਾਇਆ ਗਿਆ ਕਿ ਉਸਨੇ ਆਪਣੀ ਬਦਚਲਣ ਧੀ ਦਾ ਰਿਸ਼ਤਾ ਪਿੰਡ ਦੇ ਸ਼ਰੀਫ ਤੇ ਸਨਮਾਨਤ ਵਿਅਕਤੀ ਨਾਲ ਕਰਕੇ ਉਸਦੀ ਬਦਨਾਮੀ ਕਰਵਾਈ। ਬੇਲਾ ਤੇ ਸਰਜੂ ਤਾਂ ਨਾਜਾਇਜ਼ ਸਬੰਧਾਂ ਦੇ ਦੋਸ਼ੀ ਸਨ ਹੀ।
ਗੰਗੂ ਤੇ ਜੰਗੀ ਤਾਂ ਸਰਪੰਚ ਅਤੇ ਸ਼ਾਹੂਕਾਰ ਦੇ ਪੈਰੀਂ ਪੈ ਗਏ ਤੇ ਆਪਣੇ ਹੰਝੂਆਂ ਨਾਲ ਉਹਨਾਂ ਦੇ ਪੈਰ ਧੋ ਦਿੱਤੇ। ਉਹਨਾਂ ਦੀ ਰਹਿਮ ਦੀ ਅਪੀਲ ਮਨਜ਼ੂਰ ਕਰਦਿਆਂ ਸਰਪੰਚ ਨੇ ਉਹਨਾਂ ਨੂੰ ਕੇਵਲ ਜ਼ੁਰਮਾਨਾ ਕੀਤਾ। ਜ਼ੁਰਮਾਨਾ ਅਦਾ ਕਰਨ ਲਈ ਉਹਨਾਂ ਨੇ ਸਰਪੰਚ ਦੀ ਵਗਾਰ ਕਰਨੀ ਸਵੀਕਾਰ ਕਰ ਲਈ। ਬੇਲਾ ਤੇ ਸਰਜੂ ਅਡ਼ੇ ਰਹੇ। ਪਿੰਡ ਦੇ ਸਾਰੇ ਧਰਮੀ ਲੋਕਾਂ ਦਾ ਵਿਚਾਰ ਸੀ ਕਿ ਕਿ ਜੇਕਰ ਨਾਜਾਇਜ਼ ਸਬੰਧਾ ਦੇ ਅਪਰਾਧੀ ਪਿੰਡ ਵਿਚ ਰਹੇ ਤਾਂ ਪਿੰਡ ਉੱਤੇ ਕੋਈ ਵੀ ਕਹਿਰ ਵਾਪਰ ਸਕਦਾ ਹੈ। ਇਸ ਲਈ ਉਹਨਾਂ ਦੋਹਾਂ ਨੂੰ ਮਾਰ ਕੁੱਟ ਕੇ ਪਿੰਡੋਂ ਬਾਹਰ ਕੱਢ ਦਿੱਤਾ ਗਿਆ।
ਅਪਮਾਨਤ ਪ੍ਰੇਮੀ ਜੋਡ਼ਾ ਦੂਰ ਕਿਸੇ ਹੋਰ ਪ੍ਰਦੇਸ ਵਿਚ ਚਲਾ ਗਿਆ।
ਕੁਝ ਦਿਨਾਂ ਬਾਦ ਹੀ ਪਿੰਡ ਵਿੱਚ ਜਬਰਦਸਤ ਭੂਚਾਲ ਆਇਆ ਤੇ ਸਾਰਾ ਪਿੰਡ ਤਬਾਹ ਹੋ ਗਿਆ। ਇਕ ਵੀ ਆਦਮੀ ਜਿਉਂਦਾ ਨਹੀਂ ਬਚਿਆ।
ਇਸ ਰਚਨਾ ਲਈ ਮੈਂ ਦੋ ਸਿਰਲੇਖ ਸੁਝਾਉਂਦਾ ਹਾਂ ਇੱਕ ‘ਕਲਯੁਗ ਦੀ ਕਹਾਣੀ’ ਤੇ ਦੂਜਾ ‘ਸਤਿਯੁਗ ਦੀ ਕਹਾਣੀ’ । ਵਿਚਾਰ ਕਰੋ ਕਿ ਕੀ ਦੋਹਾਂ ਸਿਰਲੇਖਾਂ ਨਾਲ ਰਚਨਾ ਦੇ ਇਕ ਹੀ ਅਰਥ ਰਹਿ ਸਕਦੇ ਹਨ।
ਇਹ ਸ਼ੁਰੂਆਤ ਹੈ। ਭਵਿੱਖ ਵਿਚ ਇਸ ਵਿਸ਼ੇ ਤੇ ਹੋਰ ਵਿਚਾਰ-ਚਰਚਾ ਦੀ ਲੋਡ਼ ਹੈ।
-0-

September 26, 2009

ਮਿੰਨੀ ਕਹਾਣੀ ਨੂੰ ਸਹੀ ਪਰਿਪੇਖ ਵਿਚ ਸਮਝਣ ਦੀ ਲੋੜ





ਡਾ. ਸ਼ਿਆਮ ਸੁੰਦਰ ਦੀਪਤੀ

ਮਿੰਨੀ ਕਹਾਣੀ ਵਿਧਾ ਬਾਰੇ ਪਿਛਲੇ ਚਾਰ ਦਹਾਕਿਆਂ ਤੋਂ ਗੱਲ ਤਾਂ ਚੱਲ ਰਹੀ ਹੈ, ਪਰ ਤਕਰੀਬਨ ਇਕ ਦਹਾਕੇ ਤੋਂ ਇਸ ਗੱਲਬਾਤ ਨੇ ਕੁਝ ਗਤੀ ਫੜੀ ਹੈ। ਲੇਖਣ ਪਰਕ੍ਰਿਆ ਵਿਚ ਸੁਧਾਰ ਆਇਆ ਹੈ ਅਤੇ ਕੁਝ ਆਲੋਚਨਾਤਮਕ ਕਾਰਜ ਵੀ ਹੋਇਆ ਹੈ।
ਮਿੰਨੀ ਕਹਾਣੀ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵਿੱਚੋਂ, ਇਕ ਵੱਡੀ ਚੁਣੌਤੀ ਇਸ ਦਾ ਰੂਪਕ ਪੱਖ ਹੈ। ਮਿੰਨੀ ਕਹਾਣੀ ਵਿਚ ਜਦੋਂ ਵੀ ਆਲੋਚਨਾਤਮਕ ਵਿਸ਼ਲੇਸ਼ਨ ਹੁੰਦਾ ਹੈ, ਉਹ ਵਿਸ਼ਿਆਂ ਨੂੰ ਲੈ ਕੇ ਜ਼ਿਆਦਾ ਹੁੰਦਾ ਹੈ। ਵਿਸ਼ੇ ਦੀ ਆਲੋਚਨਾ ਤੋਂ ਭਾਵ ਹੁੰਦਾ ਹੈ ਕਿ ਜੋ ਵੀ ਸਮਾਜਿਕ ਪਹਿਲੂ ਉਭਾਰਿਆ ਗਿਆ ਹੈ, ਉਹ ਪੂਰੀ ਸਪਸ਼ਟਤਾ ਨਾਲ ਪੇਸ਼ ਹੋਇਆ ਹੈ ਜਾਂ ਕਹੀਏ ਲੇਖਕ ਜੋ ਕਹਿਣਾ ਚਾਹੁੰਦਾ ਹੈ, ਉਹਨਾਂ ਅਰਥਾਂ ਅਤੇ ਭਾਵਾਂ ਵਿਚ ਕੀ ਉਹ ਪਾਠਕਾਂ ਤਕ ਪਹੁੰਚ ਗਿਆ ਹੈ। ਵਿਚਾਰਾਂ ਦੇ ਪ੍ਰਗਟਾਵੇ ਵਿਚ ਅਸਪਸ਼ਟਤਾ ਜਾਂ ਵਿਰੋਧੀ ਪ੍ਰਭਾਵ ਤਾਂ ਨਹੀਂ। ਪਰ ਜਦੋਂ ਅਸੀਂ ਵਿਧਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਮਹੱਤਵਪੂਰਨ ਹੈ–ਰੂਪ। ਵਿਚਾਰਾਂ ਨੂੰ ਪੇਸ਼ ਕਰਨ ਅਤੇ ਲੋਕਾਂ ਤਕ ਪਹੁੰਚਾਉਣ ਦੇ ਤਾਂ ਕਈ ਮਾਧਿਅਮ ਹਨ, ਜਿਵੇਂ ਕਵਿਤਾ, ਲੇਖ, ਕਹਾਣੀ, ਨਾਟਕ, ਸੰਸਮਰਣ ਆਦਿ। ਜਦੋਂ ਕੋਈ ਵਿਧਾ-ਵਿਸ਼ੇਸ਼ ਨਾਲ ਜੁੜਦਾ ਹੈ ਤਾਂ ਉਸ ਦਾ ਮੰਤਵ ਹੁੰਦਾ ਹੈ ਕਿ ਵਿਧਾ ਦੇ ਨਵੇਕਲੇ ਗੁਣਾਂ ਨੂੰ ਪਛਾਣਿਆ, ਉਭਾਰਿਆ ਅਤੇ ਪ੍ਰਚਾਰਿਆ ਜਾਵੇ। ਮਿੰਨੀ ਕਹਾਣੀ ਵਿਧਾ ਲਈ ਇਹ ਇਸ ਲਈ ਮਹੱਤਵਪੂਰਨ ਹੈ ਕਿ ਇਹ ਇਕ ਪਾਸੇ, ਕਹਾਣੀ ਅੰਸ਼ ਹੋਣ ਦੇ ਕਾਰਨ ਨਿੱਕੀ ਕਹਾਣੀ ਨਾਲ ਰਲਦੀ ਹੈ ਤੇ ਦੂਸਰੇ ਪਾਸੇ ਆਕਾਰ ਦੇ ਪੱਖ ਤੋਂ ਮਿੰਨੀ ਰਚਨਾਵਾਂ ਨਾਲ ਜੁੜਨ ਦੇ ਭੁਲੇਖੇ ਦਾ ਸ਼ਿਕਾਰ ਹੁੰਦੀ ਹੈ, ਜਿਵੇਂ ਵਿਚਾਰਕ ਟੋਟਕੇ ਤੇ ਲੇਖ, ਨੈਤਿਕ ਕਥਾਵਾਂ, ਲੋਕ ਕਥਾਵਾਂ, ਮਿਥਿਹਾਸਕ ਕਥਾਵਾਂ, ਜਨਮ ਸਾਖੀਆਂ ਅਤੇ ਇੱਥੋਂ ਤਕ ਕਿ ਚੁਟਕਲੇ ਵੀ।
ਪਿਛਲੇ ਦੋ ਕੁ ਸਾਲਾਂ ਦੌਰਾਨ ਮੁੰਸ਼ੀ ਪ੍ਰੇਮਚੰਦ, ਸਆਦਤ ਹਸਨ ਮੰਟੋ, ਖਲੀਲ ਜਿਬ੍ਰਾਨ ਦੀਆਂ ਮਿੰਨੀ ਰਚਨਾਵਾਂ ਨੂੰ ਲੈ ਕੇ ਪੁਸਤਕ ਸੰਪਾਦਿਤ ਕਰਨ ਦਾ ਮੰਤਵ ਵੀ ਇਹੋ ਸੀ ਕਿ ਉਹਨਾਂ ਨੇ ਜੋ ਮਿੰਨੀ ਰਚਨਾਵਾਂ ਲਿਖੀਆਂ ਹਨ ( ਜੋ ਕਿ ਮਿੰਨੀ ਕਹਾਣੀ ਦੇ ਰੂਪਕ ਪੱਖ ਦੇ ਨੇੜੇ ਹਨ), ਉਹਨਾਂ ਵਿੱਚੋਂ ਚੰਗੇ ਗੁਣਾਂ ਦੀ ਪਛਾਣ ਕੀਤੀ ਜਾਵੇ। ਵੱਡੀਆਂ ਕਹਾਣੀਆਂ ਤੇ ਨਾਵਲ ਲਿਖਣ ਵਾਲੇ ਇਹਨਾਂ ਲੇਖਕਾਂ ਵੱਲੋਂ ਛੋਟੇ ਆਕਾਰ ਦੀ ਰਚਨਾ ਲਿਖਣਾ, ਇਕ ਗੱਲ ਤਾਂ ਸਪੱਸ਼ਟ ਕਰਦਾ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਘਟਨਾ, ਕੋਈ ਪਲ ਜਾਂ ਗੱਲ ਅਜਿਹੀ ਹੈ ਜਿਸ ਨੂੰ ਕਿਹਾ ਜਾਣਾ ਵੀ ਜ਼ਰੂਰੀ ਹੈ ਤੇ ਨਾਲ ਹੀ ਇਹ ਵੀ ਜ਼ਰੂਰੀ ਨਹੀਂ ਕਿ ਸੱਤ-ਅੱਠ ਸਫ਼ੇ ਲਿਖੇ ਜਾਣ। ਜੇ ਉਹ ਮਹੱਤਵਪੂਰਨ ਗੱਲ ਇਕ ਅੱਧੇ ਸਫ਼ੇ ਵਿਚ ਹੀ ਸੰਪੂਰਨ ਵਜੂਦ ਵਿਚ ਆ ਜਾਂਦੀ ਹੈ ਤਾਂ ਬਹੁਤਾ ਖਿਲਾਰਾ ਨਾ ਪਾਇਆ ਜਾਵੇ। ਇਹ ਗੱਲ ਦਰੁਸਤ ਹੈ ਕਿ ਇਹਨਾਂ ਲੇਖਕਾਂ ਨੇ ਮਿੰਨੀ ਕਹਾਣੀ/ਲਘੂਕਥਾ ਸਿਰਲੇਖ ਹੇਠ ਰਚਨਾਵਾਂ ਨਹੀਂ ਲਿਖੀਆਂ, ਤੇ ਬਾਦ ਵਿਚ ਆਕਾਰ ਨੂੰ ਮੁੱਖ ਰਖਦਿਆਂ ਇਹਨਾਂ ਰਚਨਾਵਾਂ ਨੂੰ ਇਹ ਸਿਰਲੇਖ ਮਿਲ ਗਿਆ। ਪਰ ਇਕ ਵਿਧਾ ਦੇ ਤੌਰ ’ਤ ਅਪਨਾਉਣ ਤੋਂ ਬਾਦ, ਇਸ ਵਿਧਾ ਦੇ ਲੇਖਕਾਂ ਨੇ ਹੋਰ ਗੁਣ ਤਲਾਸ਼ੇ ਅਤੇ ਉਸ ਦੇ ਆਧਾਰ ’ਤੇ ਰਚਨਾ ਪਰਕ੍ਰਿਆ ਨੂੰ ਨਿਖਾਰਿਆ।
ਵਡੇ ਆਕਾਰ ਦੀਆਂ ਰਚਨਾਵਾਂ ਲਿਖਣ ਵਾਲੇ ਲੇਖਕਾਂ ਨੇ ਜਦੋਂ ਛੋਟੇ ਆਕਾਰ ਦੀਆਂ ਰਚਨਾਵਾਂ ਲਿਖੀਆਂ, ਭਾਵੇਂ ਵਿਧਾ-ਵਿਸ਼ੇਸ਼ ਦੇ ਬੰਧਨ ਤਹਿਤ ਨਹੀਂ, ਪਰ ਇਸ ਨਾਲ ਇਕ ਗੱਲ ਉਭਰਦੀ ਹੈ ਕਿ ਮਿੰਨੀ ਕਹਾਣੀ/ਲਘੂਕਥਾ ਲਈ ਘਟਨਾ ਦੀ ਚੋਣ ਹੀ ਮੁੱਖ ਵਿਸ਼ੇਸ਼ਤਾ ਹੈ ਜੋ ਮਿੰਨੀ ਕਹਾਣੀ ਬਣਦੀ-ਬੁਣਦੀ ਹੈ। ਇਸ ਨੂੰ ਆਪਾਂ ਪਲਾਟ ਅਤੇ ਕਥਾਨਕ ਵੀ ਕਹਿੰਦੇ ਹਾਂ। ਘਟਨਾ ਦੀ ਸਹੀ ਚੋਣ ਹੀ ਰਚਨਾ ਦੇ ਆਕਾਰ ਨੂੰ ਖੁਦ ਬੰਧੇਜ ਵਿਚ ਲਿਆ ਦਿੰਦੀ ਹੈ। ਫਿਰ ਸਾਨੂੰ ਸ਼ਬਦ ਸੀਮਾ ਜਾਂ ਰਚਨਾ ਦੀ ਲੰਬਾਈ ਵਰਗੇ ਮਸ਼ੀਨੀ ਪੈਮਾਨੇ ਤੇ ਨਿਰਭਰ ਨਹੀਂ ਰਹਿਣਾ ਪੈਂਦਾ।
ਘਟਨਾ ਦੀ ਚੋਣ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਇਕ ਪਲ ਦੀ ਘਟਨਾ ਨੂੰ ਲੈ ਕੇ ਮਿੰਨੀ ਕਹਾਣੀ ਲਿਖਣ ਬਾਰੇ ਅਕਸਰ ਜ਼ਿਕਰ ਹੁੰਦਾ ਹੈ। ਇਸ ਦੇ ਨਾਲ ਹੀ ਮਿੰਨੀ ਕਹਾਣੀ ਦੀ ਤਾਕਤ ਦਾ ਜ਼ਿਕਰ ਕਰਦੇ ਹੋਏ, ਇਸ ਵਿਚ ਜ਼ਿਆਦਾ ਘਟਨਾਵਾਂ ਨਾ ਸਹਿ ਸਕਣ ਦੀ ਗੱਲ ਵੀ ਆਉਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਮਿੰਨੀ ਕਹਾਣੀ ਵਿਚ ਇੱਕੋ ਘਟਨਾ ਹੋਵੇ ਜਾਂ ਇਸ ਨੂੰ ਸਮੇਂ ਦੇ ਪਰਿਪੇਖ ਵਿਚ ਫੈਲਾ ਕੇ ਦੱਸਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਇਕ ਦੋ ਦਿਨ ਤਕ ਫੈਲੀ ਹੋਵੇ, ਨਾ ਕਿ ਸਾਲਾਂ ਵਿਚ। ਸਮੇਂ ਦੇ ਇਸ ਫੈਲਾ ਨੂੰ ਵੀ ਮੈਂ ਸਮਝਦਾ ਹਾਂ ਕਿ ਕਥਾਨਕ ਦੀ ਚੋਣ ਵਾਂਗ ਹੱਲ ਕਰਨ ਦੀ ਲੋੜ ਹੈ। ਜਿਵੇਂ ਇਹ ਸਪਸ਼ਟ ਹੋਇਆ ਹੈ ਕਿ ਜੇਕਰ ਘਟਨਾ ਦੀ ਚੋਣ (ਕਥਾਨਕ) ਸਹੀ ਹੋਵੇਗੀ ਤਾਂ ਉਸ ਦਾ ਆਕਾਰ ਮਿੰਨੀ ਹੀ ਰਹੇਗਾ, ਉਸੇ ਤਰ੍ਹਾਂ ਜੇਕਰ ਅਸੀਂ ਇਕ ਜਾਂ ਦੋ ਘਟਨਾਵਾਂ ਜਾਂ ਇਕ ਜਾਂ ਦੋ ਦਿਨ ਵਿਚ ਫੈਲੀਆਂ ਘਟਨਾਵਾਂ ਦੀ ਥਾਂ ਇਕਹਰੀ ਘਟਨਾ ਦੀ ਗੱਲ ਕਰੀਏ ਤਾਂ ਸਥਿਤੀ ਸਪਸ਼ਟ ਹੋ ਸਕਦੀ ਹੈ। ਇਕਹਰੀ ਘਟਨਾ ਤੋਂ ਭਾਵ ਹੈ ਘਟਨਾਵਾਂ ਭਾਵੇਂ ਦੋ ਜਾਂ ਚਾਰ ਹੋਣ, ਘਟਨਾਵਾਂ ਦਾ ਅੰਤਰਾਲ ਭਾਵੇਂ ਜੋ ਮਰਜੀ ਹੋਵੇ, ਪਰ ਉਹ ਘਟਨਾਵਾਂ ਮੁੱਖ ਬਿਰਤਾਂਤਕ ਘਟਨਾ ਦਾ ਅਨਿੱਖੜਵਾਂ ਹਿੱਸਾ ਜਾਪਣ। ਇਸ ਤਰ੍ਹਾਂ ਨਾ ਲੱਗੇ ਕਿ ਘਟਨਾਵਾਂ ਨੂੰ ਸਾਰ-ਰੂਪ ਵਿਚ ਘੜਮਸ ਕੀਤਾ ਗਿਆ ਹੈ ਜਾਂ ਉਹਨਾਂ ਵਿਚ ਕੋਈ ਖੱਪਾ ਹੈ। ਕਹਿਣ ਤੋਂ ਭਾਵ ਹੈ ਕਿ ਘਟਨਾਵਾਂ ਵਿਚ ਗਤੀਰੋਧ ਨਾ ਹੋਵੇ, ਇਕ ਸਹਿਜ ਲਗਾਤਾਰਤਾ ਹੋਵੇ।
ਰੂਪਕ ਪੱਖ ਤੋਂ ਇਕ ਹੋਰ ਅਹਿਮ ਭੰਬਲਭੂਸਾ ਜੋ ਇਸ ਸਮੇਂ ਦੌਰਾਨ ਕਾਫੀ ਘੱਟ ਤਾਂ ਹੋਇਆ ਹੈ, ਪਰ ਫਿਰ ਵੀ ਸਥਿਤੀ ਇਸ ਪਹਿਲੂ ਤੋਂ ਹੋਰ ਸਪੱਸ਼ਟਤਾ ਦੀ ਮੰਗ ਕਰਦੀ ਹੈ।
ਮਿੰਨੀ ਕਹਾਣੀ ਜਦੋਂ ਸਾਹਿਤ ਦੀ ਵਿਧਾ ਵੱਜੋਂ ਪ੍ਰਵਾਨ ਹੋਈ ਵੰਨਗੀ ਹੈ ਤਾਂ ਇਸ ਬਾਰੇ ਸਾਹਿਤਕ ਦੋਸਤਾਂ ਨੂੰ ਜ਼ਰੂਰ ਗਿਆਨ ਹੋਵੇ ਕਿ ਸਾਹਿਤ ਦੀ ਮੰਗ ਕੀ ਹੁੰਦੀ ਹੈ। ਜਾਂ ਹੋਰ ਸਪੱਸ਼ਟ ਸ਼ਬਦਾਂ ਨਾਲ ਕਹੀਏ ਕਿ ਮਿੰਨੀ ਕਹਾਣੀ ਇਕ ਸਾਹਿਤਕ ਵਿਧਾ ਵੱਜੋਂ ਹੋਰ ਮਿੰਨੀ ਰਚਨਾਵਾਂ ਦੀਆਂ ਵੰਨਗੀਆਂ, ਜਿਵੇਂ ਵਿਚਾਰਕ ਟੋਟਕੇ, ਨੀਤੀ ਕਥਾਵਾਂ, ਮਿਥਿਹਾਸਕ ਕਥਾਵਾਂ ਤੋਂ ਕਿਵੇਂ ਵੱਖਰੀ ਹੈ? ਪਾਠਕਾਂ ਨੂੰ ਤਾਂ ਵਿਚਾਰਾਂ ਦੇ ਪ੍ਰਵਾਹ ਨਾਲ ਵਾਸਤਾ ਹੁੰਦਾ ਹੈ, ਪਰ ਇਕ ਸਾਹਿਤਕ ਵਿਧਾ ਨਾਲ ਜੁੜੇ ਹੋਏ ਲੇਖਕ ਨੂੰ ਇਹਨਾਂ ਪ੍ਰਤੀ ਜ਼ਰੂਰ ਸੁਚੇਤ ਹੋਣਾ ਚਾਹੀਦਾ ਹੈ।
ਜਦੋਂ ਇਕ ਪਾਠਕ ਜਾਂ ਸਰੋਤਾ ਇਕ ਰਚਨਾ ਪੜ੍ਹ-ਮਾਣ ਕੇ ਇਹ ਕਹਿੰਦਾ ਹੈ ਕਿ ਅਜਿਹੇ ਚੁਟਕਲੇ ਤਾਂ ਮੈਂ ਵੀ ਸੁਣਾ ਸਕਦਾ ਹਾਂ, ਤਾਂ ਇਕ ਪਾਸੇ ਉਹ ਆਪਣੀ ਸਮਰਥਾ ਦਾ ਇਜ਼ਹਾਰ ਕਰ ਰਿਹਾ ਹੁੰਦਾ ਹੈ ਤੇ ਦੂਸਰਾ ਮਿੰਨੀ ਕਹਾਣੀ ਵਿਧਾ ਪ੍ਰਤੀ ਲੇਖਕ ਦੀ ਸਮਝ ਤੇ ਵੀ ਕਿੰਤੂ ਕਰ ਰਿਹਾ ਹੁੰਦਾ ਹੈ।
ਸਾਹਿਤਕ ਵਿਧਾ ਹੋਣ ਦੇ ਨਾਤੇ, ਰਚਨਾ ਵਿਚ ਸਮਾਜ ਦੇ ਹੂਬਹੂ ਪਾਤਰ, ਉਹਨਾਂ ਦੇ ਉਹੀ ਨਾਂ, ਕੱਦ ਕਾਠ, ਕਪੜੇ, ਘਰ-ਬਾਰ, ਕੰਮ ਦੀ ਥਾਂ ਆਦਿ ਦਾ ਜ਼ਿਕਰ ਹੋਵੇ। ਮਕਸਦ ਹੈ, ਪਾਠਕਾਂ ਨੂੰ ਜਾਪੇ ਕਿ ਉਸ ਦਾ ਹੀ ਆਲਾ-ਦੁਆਲਾ ਉਸਾਰਿਆ ਗਿਆ ਹੈ। ਉਹ ਜਾਂ ਉਸ ਵਰਗੇ ਪਾਤਰ ਉਸ ਦੀ ਹੀ ਬੋਲੀ ਬੋਲ ਰਹੇ ਹਨ। ਜਦੋਂ ਪੰਚਤੰਤਰ ਜਾਂ ਹਿਤੋਪਦੇਸ਼ ਦੀਆਂ ਰਚਨਾਵਾਂ ਵਿਚ ਜਾਨਵਰ ਪਾਤਰਾਂ ਰਾਹੀਂ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਅਚੇਤ ਵਿਚ ਇਹ ਮਨੁੱਖੀ ਸੁਨੇਹੇ ਵਿਚ ਤਬਦੀਲ ਹੋਣ ਤੋਂ ਗੁਰੇਜ਼ ਕਰਦੇ ਹਨ। ਇਸੇ ਤਰ੍ਹਾਂ ਮਹਾਂਭਾਰਤ ਅਤੇ ਰਮਾਇਣ ਜਾਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਰਾਹੀਂ ਗੱਲ ਹੁੰਦੀ ਹੈ ਤਾਂ ਇਹ ਗੁਰੂਆਂ, ਪੀਰਾਂ, ਦੇਵਤਿਆਂ ਰਾਹੀਂ ਗੱਲ ਹੁੰਦੀ ਹੈ। ਆਮ ਵਿਅਕਤੀ ਇਹਨਾਂ ਕਥਾਵਾਂ ਨੂੰ ਸੁਣ ਕੇ ਅਸ਼-ਅਸ਼ ਜ਼ਰੂਰ ਕਰਦਾ ਹੈ, ਪਰ ਉਹਨਾਂ ਤੋਂ ਸੁਨੇਹਾ ਲੈਣ ਵਿਚ ਅੜਚਣ ਮਹਿਸੂਸ ਕਰਦਾ ਹੈ। ਇਹਨਾਂ ਕਥਾਵਾਂ ਦੇ ਪਾਤਰ ਉਸ ਨੂੰ ਰੱਬੀ, ਦੈਵੀ, ਅਦੁੱਤੀ ਲਗਦੇ ਹਨ ਤੇ ਉਹ ਆਪਣੇ ਆਪ ਨੂੰ ਨੀਵਾਂ, ਨਿਮਾਣਾ ਕਹਿ ਕੇ ਪਾਸੇ ਹੋ ਜਾਂਦਾ ਹੈ। ਆਮ ਸੁਣਿਆ ਜਾਂਦਾ ਹੈ– ਅਜਿਹੇ ਮਹਾਨ ਕਾਰਜ ਤਾਂ ਕੋਈ ਵਿਰਲਾ-ਟਾਵਾਂ ਹੀ ਕਰ ਸਕਦਾ ਹੈ, ਕਿਉਂ ਜੋ ਇਹਨਾਂ ਰਚਨਾਵਾਂ ਦੇ ਪਾਤਰ, ਆਮ ਪਾਠਕ ਨੂੰ ਸਮਾਜ ਵਿਚ ਵਿਚਰਦੇ ਨਹੀਂ ਜਾਪਦੇ ਤੇ ਉਹਨਾਂ ਦੇ ਕਾਰਜ ਵੀ ਉਸਨੂੰ ਅਲੌਕਿਕ ਜਾਪਦੇ ਹਨ।
ਸਮਾਜਿਕ ਸਰੋਕਾਰਾਂ ਤਹਿਤ ਸਮਾਜਿਕ ਰਚਨਾ ਵੀ ਸੁਨੇਹੇ ਤੋਂ ਵਾਂਝੀ ਨਹੀਂ ਹੁੰਦੀ, ਪਰ ਇਹ ਸੁਨੇਹਾ ਉਭਰਵਾਂ ਤੇ ਖੁੱਲ੍ਹਾ-ਡੁੱਲਾ ਨਹੀਂ ਹੁੰਦਾ। ਇਹ ਪਾਤਰਾਂ ਦੀ ਕਾਰਜ ਪਰਕ੍ਰਿਆ ਵਿੱਚੋਂ ਉਜਾਗਰ ਹੁੰਦਾ ਹੈ। ਸੁਨੇਹਾ ਰਚਨਾ ਵਿਚ ਲਿਸ਼ਕਾਰਾ ਮਾਰਦਾ ਹੈ। ਵੈਸੇ ਤਾਂ ਕੁਝ ਕੁ ਸਾਹਿਤਕ ਧਾਰਨਾਵਾਂ ਸਾਰੀਆਂ ਸਾਹਿਤਕ ਵੰਨਗੀਆਂ ਦੀਆਂ ਸਾਂਝੀਆਂ ਹੁੰਦੀਆਂ ਹਨ, ਜਿਵੇਂ–ਰਚਨਾ ਜਿੱਥੇ ਕਾਗਜ਼ ਉੱਤੇ ਮੁਕਦੀ ਹੈ, ਉਸ ਤੋਂ ਅੱਗੇ ਉਹ ਪਾਠਕ ਦੇ ਮਨ-ਮਸਤਕ ਵਿਚ ਤੁਰਨੀ ਚਾਹੀਦੀ ਹੈ। ਮਿੰਨੀ ਕਹਾਣੀ ਵਿਧਾ ਵਿਚ ਤਾਂ ਉਹੀ ਰਚਨਾ ਮਿਆਰੀ ਮੰਨੀ ਜਾਂਦੀ ਹੈ, ਜੋ ਰਚਨਾ ਅੰਤ ਉੱਤੇ ਕੁਝ ਅਣਕਿਹਾ ਛੱਡ ਦੇਵੇ ਤੇ ਪਾਠਕ ਉਸ ਅਣਕਹੇ ਨੂੰ ਤਲਾਸ਼ਦਾ ਰਹੇ।
ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਹਿ ਕੇ, ਜੋ ਸਮਾਜ ਵਿਚ ਵਾਪਰ ਰਿਹਾ ਹੈ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬਹੁਤੀਆਂ ਰਚਨਾਵਾਂ ਵਿਚ ਸਮੱਸਿਆਵਾਂ ਨੂੰ ਹੀ ਪੇਸ਼ ਕੀਤਾ ਜਾਂਦਾ ਹੈ। ਮਿੰਨੀ ਕਹਾਣੀ ਵਿਚ ਇਹ ਸਥਿਤੀ ਕੁਝ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਵੈਸੇ ਤਾਂ ਸਾਡੇ ਅਖਬਾਰ ਵੀ ਅਜਿਹਾ ਕਰ ਰਹੇ ਹਨ, ਪਰ ਸਾਹਿਤਕ ਰਚਨਾ ਨੂੰ ਅਖਬਾਰੀ ਘਟਨਾ-ਬਿਆਨ ਤੋਂ ਅੱਗੇ ਕੁਝ ਦਿਸ਼ਾ-ਨਿਰਦੇਸ਼ਕ ਵੀ ਹੋਣਾ ਚਾਹੀਦਾ ਹੈ। ਉਂਜ ਅਖਬਾਰ ਦੀ ਖ਼ਬਰ ਵੀ ਵਿਸ਼ਲੇਸ਼ਣਾਤਮਕ ਹੁੰਦੀ ਹੈ। ਚੰਗੀ ਲਿਖੀ ਖ਼ਬਰ ਵਿਚ ਪੱਤਰਕਾਰ ਵੀ ਹਾਜ਼ਰ ਹੁੰਦਾ ਹੈ। ਪਰ ਲੇਖਕੀ ਕ੍ਰਿਤ ਵਿਚ ਤਾਂ ਲੇਖਕ ਦਾ ਨਜ਼ਰੀਆ ਸ਼ਾਮਿਲ ਹੋਣਾ ਲਾਜ਼ਮੀ ਹੈ। ਹੂਬਹੂ ਘਟਨਾ ਬਿਆਨ ਕਰਦਿਆਂ ਵੀ ਬੁੱਧੀਮਾਨ ਲੇਖਕ ਆਪਣੀ ਗੱਲ ਕਰ ਜਾਂਦਾ ਹੈ। ਲੇਖਕ ਕੋਲ ਤਾਂ ਬਹੁਤ ਜ਼ਰੀਏ ਹੁੰਦੇ ਹਨ। ਪਾਤਰਾਂ ਦਾ ਵਾਰਤਾਲਾਪ ਉਸ ਨੇ ਸਿਰਜਣਾ ਹੁੰਦਾ ਹੈ, ਪਾਤਰ ਉਸਾਰੀ ਉਸ ਨੇ ਕਰਨੀ ਹੁੰਦੀ ਹੈ। ਇੱਥੋਂ ਤਕ ਕਿ ਵਾਤਾਵਰਨ ਦਾ ਬਿਆਨ ਕਰਦਿਆਂ ਵੀ ਉਹ ਆਪਣੀ ਨਜ਼ਰ ਤਹਿਤ ਕਈ ਕੁਝ ਬਿਆਨ ਕਰ ਸਕਦਾ ਹੈ।
ਆਮ ਤੌਰ ਤੇ ਲੇਖਕੀ ਪ੍ਰਵਿਰਤੀ ਇਹ ਹੈ ਕਿ ਉਸ ਨੇ ਰਾਹ ਨਹੀਂ ਦੱਸਣਾ ਹੁੰਦਾ। ਠੀਕ ਹੈ, ਲੇਖਕ ਭਾਵੇਂ ਰਾਹ ਨਾ ਦੱਸੇ, ਪਰ ਪਾਠਕ ਨੂੰ ਹੌਂਸਲਾ ਤਾਂ ਦੇਵੇ। ਅਖਬਾਰ ਦੇ ਪੰਨੇਂ ਰੋਜ਼ ਨਿਰਾਸ਼-ਉਦਾਸ ਕਰਦੇ ਹਨ। ਖੂਨ, ਜੰਗ, ਬਲਾਤਕਾਰ, ਖੁਦਕੁਸ਼ੀ…। ਕੀ ਸਾਹਿਤ ਵੀ ਨਿਰਾਸ਼ ਹੀ ਕਰੇ? ਰਾਹ ਨਾ ਦੱਸਣ ਦੀ ਸਥਿਤੀ ਮੰਨ ਲਵੋ ਕਿ ਅਜਿਹੀ ਹੈ ਕਿ ਹਰ ਸਮੱਸਿਆ ਦਾ ਸਿੱਧਾ-ਪੱਧਰਾ, ਘੜਿਆ-ਘੜਾਇਆ ਹੱਲ ਹੁੰਦਾ ਵੀ ਨਹੀਂ। ਪਰ ਲੇਖਕ ਇਹ ਤਾਂ ਆਭਾਸ ਕਰਵਾਏ ਕਿ ਸਥਿਤੀ ਹੂਬਹੂ ਨਹੀਂ ਰਹੇਗੀ। ਸਥਿਤੀ ਬਦਲ ਸਕਦੀ ਹੈ, ਇਹ ਅਸੰਭਵ ਕਾਰਜ ਨਹੀਂ ਹੈ। ਸਾਰਥਕ ਸੁਨੇਹਾ ਦਿੰਦੀਆ ਰਚਨਾਵਾਂ ਦੀ ਵੱਧ ਲੋੜ ਹੈ। ਸਾਹਿਤ ਦੀਆਂ ਕ੍ਰਿਤਾਂ ਹੋਰ ਵੰਨਗੀਆਂ ਦੇ ਮੁਕਾਬਲੇ ਜੇ ਅਜਿਹਾ ਕਰਨਗੀਆਂ ਤਾਂ ਲੋਕਾਂ ਨੂੰ ਵੱਧ ਪ੍ਰੇਰਨਾ ਮਿਲੇਗੀ।
ਮਿੰਨੀ ਕਹਾਣੀ ਵਿਚ ਵਿਸ਼ਿਆਂ ਦੀ ਚੋਣ ਅਤੇ ਉਹਨਾਂ ਦੇ ਨਿਭਾਅ ਨੂੰ ਲੈ ਕੇ ਵੀ ਇਸ ਵਿਧਾ ਨੂੰ ਨਾਜੁਕ ਵਿਧਾ ਕਹਿਣ ਦਾ ਰਿਵਾਜ ਜਿਹਾ ਰਿਹਾ ਹੈ। ਤੇ ਅੱਜ ਵੀ ਬਹੁਤ ਸਾਰੇ ਲੇਖਕਾਂ ਦੇ ਮਨਾਂ ਵਿਚ ਇਹ ਮੌਜੂਦ ਹੈ। ਇਹ ਗੱਲ ਵੱਖਰੀ ਹੈ ਕਿ ਸ਼ੁਰੂਆਤੀ ਦੌਰ ਤੋਂ ਹੁਣ ਤਕ ਕਾਫੀ ਸਕਾਰਾਤਮਕ ਅਤੇ ਗੁਣਾਤਮਕ ਤਬਦੀਲੀ ਆਈ ਹੈ। ਪਰ ਫਿਰ ਵੀ ਕਾਫੀ ਗਿਣਤੀ ਵਿਚ ਰਚਨਾਵਾਂ, ਉਸੇ ਸ਼ੁਰੂਆਤੀ ਦੌਰ ਦੀ ਝਲਕ ਦਿੰਦੀਆਂ ਹਨ। ਕਹਿਣੀ-ਕਰਨੀ ਵਿਚ ਫ਼ਰਕ, ਪੁਲਿਸ, ਰਾਜਨੀਤੀ-ਪ੍ਰਸ਼ਾਸਨ ਦਾ ਭ੍ਰਿਸ਼ਟਾਚਾਰ, ਮਨੁੱਖੀ ਮਨ ਦਾ ਦੋਗਲਾਪਨ ਆਦਿ ਬਾਰੇ ਰਚਨਾਵਾਂ ਅਜੇ ਵੀ ਲਿਖੀਆਂ ਜਾ ਰਹੀਆਂ ਹਨ। ਅਦਾਰਾ ਮਿੰਨੀ ਤ੍ਰੈਮਾਸਿਕ ਵੱਲੋਂ 1992 ਵਿਚ ਪਹਿਲਾ ਵਿਸ਼ੇਸ਼-ਅੰਕ ‘ਅਕਸ ਪੰਜਾਬ’ ਕੱਢਿਆ ਗਿਆ ਤੇ ਨਿਰੰਤਰ ਹਰ ਸਾਲ ਇਹ ਜਾਰੀ ਰਿਹਾ। ਵਹਿਮਾਂ-ਭਰਮਾਂ, ਨਾਰੀ ਦੀ ਸਥਿਤੀ, ਜ਼ਿੰਦਗੀ ਦੇ ਅੰਤਮ ਪਹਿਰ ਬਾਰੇ, ਸਮਾਜਕ ਨਾਬਰਾਬਰੀ ਬਾਰੇ ਵਿਸ਼ੇਸ਼-ਅੰਕ ਆਏ। ਭਾਵ ਇਹ ਕਿ ਕੋਈ ਵੀ ਵਿਸ਼ਾ ਅਜਿਹਾ ਨਹੀਂ ਜੋ ਮਿੰਨੀ ਕਹਾਣੀ ਵਿਧਾ ਲਈ ਵਰਜਿਤ ਹੋਵੇ। ਵਿਸ਼ੇ ਕਦੇ ਵੀ ਵਿਧਾ ਨਾਲ ਨਹੀਂ ਬੰਨ੍ਹੇ ਹੁੰਦੇ। ਜਿਵੇਂ ਸ਼ੁਰੂ ਸ਼ੁਰੂ ਵਿਚ ਪਰਿਵਾਰਕ ਰਿਸ਼ਤਿਆਂ ਅਤੇ ਮਨੋਵਿਗਿਆਨਕ ਪਹਿਲੂ ਦੀਆਂ ਮਿੰਨੀ ਕਹਾਣੀਆਂ ਨਹੀਂ ਸਨ ਮਿਲਦੀਆਂ ਤੇ ਅੱਜ ਇਹ ਕਿਹਾ ਜਾਂਦਾ ਹੈ ਕਿ ਵਿਸ਼ਵੀਕਰਨ, ਨਿਜੀਕਰਨ ਦੇ ਵਿਸ਼ੇ ’ਤੇ ਮਿੰਨੀ ਕਹਾਣੀਆਂ ਦੀ ਘਾਟ ਹੈ। ਦਰਅਸਲ ਸਮਾਜ ਦੀ ਤਬਦੀਲੀ ਦੇ ਦੌਰ ਵੇਲੇ, ਪਹਿਲਾ ਪੜਾਅ ਵਿਚਾਰਧਾਰਕ ਫੈਲਾਅ ਦਾ ਹੁੰਦਾ ਹੈ। ਜਿਵੇਂ ਬਜ਼ਾਰਵਾਦ ਆਇਆ ਹੈ। ਖਰੀਦ ਕਲਚਰ ਅਤੇ ਖਾਓ-ਪੀਓ-ਹੰਡਾਓ ਦੇ ਦੌਰ ਨੇ ਹੌਲੀ ਹੌਲੀ ਲੋਕਾਂ ਨੂੰ ਪ੍ਰਭਾਵਤ ਕਰਨਾ ਹੈ ਤੇ ਫੇਰ ਘਟਨਾਵਾਂ ਵਾਪਰਨਗੀਆਂ ਤੇ ਰਚਨਾਵਾਂ ਵੀ ਆਉਣਗੀਆਂ।
ਇਸ ਦੇ ਨਾਲ ਹੀ ਇਹ ਗੱਲ ਜੋੜਨਾ ਚਾਹਾਂਗਾ ਕਿ ਜਦੋਂ ਅਸੀਂ ਵਿਚਾਰਕ ਘੁਸਪੈਠ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਲੇਖਕ ਨੂੰ ਹੀ (ਜੋ ਕਿ ਆਪਣੇ ਆਪ ਨੂੰ ਬੁੱਧੀਜੀਵੀ ਕਹਿਕੇ ਸੰਬੋਧਿਤ ਕਰਦੇ ਅਤੇ ਹੁੰਦੇ ਹਨ) ਸਪਸ਼ਟ ਹੋਣ ਦੀ ਲੋੜ ਹੋਣੀ ਹੁੰਦੀ ਹੈ। ਸਾਹਿਤਕਾਰ ਨੂੰ ਅਰਥ ਸ਼ਾਸ਼ਤਰ, ਰਾਜਨੀਤੀ, ਮਨੋਵਿਗਿਆਨ ਅਤੇ ਦਰਸ਼ਨ ਬਾਰੇ ਲੈਸ ਹੋਣਾ ਚਾਹੀਦਾ ਹੈ। ਦਰਅਸਲ ਇਹ ਲੇਖਣ ਦੇ ਹਥਿਆਰ ਹਨ। ਪਰ ਹੁੰਦਾ ਇਸ ਦੇ ਉਲਟ ਹੈ ਕਿ ਲੇਖਕ ਆਪਣੇ ਲੇਖਣ ਨੂੰ ਰੱਬੀ ਦਾਤ ਜਾਂ ਦੈਵੀ ਸ਼ਕਤੀ ਸਮਝਦਾ ਹੈ ਤੇ ਕੁਝ ਹੋਰ ਗ੍ਰਹਿਣ ਕਰਨ ਤੋਂ ਪਰਹੇਜ ਹੀ ਕਰਦਾ ਹੈ। ਮਿੰਨੀ ਕਹਾਣੀ ਲੇਖਕ ਇਸ ਦਿਸ਼ਾ ਵਿਚ ਸਭ ਤੋਂ ਮੋਹਰੀ ਹਨ, ਕਿਉਂਕਿ ਪੰਜ-ਸੱਤ ਸਤਰਾਂ ਝਰੀਟਣ ਨੂੰ ਉਹ ਕੋਈ ਔਖਾ ਕਾਰਜ ਨਹੀਂ ਸਮਝਦੇ।
ਮਿੰਨੀ ਕਹਾਣੀ ਲੇਖਣ ਨੂੰ ਵਿਸ਼ੇਸ਼ ਅਤੇ ਪੂਰੇ ਸਾਹਿਤਕ ਪਰਿਪੇਖ ਨੂੰ ਸਹਿਜ ਤੌਰ ’ਤੇ ਸਾਹਮਣੇ ਰੱਖਦੇ ਹੋਏ ਕਹਿਣਾ ਚਾਹੁੰਦਾ ਹਾਂ ਕਿ ਮੈਡੀਕਲ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ, ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਤਕ ਕੋਈ ਖੋਜ਼ ਦੇ ਇਤਿਹਾਸਕ ਪਹਿਲੂ ’ਤੇ ਨਜ਼ਰ ਨਹੀਂ ਮਾਰਦਾ, ਉਹ ਨਵੀਂ ਖੋਜ਼ ਨਹੀਂ ਕਰ ਸਕਦਾ। ਸਾਹਿਤਕ ਪੱਖ ਤੋਂ ਵੀ ਜ਼ਰੂਰੀ ਹੈ ਕਿ ਇਹ ਜਾਣਿਆ ਜਾਵੇ ਕਿ ਕੀ ਕੁਝ ਲਿਖਿਆ ਜਾ ਚੁੱਕਾ ਹੈ ਤੇ ਅਜੋਕੀ ਸਥਿਤੀ ਕੀ ਹੈ। ਇਹ ਜਾਣ ਕੇ ਅੱਗੇ ਤੁਰਿਆ ਜਾਵੇਗਾ ਤਾਂ ਰਚਨਾ ਵਿਚ ਨਵਾਂਪਨ ਝਲਕੇਗਾ।
ਸਾਰੀ ਗੱਲ ਨੂੰ ਮਿੰਨੀ ਕਹਾਣੀ ਦੇ ਪਰਿਪੇਖ ਤੋਂ ਸਮੇਟਦੇ ਹੋਏ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਮਿੰਨੀ ਕਹਾਣੀ ਨੂੰ ਰੂਪ ਦੇ ਪੱਖ ਤੋਂ ਹੋਰ ਮਿੰਨੀ ਰਚਨਾਵਾਂ ਵਾਲੀਆਂ ਵੰਨਗੀਆਂ ਤੋਂ ਇਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ, ਉੱਥੇ ਇਸ ਨੂੰ ਆਕਾਰ ਦੇ ਇਸ ਬੋਧ ਤੋਂ ਬਚਣ ਦੀ ਵੀ ਲੋੜ ਹੈ ਕਿ ਇਹੋ ਜਿਹੀ ਛੋਟੀ ਰਚਨਾ ਲਿਖਣਾ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ।
(ਇਹ ਵਿਚਾਰ ਲੇਖਕ ਵੱਲੋਂ ਮਿਤੀ 13.09.2009 ਨੂੰ ਮਾਤਾ ਮਾਨ ਕੌਰ ਯਾਦਗਾਰੀ ਸਨਮਾਨ ਦੇ ਮੌਕੇ ਉੱਤੇ ਪਟਿਆਲਾ ਵਿਖੇ ਪੇਸ਼ ਕੀਤੇ ਗਏ)
-0-

July 6, 2009

ਮਿੰਨੀ ਕਹਾਣੀ ਦਾ ਰੂਪ-ਵਿਧਾਨ



ਅਨੂਪ ਸਿੰਘ(ਡਾ.)
ਸਮਕਾਲੀ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਸਭ ਤੋਂ ਵੱਧ ਲੋਕਪ੍ਰਿਯ ਰੂਪ ਹੈ। ਪੰਜਾਬੀ ਮਿੰਨੀ ਕਹਾਣੀ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ਲਈ ਯਤਨਸ਼ੀਲ ਹੈ ਅਤੇ ਇਕ ਸੁਤੰਤਰ ਵਿਧਾ ਵੱਜੋਂ ਵਿਕਸਿਤ ਹੋ ਰਹੀ ਹੈ। ਪਰੰਤੂ ਲੇਖਕ ਤੇ ਸੰਪਾਦਕ ਰਚਨਾ ਦੇ ਛੋਟੇ ਅਕਾਰ ਨੂੰ ਹੀ ਮਿੰਨੀ ਕਹਾਣੀ ਦੀ ਆਧਾਰ ਕਸਵੱਟੀ ਮੰਨ ਕੇ ਧੜਾਧੜ ਛੱਪ-ਛਾਪ ਰਹੇ ਹਨ। ਲਘੂ ਅਕਾਰ ਹੀ ਇਕ ਮੋਟਾ ਜਿਹਾ ਆਧਾਰ ਪ੍ਰਵਾਨ ਕੀਤਾ ਜਾ ਰਿਹਾ ਹੈ। ਕਹਾਣੀ ਦਾ ਅਕਾਰ ਛੋਟਾ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਸਿੱਟੇ ਵੱਜੋਂ ਪੰਜਾਬੀ ਮਿੰਨੀ ਕਹਾਣੀ ਵਿਚ ਚੁਟਕਲੇਬਾਜੀ ਦੇ ਅੰਸ਼, ਅਸਪਸ਼ਟਤਾ, ਅਬਸਰਡਿਟੀ ਅਤੇ ਦੁਹਰਾਉ ਦੀ ਪ੍ਰਵਿਰਤੀ ਵੇਖੀ ਜਾ ਸਕਦੀ ਹੈ। ਭਾਵੇਂ ਸ਼ਬਦ ਮਿੰਨੀ ਵੀ ਅਕਾਰ ਸੂਚਕ ਹੈ, ਪਰੰਤੂ ਸਾਡੇ ਸਾਹਮਣੇ ਕੁਝ ਪ੍ਰਸ਼ਨ ਖੜੇ ਹੁੰਦੇ ਹਨ ਕਿ ਕੀ ਸ਼ਬਦਾਂ ਦੀ ਘੱਟ ਤੋਂ ਘੱਟ ਗਿਣਤੀ ਮਿੰਨੀ ਕਹਾਣੀ ਲਈ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕੀ ਅਕਾਰ ਹੀ ਇਕੋ ਇਕ ਪਰਖ ਕਸਵੱਟੀ ਹੈ? ਮਿੰਨੀ ਕਹਾਣੀ ਦੇ ਜ਼ਰੂਰੀ ਤੱਤ ਕਿਹੜੇ ਕਿਹੜੇ ਹਨ? ਕੀ ਹਰ ਘਟਨਾ, ਵਰਤਾਰਾ ਜਾਂ ਵਿਸ਼ਾ ਮਿੰਨੀ ਕਹਾਣੀ ਦਾ ਵਸਤੂ ਬਣ ਸਕਦਾ ਹੈ? ਮਿੰਨੀ ਕਹਾਣੀ ਕੀ ਕਹਿਣ ਦੇ ਸਮਰੱਥ ਹੈ? ਮਿੰਨੀ ਕਹਾਣੀ ਦਾ ਨਿਕਾਸ ਤੇ ਵਿਕਾਸ ਕਿਵੇਂ ਹੋਇਆ? ਮਿੰਨੀ ਕਹਾਣੀ ਦੀ ਪ੍ਰੀਭਾਸ਼ਾ ਕੀ ਹੈ? ਕੀ ਮਿੰਨੀ ਕਹਾਣੀ ਇਕ ਸੁਤੰਤਰ ਵਿਧਾ ਹੈ? ਅਜਿਹੇ ਅਤੇ ਹੋਰ ਪ੍ਰਸ਼ਨਾਂ ਦੇ ਸਨਮੁੱਖ ਲੋੜ ਹੈ ਕਿ ਮਿੰਨੀ ਕਹਾਣੀ ਦੇ ਰੂਪ-ਵਿਧਾਨ ਵੱਲ ਧਿਆਨ ਦਿੱਤਾ ਜਾਵੇ ਅਤੇ ਕੁਝ ਪਰਖ ਕਸਵੱਟੀਆਂ ਨਿਰਧਾਰਤ ਕੀਤੀਆਂ ਜਾਣ।
ਮਨੁੱਖੀ ਜੀਵਨ ਵਿਚ ਕੁਝ ਗੱਲਾਂ, ਘਟਨਾਵਾਂ ਅਤੇ ਵਰਤਾਰੇ ਅਜਿਹੇ ਵਾਪਰਦੇ ਹਨ ਜੋ ਮਨੁੱਖ ਨੂੰ ਕੁਝ ਸੋਚਣ, ਕਰਨ ਲਈ ਟੁੰਬ ਜਾਂਦੇ ਹਨ। ਇਹ ਗੱਲਾਂ, ਘਟਨਾਵਾਂ ਤੇ ਵਰਤਾਰੇ ਵਾਪਰ ਤਾਂ ਬਹੁਤ ਹੀ ਥੋੜੇ ਸਮੇਂ (ਕਈ ਵਾਰ ਅੱਖ ਦੇ ਪਲਕਾਰੇ)ਵਿਚ ਜਾਂਦੇ ਹਨ। ਪਰੰਤੂ ਸੰਵੇਦਨਸ਼ੀਲ ਤੇ ਸੂਖਮਭਾਵੀ ਲੋਕਾਂ ਉੱਤੇ ਇਹਨਾਂ ਦਾ ਅਸਰ ਚਿਰਸਥਾਈ ਹੁੰਦਾ ਹੈ। ਇਹਨਾਂ ਪਲਾਂ ਦੀ ਕਲਾਤਮਕ ਪੇਸ਼ਕਾਰੀ ਲਈ ਜਿਸ ਸਾਹਿਤਕ ਵਿਧਾ ਦੀ ਲੋੜ ਪਈ ਉਸ ਨੂੰ ਮਿੰਨੀ ਕਹਾਣੀ ਆਖਿਆ ਗਿਆ।
ਸੰਖੇਪਤਾ ਤੇ ਸੰਜਮਤਾ ਮਿੰਨੀ ਕਹਾਣੀ ਦਾ ਵਿਸ਼ੇਸ਼ ਗੁਣ ਹੈ। ਇਹ ਕੁੱਜੇ ਵਿਚ ਸਮੁੰਦਰ ਬੰਦ ਕਰਦੀ ਹੈ। ਸ਼ਬਦਾਂ ਦਾ ਸਰਫਾ ਕਰਦਿਆਂ ਇਹ ਵੱਡੀ ਗੱਲ ਕਰਨ ਦੇ ਸਮਰੱਥ ਹੈ। ਇਹ ਵਿਧਾ ਵਿਸਥਾਰ ਨਹੀਂ ਸਹਾਰ ਸਕਦੀ ਅਤੇ ਸੰਕੇਤਕ ਢੰਗ ਨਾਲ ਆਪਣੀ ਗੱਲ ਕਰਦੀ ਹੈ। ਇਸ ਦੀ ਗੋਂਦ ਕਸਵੀਂ ਹੁੰਦੀ ਹੈ। ਇਹ ਤਿੱਖੇ ਵੇਗ ਨਾਲ ਚਲਦੀ ਹੋਈ ਸਿਖਰ ਨੂੰ ਪੁੱਜ ਕੇ ਇਕ ਦਮ ਸਮਾਪਤ ਹੋ ਜਾਂਦੀ ਹੈ। ਘੱਟ ਤੋਂ ਘੱਟ ਅਤੇ ਢੁਕਵੀਂ ਸ਼ਬਦ ਚੋਣ, ਪਾਤਰਾਂ ਦਾ ਦੋ ਜਾਂ ਤਿੰਨ ਤਕ ਸੀਮਤ ਹੋਣਾ ਅਤੇ ਇਕ ਛਿਣ ਦੀ ਪੇਸ਼ਕਾਰੀ ਆਦਿ ਲੱਛਣ ਮਿੰਨੀ ਕਹਾਣੀ ਦੇ ਤਕਨੀਕੀ ਆਧਾਰ ਮੰਨੇ ਜਾ ਸਕਦੇ ਹਨ। ਇਸ ਵਿਚ ਅਸਪਸ਼ਟਤਾ, ਧੁੰਦਲੇਪਨ, ਵਿਆਖਿਆ ਅਤੇ ਵਿਸ਼ਲੇਸ਼ਣ ਦੀ ਮੁਥਾਜੀ ਤੋਂ ਬਚਦਿਆਂ ਘੱਟ ਤੋਂ ਘੱਟ ਤੇ ਢੁਕਵੇਂ ਸ਼ਬਦਾਂ ਦੀ ਸ਼ਰਤ ਤਾਂ ਕਹੀ ਜਾ ਸਕਦੀ ਹੈ, ਪਰੰਤੂ ਕੋਈ ਸ਼ਬਦਾਂ ਜਾਂ ਵਾਕਾਂ ਦੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਕਾਰ ਵਿਚ ਛੋਟਾ ਹੋਣਾ ਹੀ ਮਿੰਨੀ ਕਹਾਣੀ ਦਾ ਨਿਖੇੜਕ ਲੱਛਣ ਨਹੀਂ ਹੈ। ਮਿੰਨੀ ਕਹਾਣੀ ਦਾ ਵਸਤੂ ਹੀ ਸ਼ਬਦ ਸੀਮਾ ਨੂੰ ਨਿਸ਼ਚਿਤ ਕਰਦਾ ਹੈ। ਇਹ ਵਿਧਾ ਚੋਣਵੇਂ ਅਨੁਭਵ ਨੂੰ ਤੀਖਣਤਾ, ਤੀਬਰਤਾ ਅਤੇ ਸੂਖਮਤਾ ਨਾਲ ਕਹਿਣ ਦੇ ਢੰਗ ਕਾਰਨ ਮਿੰਨੀ ਹੈ। ਇਸ ਲਈ ਮਿੰਨੀ ਕਹਾਣੀ ਦਾ ਅਕਾਰ ਉਸ ਸੀਮਾ ਤਕ ਹੀ ਮਿੰਨੀ ਹੋ ਸਕਦਾ ਹੈ, ਜਿਸ ਸੀਮਾ ਤਕ ਬਿਰਤਾਂਤ ਦੇ ਮੂਲ ਸੰਰਚਨਾਤਮਕ ਤੱਤ ਸੁਨਿਸ਼ਚਿਤ ਰਹਿਣ ਅਤੇ ਅਰਥ ਸੰਚਾਰ ਦੀ ਕੋਈ ਸਮੱਸਿਆ ਉਤਪੰਨ ਨਾ ਹੋਵੇ। ਅਕਾਰ ਦੇ ਪੱਖ ਨੂੰ ਸਮੇਟਦਿਆਂ ਕਿਹਾ ਜਾ ਸਕਦਾ ਹੈ ਕਿ ਮਿੰਨੀ ਕਹਾਣੀ ਦਾ ਪ੍ਰਭਾਵ ਇਸ ਦੇ ਅਕਾਰ ਨਾਲ ਉਲਟ ਅਨੁਪਾਤ ਰੱਖਦਾ ਹੈ। ਪ੍ਰਭਾਵ ਦੀ ਏਕਤਾ-ਏਕਾਗਰਤਾ ਅਤੇ ਤੀਖਣਤਾ ਲਈ ਰਚਨਾ ਦੇ ਅਕਾਰ ਦਾ ਛੋਟਾ ਹੋਣਾ ਲਾਜ਼ਮੀ ਹੈ, ਪਰੰਤੂ ਵਿਦਵੱਤਾ ਦਰਸਾਉਣ ਦੇ ਭਰਮ ਤਹਿਤ ਮਿੰਨੀ ਕਹਾਣੀ ਵਿਚੋਂ ਕਹਾਣੀ ਅਲੋਪ ਨਹੀਂ ਕਰਨੀ ਚਾਹੀਦੀ। ਬੌਧਿਕ ਤੇ ਦਾਰਸ਼ਨਿਕ ਟੂਕਾਂ ਭਾਵੇਂ ਬਹੁਤ ਹੀ ਸੰਖੇਪ ਹੁੰਦੀਆਂ ਹਨ, ਪਰ ਉਹ ਮਿੰਨੀ ਕਹਾਣੀ ਨਹੀਂ ਹੁੰਦੀਆਂ।
ਮਿੰਨੀ ਕਹਾਣੀ ਲੇਖਕ ਨੂੰ ਘਟਨਾ ਦਾ ਵਰਨਣ ਨਹੀਂ, ਵਿਸ਼ਲੇਸ਼ਣ ਪੇਸ਼ ਕਰਨਾ ਚਾਹੀਦਾ ਹੈ। ਇਕਹਿਰੀ ਬਣਤਰ ਕਾਰਨ ਇਹ ਬਹੁਪੱਖੀ ਵਿਸ਼ਲੇਸ਼ਣ ਕਰਨ ਦੇ ਤਾਂ ਸਮਰੱਥ ਨਹੀਂ, ਪਰੰਤੂ ਕਿਸੇ ਵਿਸ਼ੇਸ਼ ਘਟਨਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਮਨੁੱਖੀ ਮਨ ਵਿਚ ਉੱਠੇ ਸੂਖਮ ਪ੍ਰਤੀਕਰਮ ਨੂੰ ਪੇਸ਼ ਕਰਨ ਦੇ ਸਮਰੱਥ ਹੈ। ਘਟਨਾ ਦਾ ਪ੍ਰਕ੍ਰਿਤੀਵਾਦੀ ਚਿਤ੍ਰਣ ਨਿਰਜਿੰਦ ਫ਼ੋਟੋਗ੍ਰਾਫੀ ਹੈ ਅਤੇ ਕਲਾਤਮਕਤਾ ਦੀ ਘਾਟ ਦਾ ਪ੍ਰਮਾਣ ਹੈ। ਲੇਖਕ ਘਟਨਾ ਦਾ ਪੁਨਰ-ਸਿਰਜਣ ਕਰਦਾ ਹੈ। ਵੈਸੇ ਤਾਂ ਇਹ ਨੇਮ ਸਾਹਿਤ ਦੇ ਸਾਰੇ ਰੂਪਾਂ ਉੱਤੇ ਲਾਗੂ ਹੁੰਦਾ ਹੈ, ਪਰੰਤੂ ਮਿੰਨੀ ਕਹਾਣੀ ਦੀ ਰਚਨਾ ਵੇਲੇ ਵਧੇਰੇ ਸੁਚੇਤ ਰਹਿਣ ਦੀ ਲੋੜਹੈ।
ਆਧੁਨਿਕ ਸਾਹਿਤ ਰੂਪਾਂ ਵਾਂਗ ਮਿੰਨੀ ਕਹਾਣੀ ਦਾ ਪਾਤਰ ਪ੍ਰਮੁੱਖ ਰੂਪ ਵਿਚ ਸਾਧਾਰਨ ਆਦਮੀ ਹੈ। ਪਰ ਕਈ ਵਾਰ ਇਹ ਇਤਿਹਾਸਕ-ਮਿਥਿਹਾਸਕ ਪਾਤਰਾਂ ਨੂੰ ਨਵੇਂ ਅਰਥਾਂ ਜਾਂ ਨਵੇਂ ਪਸਾਰਾਂ ਵਿਚ ਪੇਸ਼ ਕਰ ਜਾਂਦੀ ਹੈ। ਉਂਜ ਇਹ ਵਿਧਾ ਸਾਧਾਰਨ ਆਦਮੀ ਦੀ ਸਾਧਾਰਨਤਾ ਨੂੰ ਪ੍ਰਗਟਾਉਂਦੀ ਹੋਈ ਵਿਵਸਥਾ ਉੱਪਰ ਭਰਵਾਂ ਵਾਰ ਕਰਦੀ ਹੈ। ਸਮਕਾਲ ਵਿਚ ਰਚੀ ਜਾ ਰਹੀ ਪੰਜਾਬੀ ਮਿੰਨੀ ਕਹਾਣੀ ਸਾਧਾਰਨ ਜੀਵਨ ਜੀਉਂਦੇ ਤੇ ਤੰਗੀਆਂ-ਤੁਰਸ਼ੀਆਂ ਹੰਢਾਉਂਦੇ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਜ਼ਬਾਨ ਦੇ ਕੇ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਸਾਧਾਰਨਤਾ ਵਿਚੋਂ ਅਸਾਧਾਰਨਤਾ ਨੂੰ ਲੱਭਣਾ ਤੇ ਪੇਸ਼ ਕਰਨਾ ਹੀ ਆਧੁਨਿਕ ਸਾਹਿਤ ਦੀ ਖੂਬੀ ਹੈ ਜੋ ਮਿੰਨੀ ਕਹਾਣੀ ਦੀ ਵੀ ਵਿਸ਼ੇਸ਼ਤਾਈ ਕਹੀ ਜਾ ਸਕਦੀ ਹੈ। ਸਾਧਾਰਨ ਲਗਦੀ ਘਟਨਾ ਵਿਚੋਂ ਜ਼ਿੰਦਗੀ ਦੇ ਡੂੰਘੇ ਅਰਥ ਸਿਰਜਣੇ ਹੀ ਕਲਾ ਦੀ ਨਿਸ਼ਾਨੀ ਹੈ। ਮਿੰਨੀ ਕਹਾਣੀ ਵਿਚ ਕਾਲ ਦੀ ਕੋਈ ਸੀਮਾ ਨਹੀਂ ਹੈ। ਇਹ ਅਤੀਤ ਨੂੰ ਵੀ ਪੇਸ਼ ਕਰ ਸਕਦੀ ਹੈ, ਪਰੰਤੂ ਇਸ ਦੀ ਕੋਈ ਤੰਦ ਵਰਤਮਾਨ ਨਾਲ ਆਪਣਾ ਨਾਤਾ ਅਵੱਸ਼ ਜੋੜਦੀ ਹੈ। ਮਹੱਤਵਪੂਰਨ ਉਹ ਪਲ ਹੈ ਜਿਸ ਵਿਚ ਕਹਾਣੀ ਕਹੀ ਜਾ ਰਹੀ ਹੈ।
ਮਿੰਨੀ ਕਹਾਣੀ ਵਿਚ ਤੀਖਣ ਤੇ ਸੂਖਮ ਵਿਅੰਗ ਇਕ ਕੇਂਦਰੀ ਤੱਤ ਵੱਜੋਂ ਪ੍ਰਵਾਨ ਕੀਤਾ ਜਾ ਸਕਦਾ ਹੈ। ਅਜਿਹੀ ਵਿਅੰਗਾਤਮਕ ਪੇਸ਼ਕਾਰੀ ਬੌਧਿਕਤਾ ਦਾ ਪ੍ਰਮਾਣ ਹੈ। ਮਿੰਨੀ ਕਹਾਣੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪਾਠਕ ਦੀ ਸੋਚ ਨੂੰ ਟੁੰਬੇ ਤੇ ਰਚਨਾ ਪਾਠ ਤੋਂ ਬਾਦ ਪਾਠਕ ਕੁਝ ਸੋਚਣ/ਕਰਨ ਲਈ ਪ੍ਰੇਰਿਤ ਹੋਵੇ। ਇਹ ਕਹਾਣੀਆਂ ਪਾਠਕਾਂ/ਸਰੋਤਿਆਂ ਨੂੰ ਉਹਨਾਂ ਘਟਨਾਵਾਂ ਤੇ ਵਰਤਾਰਿਆਂ ਬਾਰੇ ਸੋਚਣ/ਕਰਨ ਲਈ ਭਾਵਾਤਮਕ ਝਟਕਾ ਦਿੰਦੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਉਹ ਜੀਵਨ ਦੀਆਂ ਆਮ ਗੱਲਾਂ ਸਮਝ ਕੇ ਅਣਗੌਲਿਆਂ ਕਰ ਛੱਡਦਾ ਹੈ। ਵਿਅੰਗ ਹੀ ਮਿੰਨੀ ਕਹਾਣੀ ਅਤੇ ਚੁਟਕਲੇ ਨੂੰ ਵੱਖਰਿਆਉਂਦਾ ਹੈ। ਚੁਟਕਲਾ ਕੁਝ ਪਲਾਂ ਲਈ ਵਿਅਕਤੀ ਨੂੰ ਬਾਹਰੀ ਸੰਸਾਰ ਨਾਲੋਂ ਤੋੜ ਦਿੰਦਾ ਹੈ ਅਤੇ ਹੱਸਣ ਲਾ ਦਿੰਦਾ ਹੈ। ਦੂਜੇ ਪਾਸੇ ਮਿੰਨੀ ਕਹਾਣੀ ਪੜ੍ਹਨ-ਸੁਨਣ ਤੋਂ ਬਾਦ ਚੁੱਪ ਛਾ ਜਾਂਦੀ ਹੈ ਅਤੇ ਪਾਠਕ/ਸਰੋਤਾ ਸੋਚਣ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹ ਬਾਹਰੀ ਸੰਸਾਰ ਨਾਲ ਮਾਨਸਿਕ ਪੱਧਰ ਤੇ ਜੁੜ ਜਾਂਦਾ ਹੈ। ਮਿੰਨੀ ਕਹਾਣੀ ਦੇ ਲੋਕਪ੍ਰਿਯ ਹੋਣ ਦਾ ਕਾਰਨ ਇਸ ਦਾ ਅਕਾਰ ਪੱਖੋਂ ਛੋਟਾ ਹੋਣਾ ਨਹੀਂ, ਸਗੋਂ ਪਾਠਕ ਦੇ ਮਨ ਉੱਤੇ ਤੀਖਣ ਪ੍ਰਭਾਵ ਦਾ ਪੈਣਾ ਹੈ।
ਮਿੰਨੀ ਕਹਾਣੀ ਵਿਚ ਥੋੜਾ ਕਿਹਾ ਜਾਂਦਾ ਹੈ ਅਤੇ ਬਹੁਤਾ ਅਣਕਿਹਾ ਛੱਡ ਦਿੱਤਾ ਜਾਂਦਾ ਹੈ। ਕਹੀ ਗਈ ਥੋੜੀ ਗੱਲ ਨਾਲ ਪਾਠਕ ਨੂੰ ਚੋਭ ਮਿਲਦੀ ਹੈ ਅਤੇ ਉਹ ਅਣਕਹੇ ਪੱਖ ਨੂੰ ਜਾਨਣ-ਸਮਝਣ ਦਾ ਬੌਧਿਕ ਅਮਲ ਸ਼ੁਰੂ ਕਰ ਦਿੰਦਾ ਹੈ।
ਸਮੂਹਿਕ ਬੁੱਧੀ ਵਿਕਾਸ ਮਿੰਨੀ ਕਹਾਣੀ ਦੇ ਨਿਕਾਸ ਤੇ ਵਿਕਾਸ ਵਿਚ ਸਹਾਈ ਹੋਇਆ ਹੈ। ਮਿੰਨੀ ਕਹਾਣੀ ਦੇ ਬੀਜ ਪੰਜਾਬੀ ਸਾਹਿਤ ਵਿਚ ਸਾਖੀ ਸਾਹਿਤ ਜਾਂ ਹੋਰ ਲੋਕ ਸਾਹਿਤ ਰੂਪਾਂ ਵਿਚੋਂ ਲੱਭੇ ਜਾ ਸਕਦੇ ਹਨ। ਇਸ ਦਾ ਨਿਕਾਸ ਲੋਕ ਕਥਾਵਾਂ ਜਾਂ ਉਪਦੇਸ਼ਕ ਕਥਾਵਾਂ ਨਾਲ ਹੋਇਆ। ਜਿਨ੍ਹਾਂ ਦਾ ਉਦੇਸ਼ ਉਪਦੇਸ਼ ਜਾਂ ਸੁਝਾਅ ਦੇਣਾ ਹੁੰਦਾ ਸੀ। ਨੀਤੀ ਕਥਾ ਅਤੇ ਵਿਅੰਗ ਕਥਾ ਇਸ ਦੇ ਅਗਲੇ ਵਿਕਾਸ ਪੜਾਅ ਮੰਨੇ ਜਾਂਦੇ ਹਨ। ਇਹਨਾਂ ਦਾ ਆਧੁਨਿਕ ਰੂਪ ਮਿੰਨੀ ਕਹਾਣੀ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਹ ਸਾਹਿਤ ਰੂਪ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਰੰਭ ਵਿਚ ਪ੍ਰਚਲਿਤ ਹੁੰਦਾ ਹੈ। ਪੰਜਾਬੀ ਵਿਚ ਇਸ ਦੇ ਨਿਕਾਸ ਤੋਂ ਪਹਿਲਾਂ ਮਿੰਨੀ ਕਹਾਣੀ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਲਿਖੀ ਜਾਣੀ ਆਰੰਭ ਹੋ ਚੁੱਕੀ ਸੀ। ਇਸ ਤਰ੍ਹਾਂ ਦੂਜੀਆਂ ਸਾਹਿਤਕ ਵਿਧਾਵਾਂ ਵਾਂਗ ਪੰਜਾਬੀ ਮਿੰਨੀ ਕਹਾਣੀ ਵੀ ਦੂਜੀਆਂ ਵਿਕਸਤ ਭਾਰਤੀ ਭਾਸ਼ਾਵਾਂ ਦੇ ਪ੍ਰਭਾਵ ਤਹਿਤ ਵਿਕਸਤ ਹੋਈ। ਇਹ ਕਥਾ ਵਿਧੀ ਜਟਿਲ ਯਥਾਰਥ ਦਾ ਕੋਈ ਇਕ ਪਸਾਰ ਦਰਸਾ ਕੇ ਗਲਤ-ਠੀਕ ਦਾ ਨਿਰਣਾ ਪਾਠਕ ਤੇ ਛੱਡ ਦਿੰਦੀ ਹੈ। ਇਸ ਲਈ ਮਿੰਨੀ ਕਹਾਣੀ ਤਰਕ ਉੱਤੇ ਵਧੇਰੇ ਨਿਰਭਰ ਕਰਦੀ ਹੈ।
ਹਰ ਗੱਲ, ਬੋਲਿਆ ਗਿਆ ਵਾਕ, ਟੋਟਕਾ, ਵਾਰਤਾਲਾਪ, ਚੁਟਕਲਾ, ਟਿੱਚਰ, ਸਕਿੱਟ, ਹਾਜ਼ਰ ਜੁਆਬੀ ਜਾਂ ਫੌਰੀ ਪ੍ਰਤੀਕਰਮ, ਮਿੰਨੀ ਕਹਾਣੀ ਨਹੀਂ ਹੁੰਦਾ। ਇਹ ਕਲਾਤਮਕਤਾ, ਹੁਨਰ ਜਾਂ ਸਿਰਜਣਾਤਮਕਤਾ ਹੀ ਹੈ ਜੋ ਇਹਨਾਂ ਰੂਪਾਂ ਨੂੰ ਮਿੰਨੀ ਕਹਾਣੀ ਵਿਚ ਤਬਦੀਲ ਕਰ ਸਕਦੀ ਹੈ। ਹਰ ਘਟਨਾ ਨੂੰ ਵੀ ਮਿੰਨੀ ਕਹਾਣੀ ਵਿਚ ਨਹੀਂ ਢਾਲਿਆ ਜਾ ਸਕਦਾ। ਮਿੰਨੀ ਕਹਾਣੀ ਕਿਸੇ ਘਟਨਾ ਜਾਂ ਵਰਤਾਰੇ ਦਾ ਕੇਵਲ ਸਿੱਟਾ ਮਾਤਰ ਹੀ ਪੇਸ਼ ਨਹੀਂ ਕਰਦੀ। ਦ੍ਰਿਸ਼ ਚਿਤ੍ਰਣ ਵੀ ਇਸ ਵਿਧਾ ਵਿਚ ਅਤੀ ਸੀਮਤ ਪੱਧਰ ਤੱਕ ਹੀ ਸੰਭਵ ਹੈ। ਰਵਾਇਤੀ ਪਾਤਰ ਚਿਤ੍ਰਣ ਵੀ ਮਿੰਨੀ ਕਹਾਣੀ ਵਿਚ ਨਹੀਂ ਹੋ ਸਕਦਾ। ਇਹ ਵੱਖਰੀ ਗੱਲ ਹੈ ਕਿ ਪਾਤਰ ਦਾ ਕੋਈ ਇਕ ਪਸਾਰ ਰਚਨਾ ਵਿਚੋਂ ਤੀਖਣ ਰੂਪ ਵਿਚ ਪ੍ਰਗਟ ਹੋ ਜਾਏ, ਭਾਵ ਪੇਸ਼ ਪਾਤਰ ਦੀਆਂ ਬਹੁ-ਵਿਸ਼ੇਸ਼ਤਾਈਆਂ ਵਿਚੋਂ ਕੋਈ ਇਕ-ਅੱਧ ਸਿਖਰ ਬਿੰਦੂ ਵਾਂਗ ਦਿਖਾਈ ਦੇ ਜਾਵੇ। ਪਰੰਤੂ ਪਾਤਰ ਦੇ ਸਮੁੱਚੇ ਵਿਅਕਤੀਤਵ ਦਾ ਉਭਰਨਾ ਮਿੰਨੀ ਕਹਾਣੀ ਵਿਚ ਕਦੇ ਵੀ ਸੰਭਵ ਨਹੀਂ।
ਜਿਵੇਂ ਆਧੁਨਿਕ ਨਿੱਕੀ ਕਹਾਣੀ, ਨਾਵਲ ਦਾ ਸੰਖੇਪ ਰੂਪ ਜਾਂ ਸਾਰ ਨਹੀਂ ਹੈ। ਉਸੇ ਤਰ੍ਹਾਂ ਮਿੰਨੀ ਕਹਾਣੀ ਵੀ ਆਧੁਨਿਕ ਨਿੱਕੀ ਕਹਾਣੀ ਦਾ ਸੰਖੇਪ ਰੂਪ ਨਹੀਂ ਹੈ। ਇਹ ਠੀਕ ਹੈ ਕਿ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀ ਵਿਚ ਕੁਝ ਸਮਾਨਤਾਵਾਂ ਹਨ। ਚੰਗੀ ਮਿੰਨੀ ਕਹਾਣੀ ਦੀ ਪਿੱਠ-ਭੂਮੀ ਵੀ ਹੁੰਦੀ ਹੈ। ਉਸ ਵਿਚ ਵਾਤਾਵਰਣ ਵੀ ਸਿਰਜਿਆ ਹੁੰਦਾ ਹੈ ਅਤੇ ਚੁਸਤ ਵਾਰਤਾਲਾਪ ਤੇ ਵਾਕ ਬਣਤਰ ਵੀ ਹੁੰਦੀ ਹੈ। ਵਾਤਾਵਰਣ ਚਿਤ੍ਰਣ ਹੁੰਦਾ ਤਾਂ ਨਾਂ ਮਾਤਰ ਹੀ ਹੈ। ਇਸ ਲਈ ਵਾਤਾਵਰਣ ਚਿਤ੍ਰਣ ਅਤੇ ਜੀਵਨ ਦੇ ਕਿਸੇ ਇਕ ਪਾਸਾਰ ਦੀ ਵੀ ਵਿਆਖਿਆ ਦੀ ਬਹੁਤ ਹੀ ਘੱਟ ਸੰਭਾਵਨਾ ਹੋਣ ਕਰਕੇ ਭਾਵਾਂ ਦੇ ਪ੍ਰਗਟਾਵੇ ਲਈ ਅਰਥ ਯੁਕਤ ਸ਼ਬਦਾਵਲੀ, ਵਾਰਤਾਲਾਪ, ਮੁਹਾਵਰੇ, ਅਖਾਣਾਂ ਅਤੇ ਚੁਸਤ ਤੇਜ਼ ਸ਼ੈਲੀ ਦੀ ਵਰਤੋਂ ਲਾਜ਼ਮੀ ਹੈ। ਪ੍ਰਤੀਕਾਂ ਤੇ ਸੰਕੇਤਾਂ ਦੀ ਮਦਦ ਨਾਲ ਕਈ ਵਾਰ ਮਿੰਨੀ ਕਹਾਣੀ ਦਾ ਅੰਤ ਭੇਤਪੂਰਣ ਅਤੇ ਕਲਾਤਮਕ ਬਣਾਇਆ ਜਾਂਦਾ ਹੈ। ਮਿੰਨੀ ਕਹਾਣੀ ਵਿਚ ਨਿੱਕੀ ਕਹਾਣੀ ਵਾਂਗ ਪਾਠਕਾਂ ਦੀ ਦਿਲਚਸਪੀ, ਰੁਚੀ, ਉਤਸੁਕਤਾ ਅਤੇ ਜਗਿਆਸਾ ਆਦਿ ਬਣੀ ਰਹਿਣੀ ਚਾਹੀਦੀ ਹੈ। ਇਸ ਲਈ ਮਿੰਨੀ ਕਹਾਣੀ ਵਿਚ ‘ਕਹਾਣੀ’, ‘ਕਹਾਣੀ ਅੰਸ਼’ ਜਾਂ ‘ਕਹਾਣੀ ਰਸ’ ਜ਼ਰੂਰ ਰਹਿਣਾ ਚਾਹੀਦਾ ਹੈ। ਮਿੰਨੀ ਕਹਾਣੀ ਵਿਚ ਗੋਂਦ, ਰਵਾਨੀ, ਮੱਧ ਵਿਚ ਵਿਸ਼ੇਸ਼ ਮੋੜ, ਟੁੰਬਵਾਂ ਕਲਾਤਮਕ ਅੰਤ ਅਤੇ ਕਹਾਣੀ ਰਸ ਆਦਿ ਜ਼ਰੂਰੀ ਅੰਗ ਹਨ।
ਮਿੰਨੀ ਕਹਾਣੀ ਉਸ ਛਿਣ ਦਾ ਕਲਾਤਮਕ ਚਿਤ੍ਰਣ ਹੈ ਜਿਸ ਵਿਚ ਜ਼ਿੰਦਗੀ ਦੇ ਡੂੰਘੇ ਅਰਥ ਛੁਪੇ ਹੋਏ ਹਨ, ਪਰੰਤੂ ਜਿਸ ਦੀ ਕਲਾਤਮਕ ਪੇਸ਼ਕਾਰੀ ਵਿਚ ਕੁਝ ਵੀ ਅਸਪਸ਼ਟ ਤੇ ਲੁਕਵਾਂ ਨਹੀਂ ਅਤੇ ਜਿਹੜਾ ਕਿਸੇ ਵਿਆਖਿਆ, ਵਿਸਥਾਰ ਜਾਂ ਵਿਸ਼ਲੇਸ਼ਣ ਦੀ ਮੰਗ ਨਹੀਂ ਕਰਦਾ। ਉਹ ਰਚਨਾ ਹੀ ਸਫਲ ਮਿੰਨੀ ਕਹਾਣੀ ਮੰਨੀ ਜਾ ਸਕਦੀ ਹੈ ਜਿਸ ਵਿਚ ਅੱਖਰ ਦਾ ਵਾਧਾ ਘਾਟਾ ਸੰਭਵ ਨਹੀਂ ਹੁੰਦਾ।
ਇਹ ਸਪੱਸ਼ਟ ਹੈ ਕਿ ਮਿੰਨੀ ਕਹਾਣੀ ਪੂੰਜੀਵਾਦੀ ਵਿਵਸਥਾ ਦੀ ਭੱਜ-ਦੌੜ ਅਤੇ ਵਿਹਲ ਘੱਟ ਜਾਣ ਦੇ ਨਤੀਜੇ ਵੱਜੋਂ ਹੋਂਦ ਵਿਚ ਨਹੀਂ ਆਉਂਦੀ, ਸਗੋਂ ਜਟਿਲ ਰਾਜਨੀਤਕ-ਸਮਾਜਕ ਯਥਾਰਥ ਅਤੇ ਵਿਅਕਤੀ ਉੱਪਰ ਇਸ ਦੇ ਪਏ ਪ੍ਰਭਾਵਾਂ ਕਾਰਨ ਹੋਂਦ ਵਿਚ ਆਉਂਦੀ ਹੈ। ਮਿੰਨੀ ਕਹਾਣੀ ਦਾ ਵਿਕਾਸ ਸਮੂਹਿਕ ਬੁੱਧੀ ਵਿਕਾਸ ਨਾਲ ਨੇੜਲਾ ਅਤੇ ਸਿੱਧਾ ਅਨੁਪਾਤਕ ਸੰਬੰਧ ਵੀ ਰੱਖਦਾ ਹੈ। ਇਸ ਲਈ ਇਹ ਵਿਧਾ ਗੰਭੀਰ ਵਿਸ਼ਿਆਂ ਅਤੇ ਗੁੰਝਲਦਾਰ ਸਮੱਸਿਆਵਾਂ ਭਾਵ ਜਟਿਲ ਯਥਾਰਥ ਨੂੰ ਪੇਸ਼ ਕਰਨ ਦੇ ਸਮਰੱਥ ਹੈ। ਕੁਝ ਮਿੰਨੀ ਕਹਾਣੀ ਲੇਖਕ ਇਸ ਤਰ੍ਹਾਂ ਸੋਚਦੇ ਹਨ ਕਿ ਮਿੰਨੀ ਕਹਾਣੀ ਸਾਹਿਤ ਦਾ ਬਹੁਤ ਹੀ ਸੂਖਮ ਰੂਪ ਹੈ। ਇਸ ਲਈ ਇਸ ਵਿਚ ਜੀਵਨ ਦੀ ਜਟਿਲਤਾ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਕੀ ਸੂਖਮਤਾ ਅਤੇ ਜਟਿਲਤਾ ਵਿਰੋਧੀ ਸੰਕਲਪ ਹਨ? ਨਹੀਂ। ਅਸਲ ਵਿਚ ਕਹਿਣਾ ਇਹ ਚਾਹੀਦਾ ਹੈ ਕਿ ਹਰ ਮਿੰਨੀ ਕਹਾਣੀ ਲੇਖਕ ਹਰ ਵਿਸ਼ੇ ਨੂੰ ਮਿੰਨੀ ਕਹਾਣੀ ਵਿਚ ਸਫਲਤਾ ਸਹਿਤ ਨਹੀਂ ਢਾਲ ਸਕਦਾ। ਮਿੰਨੀ ਕਹਾਣੀ ਵਿਚ ਵਿਸ਼ਿਆਂ ਦੀ ਨਵੀਨਤਾ ਚਾਹੀਦੀ ਹੈ। ਹੁਣ ਵਾਲਾ, ਕੁਝ ਵਿਸ਼ਿਆਂ ਦਾ ਦੁਹਰਾਉ ਅਤੇ ਉਹ ਵੀ ਉਸੇ ਢੰਗ ਨਾਲ, ਛੱਡਣਾ ਪਵੇਗਾ। ਸਮਾਜਕ ਕੁਰੀਤੀਆਂ, ਧਾਰਮਿਕ ਪਾਖੰਡ ਤੇ ਕਰਮ-ਕਾਂਡ, ਪੁਲਿਸ ਦਾ ਵਿਵਹਾਰ, ਰਾਜਨੀਤਕ ਤੇ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਰੂੜੀਵਾਦ, ਵਿਵਹਾਰ ਦਾ ਦੋਗਲਾਪਨ, ਆਰਥਿਕ-ਸਮਾਜਕ ਸ਼ੋਸ਼ਣ ਆਦਿ ਵਿਸ਼ਿਆਂ ਦਾ ਦੁਹਰਾਉ ਪੇਸ਼ ਯਥਾਰਥ ਦੇ ਅਨੁਰੂਪ ਹੈ। ਜੇਕਰ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ ਤਾਂ ਦੁਹਰਾਉ ਲਾਜ਼ਮੀ ਆਵੇਗਾ। ਇਹ ਦੁਹਰਾਉ ਰੜਕਦਾ ਨਹੀਂ ਹੈ। ਪਰੰਤੂ ਅਤੀ ਸਰਲਤਾ, ਸਤਹੀ ਅਤੇ ਪੁਰਾਣੇ ਘਿਸੇ-ਪਿਟੇ ਢੰਗ ਨਾਲ ਇਹਨਾਂ ਵਿਸ਼ਿਆਂ ਦੀ ਵਾਰ ਵਾਰ ਪੇਸ਼ਕਾਰੀ ਜ਼ਰੂਰ ਅੱਖਰਦੀ ਹੈ। ਪੁਨਰ ਸਿਰਜਣਾਤਮਕਤਾ ਅਤੇ ਨਿਵੇਕਲੀ ਸ਼ੈਲੀ ਦੁਹਰਾਉ ਨੂੰ ਸਾਰਥਕਤਾ ਪ੍ਰਦਾਨ ਕਰ ਸਕਦੀ ਹੈ।
-0-

May 18, 2009

ਮਿੰਨੀ ਕਹਾਣੀ ਦੇ ਵਿਕਾਸ ਦੀਆਂ ਦਿਸ਼ਾਵਾਂ








ਕੁਲਦੀਪ ਸਿੰਘ ਦੀਪ (ਡਾ.)
ਇਹ ਤਾਂ ਚਿੱਟੇ ਦਿਨ ਵਰਗਾ ਸੱਚ ਹੈ ਕਿ ਮਿੰਨੀ ਕਹਾਣੀ ਅੱਜ ਲਿਖੀ ਵੀ ਜਾ ਰਹੀ ਹੈ ਤੇ ਪੜ੍ਹੀ ਵੀ ਜਾ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕਿਤੇ ਦੁਰਕਾਰੀ ਜਾ ਰਹੀ ਹੈ ਤੇ ਕਿਤੇ ਸਤਕਾਰੀ ਜਾ ਰਹੀ ਹੈ। ਜਦੋਂ ਕਿਸੇ ਵਿਧਾ ਨੂੰ ਵੱਡੀ ਪੱਧਰ ਤੇ ਲੋਕ ਲਿਖ ਰਹੇ ਹੋਣ, ਮੀਨ-ਮੇਖ ਕੱਢ ਰਹੇ ਹੋਣ ਜਾਂ ਕਿੰਤੂ-ਪਰੰਤੂ ਕਰ ਰਹੇ ਹੋਣ , ਉਦੋਂ ਇਹ ਤਾਂ ਮੰਨਣਾ ਹੀ ਬਣਦਾ ਹੈ ਕਿ ਵਿਧਾ ਸਥਾਪਤ ਹੋ ਰਹੀ ਹੈ। ਇਸ ਨੂੰ ਰੱਦ ਕਰਨ ਵਾਲੇ ਵੀ ਇਸਦੀ ਹੋਂਦ ਨੂੰ ਤਾਂ ਮਾਨਤਾ ਦੇ ਹੀ ਰਹੇ ਹਨ ਤਾਂ ਹੀ ਇਸਦਾ ਨੋਟਿਸ ਲੈ ਰਹੇ ਹਨ। ਇਸ ਲਈ ਇਸ ਤੱਥ ਨੂੰ ਸਵੀਕਾਰਦਿਆਂ ਕਿ ਗਲਪੀ ਰੂਪਾਂ ਦੀਆਂ ਵਿਭਿੰਨ ਵੰਨਗੀਆਂ , ਨਾਵਲ, ਲੰਮੀ ਕਹਾਣੀ ਜਾਂ ਨਿੱਕੀ ਕਹਾਣੀ ਦੇ ਸਮਵਿੱਥ ਮਿੰਨੀ ਕਹਾਣੀ ਦੀ ਆਪਣੀ ਵਿਧਾ ਹੈ, ਆਪਣਾ ਪਰਿਪੇਖ ਹੈ, ਆਪਣਾ ਸੰਗਠਨ ਹੈ, ਆਪਣਾ ਵਿਧਾਨ ਹੈ ਤੇ ਆਪਣੇ ਹੀ ਸਰੋਕਾਰ ਹਨ। ਨਾਵਲ ਦਾ ਕਥਾਨਕ ਮਹਾਂਕਾਵਿਕ ਬਿਰਤਾਂਤ ਦਾ ਧਾਰਨੀ ਹੁੰਦਾ ਹੈ, ਨਿੱਕੀ ਕਹਾਣੀ ਵਿਚ ਖੰਡ ਕਾਵਿ ਵਰਗੀ ਰੁਸ਼ਨਾਈ ਹੁੰਦੀ ਹੈ। ਪਰੰਤੂ ਇਹਨਾਂ ਦੋਹਾਂ ਦੇ ਮੁਕਾਬਲੇ ਮਿੰਨੀ ਕਹਾਣੀ ਛਿਣ ਦੀ ਚਮਤਕਾਰਿਕ ਸੰਵੇਦਨਾ ਨੂੰ ਪਕੜ ਕੇ ਉਸਦਾ ਕਲਾਤਮਕ ਪ੍ਰਗਟਾਵਾ ਕਰਦੀ ਹੈ।
ਇਹਨਾਂ ਤਿੰਨਾਂ ਦਾ ਸੰਗਠਨ ਜਿੱਥੇ ਕਈ ਸਮਾਨਤਾਵਾਂ ਦਾ ਧਾਰਨੀ ਹੈ, ਉੱਥੇ ਅਨੇਕ ਵੱਖਰਤਾਵਾਂ ਤੇ ਵਿਲੱਖਣਤਾਵਾਂ ਦਾ ਵੀ ਧਾਰਨੀ ਹੈ। ਜਿੱਥੋਂ ਤਕ ਸਮਾਨਤਾਵਾਂ ਦੀ ਗੱਲ ਹੈ, ਇਹ ਤਿੰਨੇ ਗਲਪ ਦੀਆਂ ਸਿਨਫਾਂ ਹਨ ਅਤੇ ਗਲਪੀ ਸੰਗਠਨ ਦੇ ਜੋ ਤੱਤ ਹਨ, ਉਹ ਤਿੰਨਾਂ ਵਿਚ ਕਾਰਜਸ਼ੀਲ ਹਨ। ਜਿਵੇਂ ਤਿੰਨਾਂ ਵਿਚ ਹੀ ਤਿੰਨ ਤਰ੍ਹਾਂ ਦੇ ਕਥਾਨਕ ਹੋ ਸਕਦੇ ਹਨ :
(1)ਕਾਲਪਿਤ (2) ਇਤਿਹਾਸਕ (3) ਅਰਧ ਇਤਿਹਾਸਕ।
ਤਿੰਨਾਂ ਵਿਚ ਹੀ ਸੰਵਾਦ ਹੁੰਦੇ ਹਨ, ਤਿੰਨਾਂ ਵਿਚ ਪਾਤਰ ਤੇ ਪਾਤਰ ਉਸਾਰੀ ਹੁੰਦੀ ਹੈ। ਤਿੰਨਾਂ ਵਿਚ ਹੀ ਦੋ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ :
ਬਿਰਤਾਂਤਕ ਭਾਵ ਲੇਖਕ ਦੀ ਭਾਸ਼ਾ – ਕੇਂਦਰੀ ਭਾਸ਼ਾ
ਪਾਤਰ ਦੀ ਭਾਸ਼ਾ – ਸਥਾਨਕ ਭਾਸ਼ਾ
ਤਿੰਨਾਂ ਦਾ ਹੀ ਇਕ ਆਂਚਲਿਕ ਧਰਾਤਲ ਹੁੰਦਾ ਹੈ। ਤਿੰਨਾਂ ਵਿਚ ਕਈ ਸ਼ੈਲੀਆਂ ਵਰਤੀਆਂ ਜਾ ਸਕਦੀਆਂ ਹਨ :
1) ਚੇਤਨਾ ਪ੍ਰਵਾਹ ਸ਼ੈਲੀ
2) ਮਨੋਵਿਗਿਆਨਕ ਸ਼ੈਲੀ
3) ਨਾਟਕੀ ਸ਼ੈਲੀ
4) ਬਿਰਤਾਂਤ ਸ਼ੈਲੀ
5) ਵਰਣਨਾਤਮਕ ਸ਼ੈਲੀ
6) ਐਨਕੋਡਿੰਗ ਅਤੇ ਡੀਕੋਡਿੰਗ ਸ਼ੈਲੀ
ਪਰੰਤੂ ਇੱਥੇ ਸਾਡਾ ਮੂਲ ਸਰੋਕਾਰ ਉਹ ਵੱਖਰਤਾਵਾਂ ਤੇ ਵਿਲੱਖਣਤਾਵਾਂ ਹਨ ਜੋ ਇਹਨਾਂ ਤਿੰਨਾਂ ਨੂੰ ਵਖਰਿਆਉਂਦੀਆਂ ਹਨ। ਨਾਵਲ ਦਾ ਕਥਾਨਕ ਮਹਾਂਕਾਵਿਕ ਸਰੋਕਾਰਾਂ ਨਾਲ ਵਾਬਸਤਗੀ ਰੱਖਣ ਵਾਲਾ ਹੁੰਦਾ ਹੈ, ਜਿਸ ਵਿਚ ਇਕ ਕਾਲਖੰਡ ਦਾ, ਜਾਂ ਇਕ ਵਿਅਕਤਿਤਵ ਦਾ ਪੂਰੇ ਦਾ ਪੂਰਾ ਪਰਿਦ੍ਰਿਸ਼ (scenario) ਦ੍ਰਿਸ਼ਮਾਨ ਹੁੰਦਾ ਹੈ। ਇਸ ਦੇ ਕਥਾਨਕ ਵਿਚ ਇਕ ਮੂਲ ਕਥਾ ਦੇ ਨਾਲ ਅਨੇਕ ਗੌਣਕਥਾਵਾਂ ਪ੍ਰਾਸੰਗਿਕ (incidental) ਕਥਾਵਾਂ ਦੇ ਰੂਪ ਵਿਚ ਕਾਰਜਸ਼ੀਲ ਹੁੰਦੀਆਂ ਹਨ ਜੋ ਮੂਲ ਕਥਾ ਦੀ ਵੱਥ ਨੂੰ ਪੁਸ਼ਟ ਕਰਨ ਲਈ ਸਿਰਜੀਆਂ ਜਾਂਦੀਆਂ ਹਨ ਅਤੇ ਉਸ ਨੂੰ ਪੁਸ਼ਟ ਕਰਕੇ ਸਮਾਪਤ ਹੋ ਜਾਂਦੀਆਂ ਹਨ। ਉਦੇਸ਼ ਇਹ ਹੁੰਦਾ ਹੈ ਕਿ ਕਿਸੇ ਵਰਤਾਰੇ ਦੇ ਸਮੁਚੇ ਪਸਾਰ, ਸਮੁਚੀਆਂ ਪਰਤਾਂ ਤੇ ਸਮੁਚੇ ਸਰੋਕਾਰ ਪ੍ਰਕਾਸ਼ਮਾਨ ਹੋ ਸਕਣ। ਇਉਂ ਨਾਵਲ ਇਕ ਸੂਰਜ ਵਾਂਗ ਮਨੁੱਖ ਦੇ ਕਿਸੇ ਸਮਾਜਿਕ, ਆਰਥਿਕ ਜਾਂ ਮਾਨਸਿਕ ਧਰਾਤਲ ਦੇ ਸਾਰੇ ਖੂੰਜਿਆਂ ਨੂੰ ਉਦੀਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਅਨੇਕ ਦੀਵਾਰਾਂ, ਛੱਤਾਂ, ਤਹਿਖਾਨੇ, ਪਰਦੇ ਰੂਪੋਸ਼ੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਤਕ ਸੂਰਜ ਦੀ ਰੇਂਜ ਵੀ ਨਹੀਂ ਹੁੰਦੀ ਅਤੇ ਜੋ ਵੱਡੇ ਸੂਰਜ ਦੀ ਵੱਡੀ ਰੋਸ਼ਨੀ ਵਿਚ ਵੀ ਉਦੀਪਤ ਹੋਣੋਂ ਰਹਿ ਜਾਂਦੀਆਂ ਹਨ। ਪਰੰਤੂ ਇਹਨਾਂ ਦਰ-ਦੀਵਾਰਾਂ, ਛੱਤਾਂ, ਤਹਿਖਾਨਿਆਂ, ਪਰਦਿਆਂ ਤੇ ਰੂਪੋਸ਼ੀਆਂ ਦੇ ਰਹੱਸ ਵੀ ਘੱਟ ਗੌਲਣਯੋਗ ਨਹੀਂ ਹੁੰਦੇ, ਬਲਕਿ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਰਹੱਸਾਂ ਦੇ ਵਿਸ਼ਲੇਸ਼ਣ ਤੋਂ ਬਗੈਰ ਸੱਚ ਨੂੰ ਪੂਰਨ ਰੂਪ ਵਿਚ ਉਦੀਪਤ ਹੀ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਲਘੂ ਪਰ ਅਤਿ ਮਹੱਤਵਪੂਰਨ ਪਸਾਰਾਂ ਨੂੰ ਪਰਿਭਾਸ਼ਿਤ ਤੇ ਵਿਸ਼ਲੇਸ਼ਿਤ ਕਰਨ ਲਈ ਨਾਵਲ ਦੇ ਮੁਕਾਬਲੇ ਕਹਾਣੀ ਤੇ ਨਿੱਕੀ ਕਹਾਣੀ ਵਰਗੇ ਰੂਪਾਂ ਦਾ ਵਿਕਾਸ ਹੋਇਆ ਜੋ ਇਕ ਪਾਤਰ ਜਾਂ ਕਾਲਖੰਡ ਦੇ ਬਹੁਵਿਧ ਪਸਾਰਾਂ ਵਿੱਚੋਂ ਕਿਸੇ ਇਕ ਜਾਂ ਦੋ ਪਸਾਰਾਂ ਨੂੰ ਆਪਣੇ ਸਮਰੱਥ ਸੰਦਾਂ (tools) ਰਾਹੀਂ ਪ੍ਰਕਾਸ਼ਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਉਂ ਸੂਰਜ ਦੇ ਮੁਕਾਬਲੇ ਫਲੱਡ ਲਾਈਟਾਂ ਵਰਗੀਆਂ ਰੋਸ਼ਨੀਆਂ ਦਾ ਮਹੱਤਵ ਵੀ ਘੱਟ ਨਹੀਂ ਹੁੰਦਾ, ਜਿਨ੍ਹਾਂ ਦਾ ਕਵਰੇਜ ਏਰੀਆ ਤਾਂ ਭਾਵੇਂ ਘੱਟ ਹੁੰਦਾ ਹੈ, ਪਰੰਤੂ ਉਸ ਏਰੀਏ ਵਿਚ ਉਹਨਾਂ ਦੀ ਸਮਰੱਥਾ ਕਿਸੇ ਸੂਰਜ ਤੋਂ ਘੱਟ ਨਹੀਂ ਹੁੰਦੀ। ਹੋਰ ਅੱਗੇ ਜਾਈਏ ਤਾਂ ਇਹਨਾਂ ਤਹਿਖਾਨਿਆਂ ਤੇ ਦੀਵਾਰਾਂ ਦੇ ਅੰਦਰ ਵੀ ਕਈ ਅਲਮਾਰੀਆਂ, ਪੇਟੀਆਂ, ਟਰੰਕ, ਗੰਢੜੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਰਹੱਸ ਮਨੁੱਖ ਵਾਸਤੇ ਚੈਲੰਜ ਬਣ ਜਾਂਦੇ ਹਨ ਅਤੇ ਇਹ ਚੀਜ਼ਾਂ ਮਨੁੱਖ ਦੇ ਬਾਹਰੋਂ ਦਿਖਾਈ ਦਿੰਦੇ ਵੱਡਆਕਾਰੀ ਯਥਾਰਥਾਂ ਨੂੰ ਪਲਾਂ ਛਿਣਾਂ ਵਿਚ ਤਬਾਹ ਕਰਨ ਦੇ ਸਮਰੱਥ ਹੁੰਦੀਆਂ ਹਨ। ਇਸ ਲਈ ਕਿਸੇ ਵੀ ਵੱਡੇ ਵਰਤਾਰੇ ਦਾ ਰਹੱਸ ਉਸ ਦੇ ਧੁਰ ਅੰਦਰ ਗਰਭ ਵਿਚ ਛੁਪਿਆ ਹੁੰਦਾ ਹੈ ਅਤੇ ਇਸ ‘ਧੁਰ ਅੰਦਰ’ ਨੂੰ ਫਰੋਲਣ ਦਾ ਕਾਰਜ ਸਰਚ ਲਾਈਟਾਂ, ਲੇਜ਼ਰ ਰੋਸ਼ਨੀ, ਬੈਟਰੀਆਂ ਤੇ ਸੂਖਮਦਰਸ਼ੀਆਂ ਆਦਿ ਦੁਆਰਾ ਕੀਤਾ ਜਾਂਦਾ ਹੈ, ਜੋ ਬਾਹਰੋਂ ਦਿਸਦੇ ਇਕਹਰੇ ਵਰਤਾਰੇ ਦੇ ਅੰਦਰਲੇ ਅਣਗਿਣਤ ਵਰਤਾਰਿਆਂ ਤੋਂ ਪਰਦਾ ਚੁੱਕਦੇ ਹਨ ਅਤੇ ਮਨੁੱਖ ਦੇ ਅੰਤਮ ਸੱਚ ਨੂੰ ਪਰਿਭਾਸ਼ਿਤ ਕਰਦੇ ਹਨ। ਇਉਂ ਵੱਡੇ ਵਰਤਾਰੇ ਦੇ ਗਰਭ ਵਿਚ ਕੁਝ ਵਿਸ਼ੇਸ਼ ਛਿਣ ਹੀ ਹੁੰਦੇ ਹਨ ਜੋ ਉਸ ਵੱਡੇ ਵਰਤਾਰੇ ਦੇ ਸਿਰਜਣ ਲਈ ਬੀਜ ਦਾ ਕਾਰਜ ਕਰਦੇ ਹਨ। ਇਸ ਬੀਜ ਰੂਪੀ ਛਿਣ ਨੂੰ ਫੜਨ ਲਈ ਸਾਨੂੰ ਕਹਾਣੀ ਤੋਂ ਅੱਗੇ ਮਿੰਨੀ ਕਹਾਣੀ ਨਾਂ ਦੇ ਟੂਲ ਦੀ ਜ਼ਰੂਰਤ ਮਹਿਸੂਸ ਹੋਈ। ਇਤਫਾਕਵਸ਼ ਮੈਨੂੰ ਪਿਛਲੇ ਸਮੇਂ ਦੌਰਾਨ ਮੁੰਸ਼ੀ ਪ੍ਰੇਮਚੰਦ, ਸਆਦਤ ਹਸਨ ਮੰਟੋ ਤੇ ਖਲੀਲ ਜ਼ਿਬਰਾਨ ਦੀਆਂ ਕੁਝ ਅਜਿਹੀਆਂ ਲਘੂ ਰਚਨਾਵਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੂੰ ਪੜ੍ਹਕੇ ਮੇਰੇ ਮਨ ਵਿਚ ਇਕ ਪ੍ਰਸ਼ਨ ਵਾਰ ਵਾਰ ਊਸਲਵੱਟੇ ਲੈਂਦਾ ਰਿਹਾ ਹੈ ਕਿ ਆਖਿਰ ਏਨੇ ਵੱਡੇ ਲੇਖਕਾਂ ਨੂੰ ਏਨੀਆਂ ਲਘੂ ਰਚਨਾਵਾਂ ਦੇ ਸਿਰਜਣ ਦੀ ਲੋੜ ਕਿਉਂ ਪਈ ? ਮੁੰਸ਼ੀ ਪ੍ਰੇਮਚੰਦ ਜੋ ‘ਗੋਦਾਨ’ ਵਰਗਾ ਵੱਡਆਕਾਰੀ ਨਾਵਲ ਲਿਖਕੇ ਵੀ ‘ਪੂਸ ਕੀ ਰਾਤ’ ਵਰਗੀਆਂ ਕਹਾਣੀਆਂ ਲਿਖਦਾ ਹੈ ਤੇ ਅਜਿਹੀਆਂ ਕਹਾਣੀਆਂ ਲਿਖਕੇ ਵੀ ‘ਠਾਕੁਰ ਕਾ ਕੂੰਆਂ’ ਵਰਗੀਆਂ ਤੇ ਇਸ ਤੋਂ ਵੀ ਲਘੂ ਰਚਨਾਵਾਂ ਲਿਖਦਾ ਹੈ ਦਾਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ‘ਗੋਦਾਨ’ ਤੇ ‘ਪੂਸ ਕੀ ਰਾਤ’ ਲਿਖਕੇ ਵੀ ਕੁਝ ਅਜਿਹਾ ਰਹਿ ਜਾਂਦਾ ਹੈ ਜਿਹੜਾ ਮਹੱਤਵਪੂਰਨ ਹੈ। ਲਘੂਕਥਾ ਨੇ ਨਾਵਲ ਤੇ ਕਹਾਣੀ ਦੇ ਸਮਵਿੱਥ ਇਸੇ ਮਹੱਤਵਪੂਰਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਸਆਦਤ ਹਸਨ ਮੰਟੋ ਜੇਕਰ ‘ਟੋਭਾ ਟੇਕ ਸਿੰਘ’ ਵਰਗੀਆਂ ਵੱਡਆਕਾਰੀ ਕਹਾਣੀਆਂ ਲਿਖਕੇ ਵੀ ਨਿੱਕੇ-ਨਿੱਕੇ ਟੋਟਕੇ ਲਿਖਦਾ ਹੈ, ਜਿਨ੍ਹਾਂ ਵਿਚ ਵਿਅੰਗ ਦੀ ਏਨੀ ਉੱਚੀ ਸਿਖਰ ਹੈ ਕਿ ਉਹ ਪਾਠਕ ਨੂੰ ਕੁਝ ਪਲਾਂ ਲਈ ਨਾਵਲ ਤੋਂ ਵੀ ਵੱਧ ਆਨੰਦਿਤ ਕਰਦੇ ਹਨ ਤਾਂ ਇਸ ਤੋਂ ਵੀ ਉਪਰੋਕਤ ਤੱਥ ਦੀ ਹੀ ਪੁਸ਼ਟੀ ਹੁੰਦੀ ਹੈ।
ਇਸੇ ਤਰ੍ਹਾਂ ਖਲੀਲ ਜ਼ਿਬਰਾਨ ਜੇਕਰ ‘The Prophet’ ਵਰਗੀ ਪੁਸਤਕ ਵਿਚ ਅਨੇਕਾਂ ਵੱਡਆਕਾਰੀ ਨਿਬੰਧ ਲਿਖਕੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਕੁਝ ਛਿਣ ਉਸ ਦੇ ਮਨ ਵਿਚ ਫਿਰ ਵੀ ਖਲਲ ਪਾਉਂਦੇ ਹਨ ਤੇ ਉਹ ਇਹਨਾਂ ਛਿਣਾਂ ਦੇ ਅਨੁਭਵਾਂ ਦਾ ਨਿੱਕੀਆਂ-ਨਿੱਕੀਆਂ ਉਪਦੇਸ਼ਾਤਮਕ ਰਚਨਾਵਾਂ ਵਿਚ ਪ੍ਰਸਤੁਤੀਕਰਨ ਕਰਦਾ ਹੈ ਤਾਂ ਲਾਜਮੀ ਇਹਨਾਂ ਛਿਣਾਂ ਦੀ ਵਕਾਰੀ ਤੇ ਨਿਰਣਾਇਕ ਭੂਮਿਕਾ ਹੋਵੇਗੀ। ਮੁੰਸ਼ੀ ਪ੍ਰੇਮਚੰਦ, ਮੰਟੋ ਤੇ ਖਲੀਲ ਜ਼ਿਬਰਾਨ ਤਾਂ ਮਹਿਜ ਉਦਾਹਰਨਾਂ ਹਨ ਅਤੇ ਇਹ ਤਿੰਨੇ ਉਹ ਵੱਡੇ ਨਾਂ ਹਨ ਜਿਨ੍ਹਾਂ ਨੂੰ ਕਿਸੇ ਸਾਹਿਤਕ ਤੱਥ ਦੀ ਪੁਸ਼ਟੀ ਲਈ ਵਰਤਿਆ ਜਾ ਸਕਦਾ ਹੈ। ਵਰਨਾ ਹਰ ਸਿਰਜਣਾਤਮਕ ਸ਼ਖ਼ਸੀਅਤ ਜੋ ਸੱਚ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਉਹ ਸੱਚ ਦੀਆਂ ਪਰਤਾਂ ਤੇ ਪਸਾਰਾਂ ਮੁਤਾਬਕ ਹੀ ਆਪਣੀ ਵਿਧਾ ਘੜਦੀ ਹੈ। ਇਸ ਲਈ ਮਹਾਂਕਾਵਿ ਤੇ ਨਾਵਲ ਵੀ ਰਚੇ ਗਏ ਹਨ ਤੇ ਰਚੇ ਜਾ ਰਹੇ ਹਨ। ਟੱਪੇ, ਦੋਹੇ, ਹਾਇਕੂ ਤੇ ਕਿੱਸੇ ਵੀ ਰਚੇ ਗਏ ਹਨ ਤੇ ਤੀਜੇ ਪਾਸੇ ਨਾਵਲ ਦੇ ਮੁਕਾਬਲੇ ਕਹਾਣੀ ਤੇ ਕਹਾਣੀ ਮੁਕਾਬਲੇ ਇਸ ਤੋਂ ਵੀ ਲਘੂ ਆਕਾਰ ਦੀਆਂ ਰਚਨਾਵਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਲਘੂ ਆਕਾਰ ਦੀਆਂ ਰਚਨਾਵਾਂ ਦੇ ਵੀ ਆਪਣੇ ਆਕਾਰ, ਪ੍ਰਕਾਰ ਤੇ ਵਿਹਾਰ ਹਨ। ਪਹਿਲਾਂ ਪ੍ਰਕਾਰ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਸਾਹਮਣੇ ਹੇਠ ਲਿਖੇ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ :
1) ਟੱਪਾ
2) ਦੋਹਾ
3) ਚੁਟਕਲਾ
4) ਉਪਦੇਸ਼ ਕਥਾ
5) ਪ੍ਰੇਰਕ ਪ੍ਰਸੰਗ
6) ਮਿੰਨੀ ਕਹਾਣੀ
ਆਕਾਰ ਪੱਖੋਂ ਦੇਖੀਏ ਤਾਂ ਟੱਪਾ ਡੇਢ ਲਾਈਨ ਦੀ ਰਚਨਾ ਹੈ। ਜਿਸ ਵਿਚ ਇਕ ਲਾਈਨ ਹੀ ਕੱਥ ਨੂੰ ਬਿਆਨਦੀ ਹੈ, ਦੂਜੀ ਅੱਧੀ ਲਾਈਨ ਸਿਰਫ ਲੈਅ ਅਤੇ ਤੁਕਾਂਤ ਮੇਲ ਦੀ ਲੋੜ ਦੇ ਰੂਪ ਵਿਚ ਕਾਰਜਸ਼ੀਲ ਹੁੰਦੀ ਹੈ। ਦੋਹਾ ਦੋ ਪੰਕਤੀਆਂ ਦੀ ਵਿਧਾ ਹੈ, ਜਿਸ ਵਿੱਚੋਂ ਇਕ ਮੁਕੰਮਲ ਥੀਮ ਜਾਂ ਵਿਚਾਰ ਸੰਚਾਰਿਤ ਹੁੰਦਾ ਹੈ।
ਉਪਦੇਸ਼ ਕਥਾ ਤੇ ਪ੍ਰੇਰਕ ਪ੍ਰਸੰਗ ਆਕਾਰ ਪੱਖੋਂ ਕਿਸੇ ਇਕ ਜਾਬਤੇ ਦੀ ਪਾਲਣਾ ਨਹੀਂ ਕਰਦੇ। ਇਹ ਪ੍ਰੇਰਕ ਪ੍ਰਸੰਗ ਕਦੇ ਇਕ ਮਿੰਨੀ ਕਹਾਣੀ ਦੇ ਆਕਾਰ ਦੇ ਹੁੰਦੇ ਹਨ, ਕਦੇ ਕਹਾਣੀ ਦੇ ਆਕਾਰ ਦੇ ਅਤੇ ਕਿਤੇ-ਕਿਤੇ ਲਘੂ ਨਾਵਲ ਦੇ ਆਕਾਰ ਤੱਕ ਵੀ ਪਹੁੰਚ ਜਾਂਦੇ ਹਨ।
ਇਹਨਾਂ ਦੇ ਮੁਕਾਬਲੇ ਚੁਟਕਲਾ/ਲਤੀਫ਼ਾ ਤੇ ਮਿੰਨੀ ਕਹਾਣੀ ਵਿਚ ਆਕਾਰ ਦੀਆਂ ਕਾਫੀ ਸਮਾਨਤਾਵਾਂ ਹੁੰਦੀਆਂ ਹਨ । ਇਹ ਦੋਹੇ ਤੇ ਟੱਪੇ ਤੋਂ ਵੱਡੇ ਹੁੰਦੇ ਹਨ ਅਤੇ ਉਪਦੇਸ਼ ਕਥਾ ਜਾਂ ਪ੍ਰੇਰਕ ਪ੍ਰਸੰਗ ਦੇ ਕਈ ਵਾਰ ਬਰਾਬਰ ਹੁੰਦੇ ਹਨ ਤੇ ਕਈ ਵਾਰ ਉਸ ਤੋਂ ਛੋਟੇ ਹੁੰਦੇ ਹਨ।
ਵਰਗਗਤ ਦ੍ਰਿਸ਼ਟੀ ਤੋਂ ਦੇਖੀਏ ਤਾਂ ਦੋਹਾ ਤੇ ਟੱਪਾ ਕਾਵਿਕ ਵਿਧਾਵਾਂ ਹਨ। ਲਤੀਫਾ ਅਤੇ ਮਿੰਨੀ ਕਹਾਣੀ ਗਲਪੀ ਵਿਧਾਵਾਂ ਹਨ, ਜਦੋਂ ਕਿ ਪ੍ਰੇਰਕ ਪ੍ਰਸੰਗ ਬਹੁਤੀ ਵਾਰ ਗਲਪੀ ਹੁੰਦੇ ਹਨ, ਪਰੰਤੂ ਕਈ ਵਾਰ ਕਾਵਿਕ ਵੀ ਹੋ ਜਾਂਦੇ ਹਨ।
ਇਤਿਹਾਸਕ ਵਿਕਾਸਕ੍ਰਮ ਦੀ ਦ੍ਰਿਸ਼ਟੀ ਤੋ ਦੇਖੀਏ ਤਾਂ ਉਪਦੇਸ਼ ਕਥਾਵਾਂ ਅਤੇ ਪ੍ਰੇਰਕ ਪ੍ਰਸੰਗ ਦਾ ਆਧਾਰ ਨੈਤਿਕ ਧਰਾਤਲ ਹੈ ਜੋ ਪੂਰਵ ਆਧੁਨਿਕ ਕਾਲ ਭਾਵ ਜਾਗੀਰਦਾਰੀ ਯੁਗ ਦੇ ਮਾਪਦੰਡਾ ਤੇ ਮੂਲ ਵਿਧਾਨ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਅਜਿਹਾ ਨਹੀਂ ਹੈ ਕਿ ਅੱਜ ਕੋਈ ਪ੍ਰੇਰਕ ਪ੍ਰਸੰਗ ਪੈਦਾ ਨਹੀਂ ਹੋ ਸਕਦਾ ਹੈ। ਇਸ ਦੀਆਂ ਸੰਭਾਵਨਾਵਾਂ ਅੱਜ ਵੀ ਮੌਜੂਦ ਹਨ, ਪਰ ਨੈਤਿਕਤਾ ਦਾ ਜੋ ਸਾਂਝਾ ਕੋਡ ਪੂਰਵ ਆਧੁਨਿਕ ਕਾਲ ਵਿਚ ਦ੍ਰਿਸ਼ਮਾਨ ਸੀ, ਉਸ ਲਈ ਇਸ ਕਾਲ ਵਿਚ ਸਪੇਸ ਲਗਾਤਾਰ ਘਟਦੀ ਜਾ ਰਹੀ ਹੈ। ਪੁਰਾਤਨ ਸਮੇਂ ਵਿਚ ਇਹਨਾਂ ਵਿਧਾਵਾਂ ਦੇ ਵਿਕਸਿਤ ਹੋਣ ਲਈ ਸਪੇਸ ਇਸ ਕਰਕੇ ਵੀ ਜ਼ਿਆਦਾ ਸੀ ਕਿ ਪ੍ਰੇਰਨਾ, ਅਗਵਾਈ ਅਤੇ ਸ਼ਕਤੀ ਦੇ ਕੇਂਦਰ ਜਾਂ ਤਾਂ ਸਾਧ, ਸੰਤ ਤੇ ਫਕੀਰ ਹੁੰਦੇ ਸਨ, ਜਾਂ ਫਿਰ ਰਾਜੇ ਮਹਾਰਾਜੇ ਹੁੰਦੇ ਸਨ। ਆਮ ਆਦਮੀ ਉਸ ਸਮੇਂ ਮੁੱਖ ਧਾਰਾ ਵਿਚ ਨਹੀਂ ਸੀ। ਇਸ ਲਈ ਸਾਧਾ, ਸੰਤਾਂ, ਫਕੀਰਾਂ, ਰਾਜਿਆਂ, ਮਹਾਰਾਜਿਆਂ ਦੀ ਜਿੰਦਗੀ ਦੇ ਵਿਚ ਅਨੇਕਾਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਸਨ ਜੋ ਜਨਸਾਧਾਰਨ ਲਈ ਪ੍ਰੇਰਕ ਬਣਦੀਆਂ ਸਨ। ਇਸੇ ਲਈ ਹਰੇਕ ਮਹਾਂਪੁਰਖ (ਬੁੱਧ, ਈਸਾ, ਨਾਨਕ) ਨਾਲ ਅਨੇਕ ਪ੍ਰੇਰਕ ਪ੍ਰਸੰਗ ਜੁੜੇ ਹੋਏ ਹਨ। ਦੂਜੇ ਪਾਸੇ ਇਹਨਾਂ ਲੋਕਾਂ ਸਿਰ ਇਕ ਜ਼ਿੰਮਾ ਵੀ ਹੁੰਦਾ ਸੀ ਕਿ ਉਹ ਅਜਿਹਾ ਕੁਝ ਸਿਰਜਣ ਜਿਸ ਨਾਲ ਆਮ ਆਦਮੀ ਨੂੰ ਪ੍ਰੇਰਨਾ ਮਿਲ ਸਕੇ। ਇਸ ਦਿਸ਼ਾ ਵਿਚ ਕੀਤੇ ਯਤਨਾਂ ਨਾਲ ਪਰੀ ਕਥਾਵਾਂ ਅਤੇ ਜਨੌਰ ਕਥਾਵਾਂ ਹੋਂਦ ਵਿਚ ਆਈਆਂ। ਅੱਜ ਵਿਸ਼ੇਸ਼ ਪੁਰਸ਼ਾਂ (ਸਾਧ-ਸੰਤ, ਫਕੀਰ, ਮਹਾਰਾਜੇ) ਦੀ ਹੋਂਦ ਲਗਾਤਾਰ ਖਤਮ ਹੋ ਰਹੀ ਹੈ ਅਤੇ ਆਮ ਆਦਮੀ ਹਾਸ਼ੀਏ ਵਿੱਚੋਂ ਨਿਕਲ ਕੇ ਕੇਂਦਰ ਵਿਚ ਆ ਗਿਆ ਹੈ। ਇਸੇ ਲਈ ਨੈਤਿਕ ਪ੍ਰਵਚਨਾਂ ਤੇ ਕਥਾਵਾਂ ਦਾ ਸਿਰਜਣ ਧਰਾਤਲ ਤੇ ਫੈਲਣ-ਧਰਾਤਲ ਦੋਵੇਂ ਹੀ ਸੰਕਟਗ੍ਰਸਤ ਹੋਏ ਹਨ। ਇਸ ਲਈ ‘ਇਕ ਸੀ ਰਾਜਾ’ ਜਾਂ ‘ਇਕ ਸੀ ਚਿੜੀ’, ਜਾਂ ‘ਇਕ ਵਾਰ ਦੀ ਗੱਲ ਹੈ’ ਵਰਗੇ ਸਿਰਜਣਾਤਮਕ ਪਸਾਰ ਵੀ ਆਪਣੀ ਹੋਂਦ ਗੁਆ ਰਹੇ ਹਨ ਤੇ ਇਹਨਾਂ ਦੀ ਥਾਂ ਤੇ ਆਧੁਨਿਕ ਯੁਗ ਦੇ ਉਹ ਸਰੋਕਾਰ ਸਿਰਜਣਾ ਦੀ ਆਧਾਰ ਭੂਮੀ ਬਣ ਰਹੇ ਹਨ ਜੋ ਆਮ ਆਦਮੀ ਦੇ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਮਨੋਵਿਗਿਆਨਕ ਪਸਾਰਾਂ ਨੂੰ ਮੁਖ਼ਾਤਬ ਹੋਣ। ਸਿੱਟਾ ਕੀ ਨਿਕਲਦਾ ਹੈ ਕਿ ਜਗੀਰਦਾਰੀ ਮੁੱਲ-ਵਿਧਾਨ ਉੱਪਰ ਆਧਾਰਿਤ ਵਿਸ਼ੇਸ਼ ਲੋਕਾਂ ਨਾਲ ਜੁੜੀਆਂ ਉਪਦੇਸ਼ ਕਥਾਵਾਂ ਤੇ ਪ੍ਰੇਰਕ ਪ੍ਰਸੰਗ ਦਮ ਤੋੜਦੇ ਹਨ ਤੇ ਪੂੰਜੀਵਾਦੀ ਮੁੱਲ-ਪ੍ਰਬੰਧ ਉੱਪਰ ਆਧਾਰਿਤ ਜਨਸਾਧਾਰਨ ਨਾਲ ਜੁੜੇ ਸੁਹਜਾਤਮਕ ਅਤੇ ਰਚਨਾਤਮਕ ਪਾਸਾਰ ਲਘੂਕਥਾ ਰਾਹੀਂ ਉਜਾਗਰ ਹੋ ਰਹੇ ਹਨ। ਇਸ ਤਰ੍ਹਾਂ ਲਘੂਕਥਾ ਤੇ ਪ੍ਰੇਰਕ ਪ੍ਰਸੰਗ ਆਕਾਰ ਪੱਖੋਂ ਤੇ ਗਲਪੀ ਵਿਧਾ ਪੱਖੋਂ ਸਮਾਨਤਾ ਰਖਦੇ ਹੋਏ ਵੀ ਇਤਿਹਾਸਕ ਪਰਿਪੇਖ ਪੱਖੋਂ ਇਕ ਦੂਜੇ ਦੇ ਵਿਰੋਧੀ ਧਰਾਤਲਾਂ ਰਾਹੀਂ ਵਿਕਸਿਤ ਹੁੰਦੇ ਹਨ। ਇਕ ਦਮ ਤੋੜਦਾ ਹੈ ਤੇ ਦੂਜਾ ਉਸ ਦੁਆਰਾ ਪੈਦਾ ਕੀਤੇ ਖਲਾਅ ਨੂੰ ਪੂਰਦਾ ਹੈ। ਇਕ ਦੇ ਕੇਂਦਰ ਵਿਚ ਉਪਦੇਸ਼ ਹੈ, ਆਦਰਸ਼ ਹੈ ਤੇ ਪ੍ਰਚਾਰ ਹੈ। ਜਦਕਿ ਦੂਜੇ (ਲਘੂਕਥਾ) ਦੇ ਕੇਂਦਰ ਵਿਚ ਵਰਣਨ ਹੈ, ਯਥਾਰਥ ਹੈ ਤੇ ਚਿਤਰਣ ਹੈ। ਪਹਿਲਾ ਆਪਣੇ ਗਲਪੀ ਵਿਧਾਨ ਰਾਹੀਂ ਇਕ ਖਾਸ ਕਿਸਮ ਦੀ ਸਿੱਖਿਆ ਤੇ ਉਪਦੇਸ਼ ਨੂੰ ਪ੍ਰਸਤੁਤ ਕਰਕੇ ਜਾਂ ਪੁਸ਼ਟ ਕਰਕੇ ਸਮਾਪਤ ਹੁੰਦਾ ਹੈ, ਦੂਜਾ ਸਮਕਾਲੀ ਯਥਾਰਥ ਦੀਆਂ ਪਰਤਾਂ ਵਿਸ਼ਲੇਸ਼ਿਤ ਜਾਂ ਪਰਿਭਾਸ਼ਿਤ ਕਰਦਾ ਹੈ ਤੇ ਉਸ ਤੋਂ ਅੱਗੇ ਅਣਕਹੇ (unsaid) ਦੇ ਰੂਪ ਵਿਚ ਚੁੱਪ ਹੋ ਜਾਂਦਾ ਹੈ।
ਜਿੱਥੋਂ ਤੱਕ ਚੁਟਕਲੇ ਤੇ ਮਿੰਨੀ ਕਹਾਣੀ ਦੇ ਵਿਹਾਰ ਦਾ ਮਸਲਾ ਹੈ, ਇਹ ਦੋਵੇਂ ਕਾਫੀ ਹੱਦ ਤੱਕ ਆਕਾਰ ਪੱਖੋਂ ਅਤੇ ਆਧੁਨਿਕਤਾ/ਪੁਰਾਤਨਤਾ ਪੱਖੋਂ ਸਮਾਨਤਾ ਰਖਦੇ ਹਨ, ਪਰੰਤੂ ਉਦੇਸ਼ ਪੱਖੋਂ ਭਿੰਨ ਹਨ। ਉਦੇਸ਼ ਦੀ ਭਿੰਨਤਾ ਕਾਰਨ ਹੀ ਗਲਪੀ ਜੁਗਤਾਂ ਅਤੇ ਤਕਨੀਕਾਂ ਦੀ ਭਿੰਨਤਾ ਵੀ ਇਹਨਾਂ ਦੇ ਵਿਧਾਨ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦੇਸ਼ ਦੀ ਪੱਧਰ ਤੇ ਦੇਖੀਏ ਤਾਂ ਜਿੱਥੇ ਚੁਟਕਲੇ ਤੇ ਲਤੀਫੇ਼ ਦਾ ਮਕਸਦ ਸਿਰਫ ਹਾਸਾ ਪੈਦਾ ਕਰਕੇ ਮਨੋਰੰਜਨ ਕਰਨਾ ਹੁੰਦਾ ਹੈ, ਉੱਥੇ ਮਿੰਨੀ ਕਹਾਣੀ ਸਾਹਿਤ ਦੀ ਬਹੁਤ ਗੰਭੀਰ ਸਿਨਫ਼ ਹੈ। ਹਸਾਉਣਾ ਜਿਸਦਾ ਕੋਈ ਮਕਸਦ ਹੀ ਨਹੀਂ ਹੁੰਦਾ, ਬਲਕਿ ਸਥਿਤੀਆਂ ਦੇ ਵਰਣਨ ਰਾਹੀਂ ਕੋਈ ਗੰਭੀਰ ਸੰਵਾਦ ਛੇੜਨਾ ਹੁੰਦਾ ਹੈ। ਇਹ ਵੀ ਨਹੀਂ ਕਿ ਚੁਟਕਲੇ ਗੰਭੀਰ ਨਹੀਂ ਹੁੰਦੇ, ਬਲਕਿ ਕੁਝ ਚੁਟਕਲਿਆਂ ਵਿਚ ਵਿਅੰਗ ਜਾਂ ਕਟਾਖਸ਼ ਦੀ ਚੋਭ ਏਨੀ ਤਿੱਖੀ ਹੁੰਦੀ ਹੈ ਕਿ ਹਸਾਉਣ ਦੇ ਨਾਲ-ਨਾਲ ਅਜਿਹੀਆਂ ਗੁੱਝੀਆਂ ਚੋਟਾਂ ਮਾਰਦੇ ਹਨ ਕਿ ਮਾਨਸਿਕਤਾ ਝੰਜੋੜੀ ਜਾਂਦੀ ਹੈ। ਪਰੰਤੂ ਅਜਿਹੇ ਚੁਟਕਲੇ, ਚੁਟਕਲੇ ਨਾ ਰਹਿ ਕੇ ਵਿਅੰਗ ਜਾਂ ਹਾਸ-ਵਿਅੰਗ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਜਾਂਦੇ ਹਨ। ਸਆਦਤ ਹਸਨ ਮੰਟੋ ਦੀਆਂ ਬਹੁਤੀਆਂ ਲਘੂ ਰਚਨਾਵਾਂ ਇਸੇ ਸ਼੍ਰੇਣੀ ਵਿਚ ਆਉਂਦੀਆਂ ਹਨ। ਦੂਜੇ ਪਾਸੇ ਮਿੰਨੀ ਕਹਾਣੀ ਦੇ ਅਖੀਰ ਤੇ ਜੇਕਰ ਸਿਰਫ ਹਾਸਾ ਆਉਂਦਾ ਹੈ ਤਾਂ ਅੱਵਲ ਤਾਂ ਉਹ ਮਿੰਨੀ ਕਹਾਣੀ ਨਾ ਰਹਿਕੇ ਸਿਰਫ ਚੁਟਕਲਾ ਬਣ ਜਾਂਦੀ ਹੈ ਜਾਂ ਫਿਰ ਆਪਣੀ ਗੰਭੀਰਤਾ ਦਾ ਤਿਆਗ ਕਰਕੇ ਹਲਕੇ ਪੱਧਰ ਦੀ ਰਚਨਾ ਹੋ ਨਿਬੜਦੀ ਹੈ। ਮਿੰਨੀ ਕਹਾਣੀ ਦਾ ਕੋਈ ਪਾਤਰ ਮਖੌਲੀਆ ਹੋ ਸਕਦਾ ਹੈ, ਕੋਈ ਸੰਵਾਦ ਮਖੌਲੀਆ ਹੋ ਸਕਦਾ ਹੈ, ਉਸਦੀ ਸ਼ੈਲੀ ਮਖੌਲੀਆ ਹੋ ਸਕਦੀ ਹੈ, ਪਰੰਤੂ ਉਸ ਦੀ ਕੱਥ, ਉਸਦਾ ਅੰਤ ਅਤੇ ਉਸ ਦਾ ਸਿਖਰ ਮਖੌਲੀਆ ਨਹੀਂ ਹੋ ਸਕਦਾ। ਮਿੰਨੀ ਕਹਾਣੀ ਅਤੇ ਚੁਟਕਲੇ ਦੇ ਉਦੇਸ਼ ਦੇ ਇਸੇ ਵਿਰੋਧੀ ਤਰਕ ਉੱਤੇ ਦੋਹਾਂ ਦਾ ਵਿਲੱਖਣ ਸੰਗਠਨ ਉਸਰਦਾ ਹੈ ਤੇ ਦੋਹਾਂ ਦੀਆਂ ਗਲਪੀ ਜੁਗਤਾਂ ਜਾਂ ਤਕਨੀਕਾਂ ਦਾ ਵਿਰੋਧ ਉਜਾਗਰ ਹੁੰਦਾ ਹੈ। ਚੁਟਕਲੇ ਵਧੇਰੇ ਕਰਕੇ ਸਥੂਲ ਵਰਤਾਰਿਆਂ ਵਿੱਚੋਂ ਉਪਜਦੇ ਹਨ। ਜਿਵੇਂ ਕਿਸੇ ਸ਼ਬਦ ਦੇ ਅਰਥ ਵਿਗਾੜ ਕਰਕੇ, ਕਿਸੇ ਦੀ ਸਰੀਰਕ ਅਪਾਹਜਤਾ ਕਰਕੇ, ਕਿਸੇ ਦੇ ਊਟਪਟਾਂਗ ਪਹਿਰਾਵੇ ਕਰਕੇ, ਕਿਸੇ ਦੇ ਭੁਲੱਕੜ ਸੁਭਾਅ ਕਰਕੇ, ਕਿਸੇ ਦੇ ਅਣਜਾਣੇ ਵਿੱਚ ਕੀਤੇ ਵਿਹਾਰ ਕਰਕੇ ਜਾਂ ਦੋ ਸਬੰਧਤ ਪਾਤਰਾਂ (ਪਤੀ, ਪਤਨੀ, ਅਧਿਆਪਕ, ਵਿਦਿਆਰਥੀ) ਦੇ ਮਿੱਥਤ ਤੇ ਇੱਛਤ ਵਿਰੋਧ ਕਰਕੇ। ਦੂਜੇ ਪਾਸੇ ਮਿੰਨੀ ਕਹਾਣੀ ਇਹਨਾਂ ਸਥੂਲ ਵਰਤਾਰਿਆਂ ਤੋਂ ਪਾਰ ਜ਼ਿੰਦਗੀ ਦੇ ਸੂਖਮ ਪਾਸਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਚੁਟਕਲੇ ਦਾ ਚਿਤਰਨ ਵਧੇਰੇ ਕਰਕੇ ਫੋਟੋਗ੍ਰਾਫਿਕ ਹੁੰਦਾ ਹੈ ਜੋ ਸਿਰਫ ਦਿਸਦੇ ਤੱਕ ਹੀ ਸੀਮਤ ਹੁੰਦਾ ਹੈ। ਮਿੰਨੀ ਕਹਾਣੀ ਦਾ ਚਿਤਰਨ ਐਕਸਰੇਮੂਲਕ ਹੁੰਦਾ ਹੈ ਜੋ ਦਿਸਦੇ ਤੋਂ ਪਾਰ ਜਾ ਕੇ ‘ਅਦਿਸਦੇ’ ਨੂੰ ਪਰਿਭਾਸ਼ਿਤ ਕਰਦਾ ਹੈ।
ਮਿੰਨੀ ਕਹਾਣੀ ਦੇ ਸਮਾਨਾਂਤਰ ਇਕ ਹੋਰ ਵਿਧਾ ਕਾਰਜਸ਼ੀਲ ਹੈ– ਹਾਸ-ਵਿਅੰਗ, ਜੋ ਇਹਨਾਂ ਦੋਹਾਂ ਦੇ ਵਿਚਕਾਰ ਕਾਫੀ ਭੰਬਲਭੂਸਾ ਪੈਦਾ ਕਰਦੀ ਹੈ। ਇਸ ਸਬੰਧ ਵਿਚ ਪਹਿਲਾ ਅੰਤਰ ਤਾਂ ਇਹੀ ਹੈ ਕਿ ਹਾਸ-ਵਿਅੰਗ ਮੁੱਖ ਤੌਰ ਤੇ ਇਕ ਤਕਨੀਕ ਹੀ ਹੈ ਭਾਵੇਂ ਕਿ ਇਸਨੂੰ ਇਕ ਵਿਧਾ ਦੇ ਤੌਰ ਤੇ ਵੀ ਸਵੀਕਾਰਿਆ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਇਕ ਵਿਧਾ ਦੇ ਤੌਰ ਤੇ ਸਵੀਕਾਰਦੇ ਹਾਂ ਤਾਂ ਸਾਡਾ ਮਤਲਬ ਉਸ ਰਚਨਾ ਤੋਂ ਹੁੰਦਾ ਹੈ, ਜਿਸ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਸਮੁੱਚਾ ਨਿਭਾਉ ਤੇ ਪ੍ਰਗਟਾਉ ਹਾਸ-ਵਿਅੰਗ ਸ਼ੈਲੀ ਵਿਚ ਕੀਤਾ ਹੋਵੇ ਤੇ ਜਿਸ ਦਾ ਸਮੁੱਚਾ ਥੀਮ ਅੰਤ ਤੱਕ ‘ਵਕਰਤਾਪੂਰਨ’ ਹੋਵੇ।
ਸੋ ਪਹਿਲਾ ਅੰਤਰ ਤਾਂ ਇਹੀ ਹੈ ਕਿ ਜੋ ਗੱਲ ਹਾਸ-ਵਿਅੰਗ ਦੇ ਸਬੰਧ ਵਿਚ ਪਹਿਲੀ ਸ਼ਰਤ ਵੱਜੋਂ ਲਾਗੂ ਹੈ, ਉਹ ਮਿੰਨੀ ਕਹਾਣੀ ਵਿਚ ਹੋਵੇ, ਇਹ ਜ਼ਰੂਰੀ ਨਹੀਂ ਹੈ। ਭਾਵ, ਮਿੰਨੀ ਕਹਾਣੀ ਵਿਚ ਹਾਸ-ਵਿਅੰਗ ਹੋਵੇ ਹੀ, ਇਹ ਕੋਈ ਸ਼ਰਤ ਨਹੀਂ ਬਲਕਿ ਤੱਥ ਇਹ ਹੈ ਕਿ ਬਹੁਤ ਸਾਰੀਆਂ ਮਿੰਨੀ ਕਹਾਣੀਆਂ ਹਾਸ-ਵਿਅੰਗ ਤੋਂ ਮੁਕਤ ਹੁੰਦੀਆਂ ਹਨ। ਦੂਜੀ ਗੱਲ, ਹਾਸ-ਵਿਅੰਗ ਕਾਵਿਮਈ ਵੀ ਹੁੰਦਾ ਹੈ ਤੇ ਗੱਦਮਈ ਵੀ, ਜਦ ਕਿ ਮਿੰਨੀ ਕਹਾਣੀ, ਸਿਰਫ ਤੇ ਸਿਰਫ ਗੱਦ ਵਿਚ ਹੀ ਸੰਭਵ ਹੈ। ਇਸ ਲਈ ਹਾਸ-ਵਿਅੰਗ ਨੂੰ ਮਿੰਨੀ ਕਹਾਣੀ ਦੀ ਇਕ ਤਕਨੀਕ ਦੇ ਤੌਰ ਤੇ ਕੁਝ ਹੱਦ ਤਕ ਸਵੀਕਾਰਿਆ ਜਾ ਸਕਦਾ ਹੈ, ਪਰੰਤੂ ਸੰਪੂਰਨ ਹਾਸ-ਵਿਅੰਗ ਰਚਨਾ ਤੇ ਮਿੰਨੀ ਕਹਾਣੀ ਦੇ ਸੰਗਠਨ ਬਿਲਕੁਲ ਭਿੰਨ ਹਨ।
ਇਉਂ ਦੋਹਾ, ਟੱਪਾ, ਨਾਵਲ, ਕਹਾਣੀ, ਚੁਟਕਲਾ, ਪ੍ਰੇਰਕ ਪ੍ਰਸੰਗ, ਉਪਦੇਸ਼ ਕਥਾ, ਹਾਸ-ਵਿਅੰਗ ਆਦਿ ਵਿਧਾਵਾਂ ਮਿੰਨੀ ਕਹਾਣੀ ਦੇ ਸਮਾਨਾਂਤਰ ਵਿਕਾਸ ਕਰ ਰਹੀਆਂ ਹਨ, ਜੋ ਮਿੰਨੀ ਕਹਾਣੀ ਨਾਲ ਕਈ ਥਾਵਾਂ ਤੇ ਅੰਤਰ ਸਬੰਧਤ ਵੀ ਹਨ, ਪਰੰਤੂ ਇਹਨਾਂ ਦੇ ਅੰਤਰ ਵਿਰੋਧ ਵੀ ਅਥਾਹ ਹਨ। ਇਹ ਅੰਤਰ ਵਿਰੋਧ ਹੀ ਹਨ ਜੋ ਮਿੰਨੀ ਕਹਾਣੀ ਨੂੰ ਜਿੱਥੇ ਇਕ ਪਾਸੇ ਇਹਨਾਂ ਨਾਲੋਂ ਨਿਖੇੜਦੇ ਹਨ, ਉੱਥੇ ਦੂਜੇ ਪਾਸੇ ਇਸਦੇ ਜਨਮ ਤੇ ਵਿਕਾਸ ਲਈ ਜ਼ਮੀਨ (space) ਮੁਹੱਈਆ ਕਰਦੇ ਹਨ। ਕਿਸੇ ਨਾਲ ਇਸ ਦਾ ਇਤਿਹਾਸਕ ਪਰਿਪੇਖ ਦੀ ਦ੍ਰਿਸ਼ਟੀ ਤੋਂ ਵਖਰੇਵਾਂ ਹੈ, ਕਿਸੇ ਨਾਲ ਕਾਵਿ-ਗੱਦ ਦੀ ਪੱਧਰ ਤੇ ਵਖਰੇਵਾਂ ਹੈ। ਕਿਸੇ ਨਾਲ ਉਦੇਸ਼ ਦੀ ਪੱਧਰ ਤੇ ਵਖਰੇਵਾਂ ਹੈ ਤੇ ਕਿਸੇ ਨਾਲ ਆਕਾਰ ਦੀ ਪੱਧਰ ਤੇ ਅਤੇ ਕਿਸੇ ਨਾਲ ਤਕਨੀਕ ਦੀ ਪੱਧਰ ਤੇ। ਇਹ ਵਖਰੇਵੇਂ ਹੀ ਹਨ ਜਿਨ੍ਹਾਂ ਵਿੱਚੋਂ ਮਿੰਨੀ ਕਹਾਣੀ ਨੂੰ ਆਪਣਾ ਇਕ ਵਿਲੱਖਣ ਵਿਚਾਰ, ਆਕਾਰ , ਪ੍ਰਕਾਰ ਤੇ ਵਿਹਾਰ ਮਿਲਿਆ ਹੈ।
ਮਹੱਤਵਪੂਰਨ ਤੱਥ ਇਹ ਹੈ ਕਿ ਜਿੱਥੇ ਇਹਨਾਂ ਵੱਖਰਤਾਵਾਂ ਨੇ ਮਿੰਨੀ ਕਹਾਣੀ ਨੂੰ ਇਕ ਵਿਲੱਖਣਤਾ ਪ੍ਰਦਾਨ ਕੀਤੀ ਹੈ, ਉੱਥੇ ਇਹਨਾਂ ਵਖਰੇਵਿਆਂ ਨੇ ਹੀ ਮਿੰਨੀ ਕਹਾਣੀ ਲੇਖਕ ਅੱਗੇ ਇਕ ਚੁਣੋਤੀ ਵੀ ਪੇਸ਼ ਕੀਤੀ ਹੈ ਕਿ ਜੇਕਰ ਉਹ ਸਚਮੁਚ ਮਿੰਨੀ ਕਹਾਣੀ ਲਿਖਣੀ ਚਾਹੁੰਦਾ ਹੈ ਤਾਂ ਉਹ ਇਹਨਾਂ ਵੱਖਰਤਾਵਾਂ ਨੂੰ ਪਛਾਣੇ। ਇਹੀ ਤੱਥ ਮਿੰਨੀ ਕਹਾਣੀ ਦਾ ਦੁਖਾਂਤ ਵੀ ਬਣਿਆ ਹੈ ਕਿ ਮਿੰਨੀ ਕਹਾਣੀ ਲੇਖਕ ਇਹਨਾਂ ਚੁਣੌਤੀਆਂ ਦੇ ਬਹੁਤ ਘੱਟ ਰੂਬਰੂ ਹੋਇਆ ਹੈ।
ਅਕਸਰ ਬਹੁਤੇ ਮਿੰਨੀ ਕਹਾਣੀ ਲੇਖਕ ਇਸ ਪੱਖੋਂ ਮਾਰ ਖਾ ਜਾਂਦੇ ਹਨ ਕਿ ਜੋ ਕੁਝ ਉਹ ਲਿਖ ਰਹੇ ਹਨ, ਉਹ ਮਿੰਨੀ ਕਹਾਣੀ ਦੇ ਸੰਗਠਨ ਵਿਚ ਫਿੱਟ ਹੀ ਨਹੀਂ ਬੈਠਦਾ। ਕਈ ਲੇਖਕ ਮਿੰਨੀ ਕਹਾਣੀ ਨੂੰ ਏਨਾ ਸੀਮਤ ਕਰ ਦਿੰਦੇ ਹਨ ਕਿ ਉਹ ਇਕ ਵਾਕ ਹੀ ਰਹਿ ਜਾਂਦੀ ਹੈ। ਕਈ ਦੂਜੇ ਉਸ ਦੇ ਵਿਚ ਸਥੂਲ ਹਾਸੇ ਨੂੰ ਥਾਂ ਦੇ ਕੇ ਚੁਟਕਲੇ ਦੀ ਰੰਗਤ ਦੇ ਦਿੰਦੇ ਹਨ ਤੇ ਕਈ ਮਿੱਥਕੇ ਲਿਖਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਉਪਦੇਸ਼ ਕਥਾਵਾਂ ਬਣ ਜਾਂਦੀਆਂ ਹਨ। ਮਿੰਨੀ ਕਹਾਣੀਆਂ ਦਾ ਤਿੰਨ-ਚੁਥਾਈ ਭਾਗ ਅਜਿਹੀਆਂ ਰਚਨਾਵਾਂ ਨੇ ਮੱਲਿਆ ਹੋਇਆ ਹੈ, ਜਿਨ੍ਹਾਂ ਵਿਚ ਕਥਨੀ ਤੇ ਕਰਨੀ ਦਾ ਸਾਧਾਰਨ ਦਵੰਦ ਹੈ। ਕਹਾਣੀ ਕੋਈ ਮੈਥ ਨਹੀਂ ਹੁੰਦੀ ਜਿਸ ਦਾ ਕੋਈ ਇਕ ਫਾਰਮੂਲਾ ਨਿਰਧਾਰਿਤ ਕੀਤਾ ਜਾ ਸਕੇ। ਇਹ ਤਾਂ ਲੇਖਕ ਦੀ ਵਿਜਨ ਹੁੰਦੀ ਹੈ, ਜਿਸ ਰਾਹੀਂ ਉਹ ਸਾਧਾਰਨ ਵਰਤਾਰਿਆਂ ਦੇ ਅੰਦਰ ਛੁਪੀ ਸਾਧਾਰਨਤਾ ਤੇ ਸੰਵੇਦਨਸ਼ੀਲਤਾ ਨੂੰ ਮਹਿਸੂਸ ਕਰ ਸਕਦਾ ਹੈ, ਫੜ ਸਕਦਾ ਹੈ, ਵਿਸ਼ਲੇਸ਼ਤ ਕਰ ਸਕਦਾ ਹੈ ਤੇ ਪ੍ਰਗਟਾਅ ਕਰ ਸਕਦਾ ਹੈ। ਕਿਸੇ ਬਾਹਰੋਂ ਦਿਸਦੇ ਪਾਸਾਰ ਦੇ ਏਨੇ ਉਪ-ਪਾਸਾਰ ਹੁੰਦੇ ਹਨ ਕਿ ਸਾਧਾਰਨ ਆਦਮੀ ਅੰਦਾਜ਼ਾ ਨਹੀਂ ਲਾ ਸਕਦਾ। ਮਸਲਨ ਰੂਸੀ ਤੇ ਚੀਨੀ ਕਰਾਂਤੀ ਦੇ ਵਰਤਾਰੇ ਤੇ ਬਹੁਤ ਸਾਰੇ ਵੱਡ-ਆਕਾਰੀ ਨਾਵਲ, ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਗਈਆਂ ਹਨ ਤੇ ਉਹਨਾਂ ਵਿੱਚੋਂ ਬਹੁਤਾ ਕਰਕੇ ਸਰਮਾਏਦਾਰੀ ਦੇ ਕਬਜ਼ੇ ਦੀ ਲਾਲਸਾ ਨੂੰ ਨਿੰਦਕੇ ਸਾਧਨਾਂ ਦੇ ਜਨਤਕੀਕਰਨ ਨੂੰ ਵਡਿਆਇਆ ਗਿਆ ਹੈ ਤੇ ਜਾਂ ਫਿਰ ਮਨੁੱਖੀ ਹੌਸਲੇ ਤੇ ਦ੍ਰਿੜਤਾ ਨੂੰ ਅਗ੍ਰਭੂਮੀ ਵਿਚ ਲਿਆਂਦਾ ਗਿਆ ਹੈ। ਪਰੰਤੂ ਇਕ ਥਾਂ ਇਕ ਛਿਣ ਬਹੁਤ ਅਜੀਬੋ-ਗਰੀਬ ਆਉਂਦਾ ਹੈ :
ਕਰਾਂਤੀ ਲਗਭਗ ਸੰਪੂਰਨ ਹੋਣ ਵਾਲੀ ਹੈ। ਚਾਰੇ ਪਾਸੇ ਜਸ਼ਨ ਹੈ ਕਿ ਕੱਲ੍ਹ ਨੂੰ ਸ਼ੋਸ਼ਕ ਧਿਰ ਦਾ ਮੁਕੰਮਲ ਖਾਤਮਾ ਹੋ ਜਾਵੇਗਾ ਤੇ ਸਾਰਾ ਕੁਝ ਸਾਰਿਆਂ ਦਾ ਹੋ ਜਾਵੇਗਾ। ਕਿਸੇ ਵੀ ਮਾਲਕ ਕੋਲ ਕੋਈ ਨਿਜੀ ਚੀਜ਼ ਨਹੀਂ ਰਹੇਗੀ, ਅਮੀਰ ਗਰੀਬ ਬਰਾਬਰ ਹੋ ਜਾਣਗੇ। ਇਕ ਸਾਧਾਰਨ ਆਦਮੀ ਇਸ ਜਸ਼ਨਮਈ ਮਾਹੌਲ ਵਿਚ ਬੇਚੈਨ ਦਿਖਾਈ ਦਿੰਦਾ ਹੈ। ਉਸ ਦੀ ਬੇਚੈਨੀ ਦਾ ਕਾਰਨ ਉਸ ਦੇ ਘਰ ਵਿਚ ਉਸ ਦੀ ਇਕੋ-ਇਕ ਜਾਇਦਾਦ ਬੱਛੀ ਹੈ। ਉਸ ਨੂੰ ਡਰ ਇਹ ਹੈ ਕਿ ਬੱਛੀ ਜਨਤਕ ਹੋ ਜਾਵੇਗੀ। ਉਸ ਨੂੰ ਬਚਾਉਣ ਦਾ ਉਸ ਨੂੰ ਕੋਈ ਢੰਗ ਨਹੀੰ ਅਹੁੜ ਰਿਹਾ ਤੇ ਉਹ ਲਗਾਤਾਰ ਤਣਾਉ ਵਿਚ ਜੀ ਰਿਹਾ ਹੈ। ਤੇ ਅਖੀਰ ਨੂੰ ਉਹ ਬੱਛੀ ਨੂੰ ਵੱਢ ਕੇ ਖਾ ਜਾਂਦਾ ਹੈ।
ਇਹ ਇਕ ਸੰਵੇਦਨਸ਼ੀਲ ਛਿਣ ਹੈ ਜੋ ਮਨੁੱਖ ਦੇ ਅੰਦਰ ਪਈ ਕਬਜੇ ਦੀ ਬੁਨਿਆਦੀ ਪ੍ਰਵਿਰਤੀ ਨੂੰ ਚਿੰਨ੍ਹਤ
ਕਰਦਾ ਹੈ। ਭਾਵੇਂ ਉਹ ਵਿਅਕਤੀ ਕੋਈ ਵੱਡਾ ਸਰਮਾਏਦਾਰ ਨਹੀਂ, ਪਰੰਤੂ ਉਸ ਅੰਦਰ ਕਬਜੇ ਦੀ ਲਾਲਸਾ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਮਨੁੱਖ ਨੂੰ ਆਪਣਾ ‘ਕੁਝ’ ਵੀ ਤਿਆਗਣਾ ਕਿੰਨਾ ਔਖਾ ਹੈ। ਹੋ ਸਕਦਾ ਹੈ ਕਿ ਸੋਵੀਅਤ ਸੰਘ ਦੇ ਵਰਤਮਾਨ ਵਿਖੰਡਨ ਦੇ ਪਿਛੋਕੜ ਵਿਚ ਇਨਸਾਨ ਦੀ ਇਸ ਆਦਿਮ ਪ੍ਰਵਿਰਤੀ ਦਾ ਵੀ ਕੋਈ ਰੋਲ ਹੋਵੇ। ਭਾਵ ਕੋਈ ਵੀ ਵਰਤਾਰਾ ਏਨਾ ਸਿੱਧੜ ਨਹੀਂ ਹੁੰਦਾ, ਬਲਕਿ ਉਸ ਦੇ ਅੰਦਰ ਬਹੁਤ ਸਾਰੇ ਵਿਰੋਧਾਭਾਸ ਕਾਰਜਸ਼ੀਲ ਹੁੰਦੇ ਹਨ, ਜਿਨ੍ਹਾਂ ਪ੍ਰਤੀ ਹਰ ਮਨੁੱਖ ਦਾ ਵੱਖਰਾ ਨਜ਼ਰੀਆ ਹੁੰਦਾ ਹੈ ਤੇ ਉਹ ਹਰ ਮਨੁੱਖ ਨੂੰ ਵੱਖਰੇ ਰੂਪ ਵਿਚ ਪ੍ਰਭਾਵਿਤ ਕਰਦੇ ਹਨ। ਸੋ ਮਿੰਨੀ ਕਹਾਣੀ ਲਈ ਅਜਿਹੇ ਸੰਵੇਦਨਸ਼ੀਲ ਛਿਣ ਹੀ ਕਰਤਾਰੀ ਹੁੰਦੇ ਹਨ, ਜਿਨ੍ਹਾਂ ਨੂੰ ਫੜ ਕੇ ਹੀ ਇਕ ਸਸ਼ਕਤ ਮਿੰਨੀ ਕਹਾਣੀ ਲਿਖੀ ਜਾ ਸਕਦੀ ਹੈ।
ਦੂਜੀ ਗੱਲ ਇਹ ਕੋਈ ਜ਼ਰੂਰੀ ਨਹੀਂ ਕਿ ਕੋਈ ਮਿੰਨੀ ਕਹਾਣੀ ਲੇਖਕ ਸਿਰਫ ਮਿੰਨੀ ਕਹਾਣੀ ਹੀ ਲਿਖੇ ਤੇ ਕੋਈ ਨਾਵਲਕਾਰ ਜਾਂ ਕਹਾਣੀਕਾਰ ਸਿਰਫ ਕਹਾਣੀਆਂ ਜਾਂ ਨਾਵਲ ਹੀ ਲਿਖੇ। ਅਜੇ ਤੱਕ ਦੁਨੀਆਂ ਵਿਚ ਕੋਈ ਅਜਿਹਾ ਲੇਖਕ ਨਹੀਂ ਹੋਇਆ ਜੋ ਨਾਵਲਾਂ ਤੇ ਕਹਾਣੀਆਂ ਦੇ ਨਾਲ-ਨਾਲ ਲਘੂ ਰਚਨਾਵਾਂ ਰਚਣ ਕਰਕੇ, ਤੁੱਛ, ਹੀਣ ਜਾਂ ਬੇਅਰਥ ਹੋ ਗਿਆ ਹੋਵੇ। ਤੇ ਕੋਈ ਕਹਾਣੀਕਾਰ ਜਾਂ ਨਾਵਲਕਾਰ ਅਜਿਹਾ ਨਹੀਂ ਹੋਇਆ, ਜੋ ਸਿਰਫ ਇਸ ਕਰਕੇ ਵੱਡਾ ਹੋ ਗਿਆ ਹੋਵੇ ਕਿ ਉਸਨੇ ਕਦੇ ਮਿੰਨੀ ਕਹਾਣੀ ਨਹੀਂ ਲਿਖੀ। ਇਹ ਤਾਂ ਯਥਾਰਥ ਨੂੰ ਫੜਨ ਦੀ ਪ੍ਰਕਿਰਿਆ ਹੈ ਜਿਸ ਵਿਚ ਜੇਕਰ ਨਾਵਲ ਦਾ ਵੱਡ-ਆਕਾਰੀ ਕਥਾਨਕ ਉਭਰਦਾ ਹੈ ਤਾਂ ਨਾਵਲ ਲਿਖਿਆ ਜਾਣਾ ਚਾਹੀਦਾ ਹੈ, ਜੇ ਸਿਰਫ ਕੋਈ ਛਿਣ ਉਭਰਦਾ ਹੈ ਤਾਂ ਲਘੂ ਰਚਨਾ ਲਿਖੀ ਜਾਣੀ ਚਾਹੀਦੀ ਹੈ। ਲਘੂ ਕਥਾਨਕ ਨੂੰ ਰਬੜ ਵਾਂਗ ਵਧਾ ਕੇ ਕਹਾਣੀ ਜਾਂ ਨਾਵਲ ਲਿਖਣ ਵਾਲੇ ਰਚਨਾਕਾਰ ਵੀ ਸਫਲ ਨਹੀਂ ਹੁੰਦੇ। ਸੋ ਇਹ ਲੇਖਕ ਦਾ ਅਨੁਭਵ, ਉਸਦੀ ਦ੍ਰਿਸ਼ਟੀ ਤੇ ਪ੍ਰਗਟਾਅ ਸਮਰਥਾ ਹੈ ਕਿ ਉਹ ਯਥਾਰਥ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ ਤੇ ਫਿਰ ਦ੍ਰਿਸ਼ਟਮਾਨ ਨੂੰ ਕਿਸ ਰੂਪ ਵਿਚ ਪ੍ਰਗਟਾਉਂਦਾ ਹੈ।
ਤੀਜਾ ਮਸਲਾ ਵਿਸ਼ਾ ਸਮੱਗਰੀ ਦਾ ਹੈ। ਕਿਸੇ ਵਿਧਾ ਲਈ ਕੋਈ ਵਿਸ਼ਾ ਅਛੂਤ ਨਹੀਂ ਹੁੰਦਾ ਤੇ ਨਾ ਹੀ ਕੋਈ ਵਿਸ਼ਾ ਨਵਾਂ/ਪੁਰਾਣਾ ਜਾਂ ਵੱਡਾ ਛੋਟਾ ਹੁੰਦਾ ਹੈ। ਕਾਦਰਯਾਰ ਪੂਰਨ ਭਗਤ ਦੀ ਲੋਕ ਕਹਾਣੀ ਨੂੰ ਆਪਣੀ ਦ੍ਰਿਸ਼ਟੀ ਤੋਂ ਪ੍ਰਗਟਾਅ ਕੇ ਮਹਾਨ ਹੋ ਗਿਆ ਤੇ ਸ਼ਿਵ ਕੁਮਾਰ ਉਸੇ ਕਹਾਣੀ ਨੂੰ ਆਪਣੀ ਦ੍ਰਿਸ਼ਟੀ ਤੋਂ ਪ੍ਰਗਟਾਅ ਕੇ ਮਹਾਨ ਹੋ ਗਿਆ। ਹਮੇਸ਼ਾ ਪੁਰਾਣੇ ਵਿਸ਼ਿਆਂ ਤੇ ਸੰਦਰਭਾਂ ਦੇ ਪੁਨਰ ਵਿਸ਼ਲੇਸ਼ਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਕਰਤਾਰੀ ਪ੍ਰਤਿਭਾ ਵਾਲੇ ਲੋਕ ਅਜਿਹੇ ਪ੍ਰਯੋਗ ਕਰਦੇ ਹਨ। ਇਹ ਯੁਗ ਚੇਤਨਾ ਹੀ ਹੁੰਦੀ ਹੈ ਜੋ ਕਿਸੇ ਪੁਰਾਣੇ ਵਿਸ਼ੇ ਦੇ ਨਵੇਂ ਅਰਥ ਲੱਭਦੀ ਹੈ ਤੇ ਉਸ ਨੂੰ ਸਵੀਕਾਰਦੀ ਹੈ ਤੇ ਸਥਾਪਤ ਕਰਦੀ ਹੈ। ਇਸ ਦੇ ਨਾਲ-ਨਾਲ ਜਿਵੇਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਰਹਿਤਲ ਤੇ ਪਰਿਵਰਤਨ ਵਾਪਰਦੇ ਹਨ, ਉਵੇਂ ਜਿਵੇਂ ਰਚਨਾਤਮਕ ਸਮੱਗਰੀ ਵੀ ਬਦਲਦੀ ਹੈ। ਜਾਗੀਰਦਾਰੀ ਦੌਰ ਨਾਲੋਂ ਆਧੁਨਿਕ ਦੌਰ ਅਤੇ ਅੱਜ ਦੇ ਉੱਤਰ-ਆਧੁਨਿਕ ਗਲੋਬਲੀ ਦੌਰ ਵਿਚ ਕਿੰਨੀ ਜਟਿਲਤਾ (complexity) ਹੈ, ਇਹ ਆਪਣੇ ਆਪ ਵਿਚ ਇਕ ਚਿੰਤਨਸ਼ੀਲ ਤੱਥ ਹੈ।
ਮੁਕਦੀ ਗੱਲ ਇਹ ਹੈ ਕਿ ਵਿਧਾ ਦੀ ਪੱਧਰ ਤੇ ਕੋਈ ਸੰਕਟ ਨਹੀਂ ਹੈ, ਬਲਕਿ ਸੰਕਟ ਇਸ ਵਿਧਾ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਵਾਲੇ ਲੇਖਕਾਂ ਦੀ ਦ੍ਰਿਸ਼ਟੀ, ਦਰਸ਼ਨ, ਵਿਧਾਗਤ ਸੂਝ ਅਤੇ ਪ੍ਰਗਟਾਅ ਸਮਰਥਾ ਦਾ ਹੈ। ਮਿੰਨੀ ਕਹਾਣੀ ਦੀਆਂ ਵਿਧਾਗਤ ਵਿਲੱਖਣਤਾਵਾਂ, ਇਸ ਦੇ ਦੂਜੀਆਂ ਵਿਧਾਵਾਂ ਨਾਲ ਅੰਤਰਸਬੰਧ ਅਤੇ ਅੰਤਰਦਵੰਦ, ਇਸ ਦੇ ਸ਼ਿਲਪ ਅਤੇ ਥੀਮ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਪਹਿਚਾਣ ਕੇ ਅਤੇ ਅਪਣਾ ਕੇ ਹੀ ਇਸ ਵਿਧਾ ਦੇ ਵਿਕਾਸ ਦੀਆਂ ਦਿਸ਼ਾਵਾਂ ਤੈਅ ਕੀਤੀਆਂ ਜਾ ਸਕਦੀਆਂ ਹਨ।
-0-