May 18, 2009

ਮਿੰਨੀ ਕਹਾਣੀ ਦੇ ਵਿਕਾਸ ਦੀਆਂ ਦਿਸ਼ਾਵਾਂ








ਕੁਲਦੀਪ ਸਿੰਘ ਦੀਪ (ਡਾ.)
ਇਹ ਤਾਂ ਚਿੱਟੇ ਦਿਨ ਵਰਗਾ ਸੱਚ ਹੈ ਕਿ ਮਿੰਨੀ ਕਹਾਣੀ ਅੱਜ ਲਿਖੀ ਵੀ ਜਾ ਰਹੀ ਹੈ ਤੇ ਪੜ੍ਹੀ ਵੀ ਜਾ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕਿਤੇ ਦੁਰਕਾਰੀ ਜਾ ਰਹੀ ਹੈ ਤੇ ਕਿਤੇ ਸਤਕਾਰੀ ਜਾ ਰਹੀ ਹੈ। ਜਦੋਂ ਕਿਸੇ ਵਿਧਾ ਨੂੰ ਵੱਡੀ ਪੱਧਰ ਤੇ ਲੋਕ ਲਿਖ ਰਹੇ ਹੋਣ, ਮੀਨ-ਮੇਖ ਕੱਢ ਰਹੇ ਹੋਣ ਜਾਂ ਕਿੰਤੂ-ਪਰੰਤੂ ਕਰ ਰਹੇ ਹੋਣ , ਉਦੋਂ ਇਹ ਤਾਂ ਮੰਨਣਾ ਹੀ ਬਣਦਾ ਹੈ ਕਿ ਵਿਧਾ ਸਥਾਪਤ ਹੋ ਰਹੀ ਹੈ। ਇਸ ਨੂੰ ਰੱਦ ਕਰਨ ਵਾਲੇ ਵੀ ਇਸਦੀ ਹੋਂਦ ਨੂੰ ਤਾਂ ਮਾਨਤਾ ਦੇ ਹੀ ਰਹੇ ਹਨ ਤਾਂ ਹੀ ਇਸਦਾ ਨੋਟਿਸ ਲੈ ਰਹੇ ਹਨ। ਇਸ ਲਈ ਇਸ ਤੱਥ ਨੂੰ ਸਵੀਕਾਰਦਿਆਂ ਕਿ ਗਲਪੀ ਰੂਪਾਂ ਦੀਆਂ ਵਿਭਿੰਨ ਵੰਨਗੀਆਂ , ਨਾਵਲ, ਲੰਮੀ ਕਹਾਣੀ ਜਾਂ ਨਿੱਕੀ ਕਹਾਣੀ ਦੇ ਸਮਵਿੱਥ ਮਿੰਨੀ ਕਹਾਣੀ ਦੀ ਆਪਣੀ ਵਿਧਾ ਹੈ, ਆਪਣਾ ਪਰਿਪੇਖ ਹੈ, ਆਪਣਾ ਸੰਗਠਨ ਹੈ, ਆਪਣਾ ਵਿਧਾਨ ਹੈ ਤੇ ਆਪਣੇ ਹੀ ਸਰੋਕਾਰ ਹਨ। ਨਾਵਲ ਦਾ ਕਥਾਨਕ ਮਹਾਂਕਾਵਿਕ ਬਿਰਤਾਂਤ ਦਾ ਧਾਰਨੀ ਹੁੰਦਾ ਹੈ, ਨਿੱਕੀ ਕਹਾਣੀ ਵਿਚ ਖੰਡ ਕਾਵਿ ਵਰਗੀ ਰੁਸ਼ਨਾਈ ਹੁੰਦੀ ਹੈ। ਪਰੰਤੂ ਇਹਨਾਂ ਦੋਹਾਂ ਦੇ ਮੁਕਾਬਲੇ ਮਿੰਨੀ ਕਹਾਣੀ ਛਿਣ ਦੀ ਚਮਤਕਾਰਿਕ ਸੰਵੇਦਨਾ ਨੂੰ ਪਕੜ ਕੇ ਉਸਦਾ ਕਲਾਤਮਕ ਪ੍ਰਗਟਾਵਾ ਕਰਦੀ ਹੈ।
ਇਹਨਾਂ ਤਿੰਨਾਂ ਦਾ ਸੰਗਠਨ ਜਿੱਥੇ ਕਈ ਸਮਾਨਤਾਵਾਂ ਦਾ ਧਾਰਨੀ ਹੈ, ਉੱਥੇ ਅਨੇਕ ਵੱਖਰਤਾਵਾਂ ਤੇ ਵਿਲੱਖਣਤਾਵਾਂ ਦਾ ਵੀ ਧਾਰਨੀ ਹੈ। ਜਿੱਥੋਂ ਤਕ ਸਮਾਨਤਾਵਾਂ ਦੀ ਗੱਲ ਹੈ, ਇਹ ਤਿੰਨੇ ਗਲਪ ਦੀਆਂ ਸਿਨਫਾਂ ਹਨ ਅਤੇ ਗਲਪੀ ਸੰਗਠਨ ਦੇ ਜੋ ਤੱਤ ਹਨ, ਉਹ ਤਿੰਨਾਂ ਵਿਚ ਕਾਰਜਸ਼ੀਲ ਹਨ। ਜਿਵੇਂ ਤਿੰਨਾਂ ਵਿਚ ਹੀ ਤਿੰਨ ਤਰ੍ਹਾਂ ਦੇ ਕਥਾਨਕ ਹੋ ਸਕਦੇ ਹਨ :
(1)ਕਾਲਪਿਤ (2) ਇਤਿਹਾਸਕ (3) ਅਰਧ ਇਤਿਹਾਸਕ।
ਤਿੰਨਾਂ ਵਿਚ ਹੀ ਸੰਵਾਦ ਹੁੰਦੇ ਹਨ, ਤਿੰਨਾਂ ਵਿਚ ਪਾਤਰ ਤੇ ਪਾਤਰ ਉਸਾਰੀ ਹੁੰਦੀ ਹੈ। ਤਿੰਨਾਂ ਵਿਚ ਹੀ ਦੋ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ :
ਬਿਰਤਾਂਤਕ ਭਾਵ ਲੇਖਕ ਦੀ ਭਾਸ਼ਾ – ਕੇਂਦਰੀ ਭਾਸ਼ਾ
ਪਾਤਰ ਦੀ ਭਾਸ਼ਾ – ਸਥਾਨਕ ਭਾਸ਼ਾ
ਤਿੰਨਾਂ ਦਾ ਹੀ ਇਕ ਆਂਚਲਿਕ ਧਰਾਤਲ ਹੁੰਦਾ ਹੈ। ਤਿੰਨਾਂ ਵਿਚ ਕਈ ਸ਼ੈਲੀਆਂ ਵਰਤੀਆਂ ਜਾ ਸਕਦੀਆਂ ਹਨ :
1) ਚੇਤਨਾ ਪ੍ਰਵਾਹ ਸ਼ੈਲੀ
2) ਮਨੋਵਿਗਿਆਨਕ ਸ਼ੈਲੀ
3) ਨਾਟਕੀ ਸ਼ੈਲੀ
4) ਬਿਰਤਾਂਤ ਸ਼ੈਲੀ
5) ਵਰਣਨਾਤਮਕ ਸ਼ੈਲੀ
6) ਐਨਕੋਡਿੰਗ ਅਤੇ ਡੀਕੋਡਿੰਗ ਸ਼ੈਲੀ
ਪਰੰਤੂ ਇੱਥੇ ਸਾਡਾ ਮੂਲ ਸਰੋਕਾਰ ਉਹ ਵੱਖਰਤਾਵਾਂ ਤੇ ਵਿਲੱਖਣਤਾਵਾਂ ਹਨ ਜੋ ਇਹਨਾਂ ਤਿੰਨਾਂ ਨੂੰ ਵਖਰਿਆਉਂਦੀਆਂ ਹਨ। ਨਾਵਲ ਦਾ ਕਥਾਨਕ ਮਹਾਂਕਾਵਿਕ ਸਰੋਕਾਰਾਂ ਨਾਲ ਵਾਬਸਤਗੀ ਰੱਖਣ ਵਾਲਾ ਹੁੰਦਾ ਹੈ, ਜਿਸ ਵਿਚ ਇਕ ਕਾਲਖੰਡ ਦਾ, ਜਾਂ ਇਕ ਵਿਅਕਤਿਤਵ ਦਾ ਪੂਰੇ ਦਾ ਪੂਰਾ ਪਰਿਦ੍ਰਿਸ਼ (scenario) ਦ੍ਰਿਸ਼ਮਾਨ ਹੁੰਦਾ ਹੈ। ਇਸ ਦੇ ਕਥਾਨਕ ਵਿਚ ਇਕ ਮੂਲ ਕਥਾ ਦੇ ਨਾਲ ਅਨੇਕ ਗੌਣਕਥਾਵਾਂ ਪ੍ਰਾਸੰਗਿਕ (incidental) ਕਥਾਵਾਂ ਦੇ ਰੂਪ ਵਿਚ ਕਾਰਜਸ਼ੀਲ ਹੁੰਦੀਆਂ ਹਨ ਜੋ ਮੂਲ ਕਥਾ ਦੀ ਵੱਥ ਨੂੰ ਪੁਸ਼ਟ ਕਰਨ ਲਈ ਸਿਰਜੀਆਂ ਜਾਂਦੀਆਂ ਹਨ ਅਤੇ ਉਸ ਨੂੰ ਪੁਸ਼ਟ ਕਰਕੇ ਸਮਾਪਤ ਹੋ ਜਾਂਦੀਆਂ ਹਨ। ਉਦੇਸ਼ ਇਹ ਹੁੰਦਾ ਹੈ ਕਿ ਕਿਸੇ ਵਰਤਾਰੇ ਦੇ ਸਮੁਚੇ ਪਸਾਰ, ਸਮੁਚੀਆਂ ਪਰਤਾਂ ਤੇ ਸਮੁਚੇ ਸਰੋਕਾਰ ਪ੍ਰਕਾਸ਼ਮਾਨ ਹੋ ਸਕਣ। ਇਉਂ ਨਾਵਲ ਇਕ ਸੂਰਜ ਵਾਂਗ ਮਨੁੱਖ ਦੇ ਕਿਸੇ ਸਮਾਜਿਕ, ਆਰਥਿਕ ਜਾਂ ਮਾਨਸਿਕ ਧਰਾਤਲ ਦੇ ਸਾਰੇ ਖੂੰਜਿਆਂ ਨੂੰ ਉਦੀਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਅਨੇਕ ਦੀਵਾਰਾਂ, ਛੱਤਾਂ, ਤਹਿਖਾਨੇ, ਪਰਦੇ ਰੂਪੋਸ਼ੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਤਕ ਸੂਰਜ ਦੀ ਰੇਂਜ ਵੀ ਨਹੀਂ ਹੁੰਦੀ ਅਤੇ ਜੋ ਵੱਡੇ ਸੂਰਜ ਦੀ ਵੱਡੀ ਰੋਸ਼ਨੀ ਵਿਚ ਵੀ ਉਦੀਪਤ ਹੋਣੋਂ ਰਹਿ ਜਾਂਦੀਆਂ ਹਨ। ਪਰੰਤੂ ਇਹਨਾਂ ਦਰ-ਦੀਵਾਰਾਂ, ਛੱਤਾਂ, ਤਹਿਖਾਨਿਆਂ, ਪਰਦਿਆਂ ਤੇ ਰੂਪੋਸ਼ੀਆਂ ਦੇ ਰਹੱਸ ਵੀ ਘੱਟ ਗੌਲਣਯੋਗ ਨਹੀਂ ਹੁੰਦੇ, ਬਲਕਿ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਰਹੱਸਾਂ ਦੇ ਵਿਸ਼ਲੇਸ਼ਣ ਤੋਂ ਬਗੈਰ ਸੱਚ ਨੂੰ ਪੂਰਨ ਰੂਪ ਵਿਚ ਉਦੀਪਤ ਹੀ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਲਘੂ ਪਰ ਅਤਿ ਮਹੱਤਵਪੂਰਨ ਪਸਾਰਾਂ ਨੂੰ ਪਰਿਭਾਸ਼ਿਤ ਤੇ ਵਿਸ਼ਲੇਸ਼ਿਤ ਕਰਨ ਲਈ ਨਾਵਲ ਦੇ ਮੁਕਾਬਲੇ ਕਹਾਣੀ ਤੇ ਨਿੱਕੀ ਕਹਾਣੀ ਵਰਗੇ ਰੂਪਾਂ ਦਾ ਵਿਕਾਸ ਹੋਇਆ ਜੋ ਇਕ ਪਾਤਰ ਜਾਂ ਕਾਲਖੰਡ ਦੇ ਬਹੁਵਿਧ ਪਸਾਰਾਂ ਵਿੱਚੋਂ ਕਿਸੇ ਇਕ ਜਾਂ ਦੋ ਪਸਾਰਾਂ ਨੂੰ ਆਪਣੇ ਸਮਰੱਥ ਸੰਦਾਂ (tools) ਰਾਹੀਂ ਪ੍ਰਕਾਸ਼ਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਉਂ ਸੂਰਜ ਦੇ ਮੁਕਾਬਲੇ ਫਲੱਡ ਲਾਈਟਾਂ ਵਰਗੀਆਂ ਰੋਸ਼ਨੀਆਂ ਦਾ ਮਹੱਤਵ ਵੀ ਘੱਟ ਨਹੀਂ ਹੁੰਦਾ, ਜਿਨ੍ਹਾਂ ਦਾ ਕਵਰੇਜ ਏਰੀਆ ਤਾਂ ਭਾਵੇਂ ਘੱਟ ਹੁੰਦਾ ਹੈ, ਪਰੰਤੂ ਉਸ ਏਰੀਏ ਵਿਚ ਉਹਨਾਂ ਦੀ ਸਮਰੱਥਾ ਕਿਸੇ ਸੂਰਜ ਤੋਂ ਘੱਟ ਨਹੀਂ ਹੁੰਦੀ। ਹੋਰ ਅੱਗੇ ਜਾਈਏ ਤਾਂ ਇਹਨਾਂ ਤਹਿਖਾਨਿਆਂ ਤੇ ਦੀਵਾਰਾਂ ਦੇ ਅੰਦਰ ਵੀ ਕਈ ਅਲਮਾਰੀਆਂ, ਪੇਟੀਆਂ, ਟਰੰਕ, ਗੰਢੜੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਰਹੱਸ ਮਨੁੱਖ ਵਾਸਤੇ ਚੈਲੰਜ ਬਣ ਜਾਂਦੇ ਹਨ ਅਤੇ ਇਹ ਚੀਜ਼ਾਂ ਮਨੁੱਖ ਦੇ ਬਾਹਰੋਂ ਦਿਖਾਈ ਦਿੰਦੇ ਵੱਡਆਕਾਰੀ ਯਥਾਰਥਾਂ ਨੂੰ ਪਲਾਂ ਛਿਣਾਂ ਵਿਚ ਤਬਾਹ ਕਰਨ ਦੇ ਸਮਰੱਥ ਹੁੰਦੀਆਂ ਹਨ। ਇਸ ਲਈ ਕਿਸੇ ਵੀ ਵੱਡੇ ਵਰਤਾਰੇ ਦਾ ਰਹੱਸ ਉਸ ਦੇ ਧੁਰ ਅੰਦਰ ਗਰਭ ਵਿਚ ਛੁਪਿਆ ਹੁੰਦਾ ਹੈ ਅਤੇ ਇਸ ‘ਧੁਰ ਅੰਦਰ’ ਨੂੰ ਫਰੋਲਣ ਦਾ ਕਾਰਜ ਸਰਚ ਲਾਈਟਾਂ, ਲੇਜ਼ਰ ਰੋਸ਼ਨੀ, ਬੈਟਰੀਆਂ ਤੇ ਸੂਖਮਦਰਸ਼ੀਆਂ ਆਦਿ ਦੁਆਰਾ ਕੀਤਾ ਜਾਂਦਾ ਹੈ, ਜੋ ਬਾਹਰੋਂ ਦਿਸਦੇ ਇਕਹਰੇ ਵਰਤਾਰੇ ਦੇ ਅੰਦਰਲੇ ਅਣਗਿਣਤ ਵਰਤਾਰਿਆਂ ਤੋਂ ਪਰਦਾ ਚੁੱਕਦੇ ਹਨ ਅਤੇ ਮਨੁੱਖ ਦੇ ਅੰਤਮ ਸੱਚ ਨੂੰ ਪਰਿਭਾਸ਼ਿਤ ਕਰਦੇ ਹਨ। ਇਉਂ ਵੱਡੇ ਵਰਤਾਰੇ ਦੇ ਗਰਭ ਵਿਚ ਕੁਝ ਵਿਸ਼ੇਸ਼ ਛਿਣ ਹੀ ਹੁੰਦੇ ਹਨ ਜੋ ਉਸ ਵੱਡੇ ਵਰਤਾਰੇ ਦੇ ਸਿਰਜਣ ਲਈ ਬੀਜ ਦਾ ਕਾਰਜ ਕਰਦੇ ਹਨ। ਇਸ ਬੀਜ ਰੂਪੀ ਛਿਣ ਨੂੰ ਫੜਨ ਲਈ ਸਾਨੂੰ ਕਹਾਣੀ ਤੋਂ ਅੱਗੇ ਮਿੰਨੀ ਕਹਾਣੀ ਨਾਂ ਦੇ ਟੂਲ ਦੀ ਜ਼ਰੂਰਤ ਮਹਿਸੂਸ ਹੋਈ। ਇਤਫਾਕਵਸ਼ ਮੈਨੂੰ ਪਿਛਲੇ ਸਮੇਂ ਦੌਰਾਨ ਮੁੰਸ਼ੀ ਪ੍ਰੇਮਚੰਦ, ਸਆਦਤ ਹਸਨ ਮੰਟੋ ਤੇ ਖਲੀਲ ਜ਼ਿਬਰਾਨ ਦੀਆਂ ਕੁਝ ਅਜਿਹੀਆਂ ਲਘੂ ਰਚਨਾਵਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੂੰ ਪੜ੍ਹਕੇ ਮੇਰੇ ਮਨ ਵਿਚ ਇਕ ਪ੍ਰਸ਼ਨ ਵਾਰ ਵਾਰ ਊਸਲਵੱਟੇ ਲੈਂਦਾ ਰਿਹਾ ਹੈ ਕਿ ਆਖਿਰ ਏਨੇ ਵੱਡੇ ਲੇਖਕਾਂ ਨੂੰ ਏਨੀਆਂ ਲਘੂ ਰਚਨਾਵਾਂ ਦੇ ਸਿਰਜਣ ਦੀ ਲੋੜ ਕਿਉਂ ਪਈ ? ਮੁੰਸ਼ੀ ਪ੍ਰੇਮਚੰਦ ਜੋ ‘ਗੋਦਾਨ’ ਵਰਗਾ ਵੱਡਆਕਾਰੀ ਨਾਵਲ ਲਿਖਕੇ ਵੀ ‘ਪੂਸ ਕੀ ਰਾਤ’ ਵਰਗੀਆਂ ਕਹਾਣੀਆਂ ਲਿਖਦਾ ਹੈ ਤੇ ਅਜਿਹੀਆਂ ਕਹਾਣੀਆਂ ਲਿਖਕੇ ਵੀ ‘ਠਾਕੁਰ ਕਾ ਕੂੰਆਂ’ ਵਰਗੀਆਂ ਤੇ ਇਸ ਤੋਂ ਵੀ ਲਘੂ ਰਚਨਾਵਾਂ ਲਿਖਦਾ ਹੈ ਦਾਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ‘ਗੋਦਾਨ’ ਤੇ ‘ਪੂਸ ਕੀ ਰਾਤ’ ਲਿਖਕੇ ਵੀ ਕੁਝ ਅਜਿਹਾ ਰਹਿ ਜਾਂਦਾ ਹੈ ਜਿਹੜਾ ਮਹੱਤਵਪੂਰਨ ਹੈ। ਲਘੂਕਥਾ ਨੇ ਨਾਵਲ ਤੇ ਕਹਾਣੀ ਦੇ ਸਮਵਿੱਥ ਇਸੇ ਮਹੱਤਵਪੂਰਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਸਆਦਤ ਹਸਨ ਮੰਟੋ ਜੇਕਰ ‘ਟੋਭਾ ਟੇਕ ਸਿੰਘ’ ਵਰਗੀਆਂ ਵੱਡਆਕਾਰੀ ਕਹਾਣੀਆਂ ਲਿਖਕੇ ਵੀ ਨਿੱਕੇ-ਨਿੱਕੇ ਟੋਟਕੇ ਲਿਖਦਾ ਹੈ, ਜਿਨ੍ਹਾਂ ਵਿਚ ਵਿਅੰਗ ਦੀ ਏਨੀ ਉੱਚੀ ਸਿਖਰ ਹੈ ਕਿ ਉਹ ਪਾਠਕ ਨੂੰ ਕੁਝ ਪਲਾਂ ਲਈ ਨਾਵਲ ਤੋਂ ਵੀ ਵੱਧ ਆਨੰਦਿਤ ਕਰਦੇ ਹਨ ਤਾਂ ਇਸ ਤੋਂ ਵੀ ਉਪਰੋਕਤ ਤੱਥ ਦੀ ਹੀ ਪੁਸ਼ਟੀ ਹੁੰਦੀ ਹੈ।
ਇਸੇ ਤਰ੍ਹਾਂ ਖਲੀਲ ਜ਼ਿਬਰਾਨ ਜੇਕਰ ‘The Prophet’ ਵਰਗੀ ਪੁਸਤਕ ਵਿਚ ਅਨੇਕਾਂ ਵੱਡਆਕਾਰੀ ਨਿਬੰਧ ਲਿਖਕੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਕੁਝ ਛਿਣ ਉਸ ਦੇ ਮਨ ਵਿਚ ਫਿਰ ਵੀ ਖਲਲ ਪਾਉਂਦੇ ਹਨ ਤੇ ਉਹ ਇਹਨਾਂ ਛਿਣਾਂ ਦੇ ਅਨੁਭਵਾਂ ਦਾ ਨਿੱਕੀਆਂ-ਨਿੱਕੀਆਂ ਉਪਦੇਸ਼ਾਤਮਕ ਰਚਨਾਵਾਂ ਵਿਚ ਪ੍ਰਸਤੁਤੀਕਰਨ ਕਰਦਾ ਹੈ ਤਾਂ ਲਾਜਮੀ ਇਹਨਾਂ ਛਿਣਾਂ ਦੀ ਵਕਾਰੀ ਤੇ ਨਿਰਣਾਇਕ ਭੂਮਿਕਾ ਹੋਵੇਗੀ। ਮੁੰਸ਼ੀ ਪ੍ਰੇਮਚੰਦ, ਮੰਟੋ ਤੇ ਖਲੀਲ ਜ਼ਿਬਰਾਨ ਤਾਂ ਮਹਿਜ ਉਦਾਹਰਨਾਂ ਹਨ ਅਤੇ ਇਹ ਤਿੰਨੇ ਉਹ ਵੱਡੇ ਨਾਂ ਹਨ ਜਿਨ੍ਹਾਂ ਨੂੰ ਕਿਸੇ ਸਾਹਿਤਕ ਤੱਥ ਦੀ ਪੁਸ਼ਟੀ ਲਈ ਵਰਤਿਆ ਜਾ ਸਕਦਾ ਹੈ। ਵਰਨਾ ਹਰ ਸਿਰਜਣਾਤਮਕ ਸ਼ਖ਼ਸੀਅਤ ਜੋ ਸੱਚ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਉਹ ਸੱਚ ਦੀਆਂ ਪਰਤਾਂ ਤੇ ਪਸਾਰਾਂ ਮੁਤਾਬਕ ਹੀ ਆਪਣੀ ਵਿਧਾ ਘੜਦੀ ਹੈ। ਇਸ ਲਈ ਮਹਾਂਕਾਵਿ ਤੇ ਨਾਵਲ ਵੀ ਰਚੇ ਗਏ ਹਨ ਤੇ ਰਚੇ ਜਾ ਰਹੇ ਹਨ। ਟੱਪੇ, ਦੋਹੇ, ਹਾਇਕੂ ਤੇ ਕਿੱਸੇ ਵੀ ਰਚੇ ਗਏ ਹਨ ਤੇ ਤੀਜੇ ਪਾਸੇ ਨਾਵਲ ਦੇ ਮੁਕਾਬਲੇ ਕਹਾਣੀ ਤੇ ਕਹਾਣੀ ਮੁਕਾਬਲੇ ਇਸ ਤੋਂ ਵੀ ਲਘੂ ਆਕਾਰ ਦੀਆਂ ਰਚਨਾਵਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਲਘੂ ਆਕਾਰ ਦੀਆਂ ਰਚਨਾਵਾਂ ਦੇ ਵੀ ਆਪਣੇ ਆਕਾਰ, ਪ੍ਰਕਾਰ ਤੇ ਵਿਹਾਰ ਹਨ। ਪਹਿਲਾਂ ਪ੍ਰਕਾਰ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਸਾਹਮਣੇ ਹੇਠ ਲਿਖੇ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ :
1) ਟੱਪਾ
2) ਦੋਹਾ
3) ਚੁਟਕਲਾ
4) ਉਪਦੇਸ਼ ਕਥਾ
5) ਪ੍ਰੇਰਕ ਪ੍ਰਸੰਗ
6) ਮਿੰਨੀ ਕਹਾਣੀ
ਆਕਾਰ ਪੱਖੋਂ ਦੇਖੀਏ ਤਾਂ ਟੱਪਾ ਡੇਢ ਲਾਈਨ ਦੀ ਰਚਨਾ ਹੈ। ਜਿਸ ਵਿਚ ਇਕ ਲਾਈਨ ਹੀ ਕੱਥ ਨੂੰ ਬਿਆਨਦੀ ਹੈ, ਦੂਜੀ ਅੱਧੀ ਲਾਈਨ ਸਿਰਫ ਲੈਅ ਅਤੇ ਤੁਕਾਂਤ ਮੇਲ ਦੀ ਲੋੜ ਦੇ ਰੂਪ ਵਿਚ ਕਾਰਜਸ਼ੀਲ ਹੁੰਦੀ ਹੈ। ਦੋਹਾ ਦੋ ਪੰਕਤੀਆਂ ਦੀ ਵਿਧਾ ਹੈ, ਜਿਸ ਵਿੱਚੋਂ ਇਕ ਮੁਕੰਮਲ ਥੀਮ ਜਾਂ ਵਿਚਾਰ ਸੰਚਾਰਿਤ ਹੁੰਦਾ ਹੈ।
ਉਪਦੇਸ਼ ਕਥਾ ਤੇ ਪ੍ਰੇਰਕ ਪ੍ਰਸੰਗ ਆਕਾਰ ਪੱਖੋਂ ਕਿਸੇ ਇਕ ਜਾਬਤੇ ਦੀ ਪਾਲਣਾ ਨਹੀਂ ਕਰਦੇ। ਇਹ ਪ੍ਰੇਰਕ ਪ੍ਰਸੰਗ ਕਦੇ ਇਕ ਮਿੰਨੀ ਕਹਾਣੀ ਦੇ ਆਕਾਰ ਦੇ ਹੁੰਦੇ ਹਨ, ਕਦੇ ਕਹਾਣੀ ਦੇ ਆਕਾਰ ਦੇ ਅਤੇ ਕਿਤੇ-ਕਿਤੇ ਲਘੂ ਨਾਵਲ ਦੇ ਆਕਾਰ ਤੱਕ ਵੀ ਪਹੁੰਚ ਜਾਂਦੇ ਹਨ।
ਇਹਨਾਂ ਦੇ ਮੁਕਾਬਲੇ ਚੁਟਕਲਾ/ਲਤੀਫ਼ਾ ਤੇ ਮਿੰਨੀ ਕਹਾਣੀ ਵਿਚ ਆਕਾਰ ਦੀਆਂ ਕਾਫੀ ਸਮਾਨਤਾਵਾਂ ਹੁੰਦੀਆਂ ਹਨ । ਇਹ ਦੋਹੇ ਤੇ ਟੱਪੇ ਤੋਂ ਵੱਡੇ ਹੁੰਦੇ ਹਨ ਅਤੇ ਉਪਦੇਸ਼ ਕਥਾ ਜਾਂ ਪ੍ਰੇਰਕ ਪ੍ਰਸੰਗ ਦੇ ਕਈ ਵਾਰ ਬਰਾਬਰ ਹੁੰਦੇ ਹਨ ਤੇ ਕਈ ਵਾਰ ਉਸ ਤੋਂ ਛੋਟੇ ਹੁੰਦੇ ਹਨ।
ਵਰਗਗਤ ਦ੍ਰਿਸ਼ਟੀ ਤੋਂ ਦੇਖੀਏ ਤਾਂ ਦੋਹਾ ਤੇ ਟੱਪਾ ਕਾਵਿਕ ਵਿਧਾਵਾਂ ਹਨ। ਲਤੀਫਾ ਅਤੇ ਮਿੰਨੀ ਕਹਾਣੀ ਗਲਪੀ ਵਿਧਾਵਾਂ ਹਨ, ਜਦੋਂ ਕਿ ਪ੍ਰੇਰਕ ਪ੍ਰਸੰਗ ਬਹੁਤੀ ਵਾਰ ਗਲਪੀ ਹੁੰਦੇ ਹਨ, ਪਰੰਤੂ ਕਈ ਵਾਰ ਕਾਵਿਕ ਵੀ ਹੋ ਜਾਂਦੇ ਹਨ।
ਇਤਿਹਾਸਕ ਵਿਕਾਸਕ੍ਰਮ ਦੀ ਦ੍ਰਿਸ਼ਟੀ ਤੋ ਦੇਖੀਏ ਤਾਂ ਉਪਦੇਸ਼ ਕਥਾਵਾਂ ਅਤੇ ਪ੍ਰੇਰਕ ਪ੍ਰਸੰਗ ਦਾ ਆਧਾਰ ਨੈਤਿਕ ਧਰਾਤਲ ਹੈ ਜੋ ਪੂਰਵ ਆਧੁਨਿਕ ਕਾਲ ਭਾਵ ਜਾਗੀਰਦਾਰੀ ਯੁਗ ਦੇ ਮਾਪਦੰਡਾ ਤੇ ਮੂਲ ਵਿਧਾਨ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਅਜਿਹਾ ਨਹੀਂ ਹੈ ਕਿ ਅੱਜ ਕੋਈ ਪ੍ਰੇਰਕ ਪ੍ਰਸੰਗ ਪੈਦਾ ਨਹੀਂ ਹੋ ਸਕਦਾ ਹੈ। ਇਸ ਦੀਆਂ ਸੰਭਾਵਨਾਵਾਂ ਅੱਜ ਵੀ ਮੌਜੂਦ ਹਨ, ਪਰ ਨੈਤਿਕਤਾ ਦਾ ਜੋ ਸਾਂਝਾ ਕੋਡ ਪੂਰਵ ਆਧੁਨਿਕ ਕਾਲ ਵਿਚ ਦ੍ਰਿਸ਼ਮਾਨ ਸੀ, ਉਸ ਲਈ ਇਸ ਕਾਲ ਵਿਚ ਸਪੇਸ ਲਗਾਤਾਰ ਘਟਦੀ ਜਾ ਰਹੀ ਹੈ। ਪੁਰਾਤਨ ਸਮੇਂ ਵਿਚ ਇਹਨਾਂ ਵਿਧਾਵਾਂ ਦੇ ਵਿਕਸਿਤ ਹੋਣ ਲਈ ਸਪੇਸ ਇਸ ਕਰਕੇ ਵੀ ਜ਼ਿਆਦਾ ਸੀ ਕਿ ਪ੍ਰੇਰਨਾ, ਅਗਵਾਈ ਅਤੇ ਸ਼ਕਤੀ ਦੇ ਕੇਂਦਰ ਜਾਂ ਤਾਂ ਸਾਧ, ਸੰਤ ਤੇ ਫਕੀਰ ਹੁੰਦੇ ਸਨ, ਜਾਂ ਫਿਰ ਰਾਜੇ ਮਹਾਰਾਜੇ ਹੁੰਦੇ ਸਨ। ਆਮ ਆਦਮੀ ਉਸ ਸਮੇਂ ਮੁੱਖ ਧਾਰਾ ਵਿਚ ਨਹੀਂ ਸੀ। ਇਸ ਲਈ ਸਾਧਾ, ਸੰਤਾਂ, ਫਕੀਰਾਂ, ਰਾਜਿਆਂ, ਮਹਾਰਾਜਿਆਂ ਦੀ ਜਿੰਦਗੀ ਦੇ ਵਿਚ ਅਨੇਕਾਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਸਨ ਜੋ ਜਨਸਾਧਾਰਨ ਲਈ ਪ੍ਰੇਰਕ ਬਣਦੀਆਂ ਸਨ। ਇਸੇ ਲਈ ਹਰੇਕ ਮਹਾਂਪੁਰਖ (ਬੁੱਧ, ਈਸਾ, ਨਾਨਕ) ਨਾਲ ਅਨੇਕ ਪ੍ਰੇਰਕ ਪ੍ਰਸੰਗ ਜੁੜੇ ਹੋਏ ਹਨ। ਦੂਜੇ ਪਾਸੇ ਇਹਨਾਂ ਲੋਕਾਂ ਸਿਰ ਇਕ ਜ਼ਿੰਮਾ ਵੀ ਹੁੰਦਾ ਸੀ ਕਿ ਉਹ ਅਜਿਹਾ ਕੁਝ ਸਿਰਜਣ ਜਿਸ ਨਾਲ ਆਮ ਆਦਮੀ ਨੂੰ ਪ੍ਰੇਰਨਾ ਮਿਲ ਸਕੇ। ਇਸ ਦਿਸ਼ਾ ਵਿਚ ਕੀਤੇ ਯਤਨਾਂ ਨਾਲ ਪਰੀ ਕਥਾਵਾਂ ਅਤੇ ਜਨੌਰ ਕਥਾਵਾਂ ਹੋਂਦ ਵਿਚ ਆਈਆਂ। ਅੱਜ ਵਿਸ਼ੇਸ਼ ਪੁਰਸ਼ਾਂ (ਸਾਧ-ਸੰਤ, ਫਕੀਰ, ਮਹਾਰਾਜੇ) ਦੀ ਹੋਂਦ ਲਗਾਤਾਰ ਖਤਮ ਹੋ ਰਹੀ ਹੈ ਅਤੇ ਆਮ ਆਦਮੀ ਹਾਸ਼ੀਏ ਵਿੱਚੋਂ ਨਿਕਲ ਕੇ ਕੇਂਦਰ ਵਿਚ ਆ ਗਿਆ ਹੈ। ਇਸੇ ਲਈ ਨੈਤਿਕ ਪ੍ਰਵਚਨਾਂ ਤੇ ਕਥਾਵਾਂ ਦਾ ਸਿਰਜਣ ਧਰਾਤਲ ਤੇ ਫੈਲਣ-ਧਰਾਤਲ ਦੋਵੇਂ ਹੀ ਸੰਕਟਗ੍ਰਸਤ ਹੋਏ ਹਨ। ਇਸ ਲਈ ‘ਇਕ ਸੀ ਰਾਜਾ’ ਜਾਂ ‘ਇਕ ਸੀ ਚਿੜੀ’, ਜਾਂ ‘ਇਕ ਵਾਰ ਦੀ ਗੱਲ ਹੈ’ ਵਰਗੇ ਸਿਰਜਣਾਤਮਕ ਪਸਾਰ ਵੀ ਆਪਣੀ ਹੋਂਦ ਗੁਆ ਰਹੇ ਹਨ ਤੇ ਇਹਨਾਂ ਦੀ ਥਾਂ ਤੇ ਆਧੁਨਿਕ ਯੁਗ ਦੇ ਉਹ ਸਰੋਕਾਰ ਸਿਰਜਣਾ ਦੀ ਆਧਾਰ ਭੂਮੀ ਬਣ ਰਹੇ ਹਨ ਜੋ ਆਮ ਆਦਮੀ ਦੇ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਮਨੋਵਿਗਿਆਨਕ ਪਸਾਰਾਂ ਨੂੰ ਮੁਖ਼ਾਤਬ ਹੋਣ। ਸਿੱਟਾ ਕੀ ਨਿਕਲਦਾ ਹੈ ਕਿ ਜਗੀਰਦਾਰੀ ਮੁੱਲ-ਵਿਧਾਨ ਉੱਪਰ ਆਧਾਰਿਤ ਵਿਸ਼ੇਸ਼ ਲੋਕਾਂ ਨਾਲ ਜੁੜੀਆਂ ਉਪਦੇਸ਼ ਕਥਾਵਾਂ ਤੇ ਪ੍ਰੇਰਕ ਪ੍ਰਸੰਗ ਦਮ ਤੋੜਦੇ ਹਨ ਤੇ ਪੂੰਜੀਵਾਦੀ ਮੁੱਲ-ਪ੍ਰਬੰਧ ਉੱਪਰ ਆਧਾਰਿਤ ਜਨਸਾਧਾਰਨ ਨਾਲ ਜੁੜੇ ਸੁਹਜਾਤਮਕ ਅਤੇ ਰਚਨਾਤਮਕ ਪਾਸਾਰ ਲਘੂਕਥਾ ਰਾਹੀਂ ਉਜਾਗਰ ਹੋ ਰਹੇ ਹਨ। ਇਸ ਤਰ੍ਹਾਂ ਲਘੂਕਥਾ ਤੇ ਪ੍ਰੇਰਕ ਪ੍ਰਸੰਗ ਆਕਾਰ ਪੱਖੋਂ ਤੇ ਗਲਪੀ ਵਿਧਾ ਪੱਖੋਂ ਸਮਾਨਤਾ ਰਖਦੇ ਹੋਏ ਵੀ ਇਤਿਹਾਸਕ ਪਰਿਪੇਖ ਪੱਖੋਂ ਇਕ ਦੂਜੇ ਦੇ ਵਿਰੋਧੀ ਧਰਾਤਲਾਂ ਰਾਹੀਂ ਵਿਕਸਿਤ ਹੁੰਦੇ ਹਨ। ਇਕ ਦਮ ਤੋੜਦਾ ਹੈ ਤੇ ਦੂਜਾ ਉਸ ਦੁਆਰਾ ਪੈਦਾ ਕੀਤੇ ਖਲਾਅ ਨੂੰ ਪੂਰਦਾ ਹੈ। ਇਕ ਦੇ ਕੇਂਦਰ ਵਿਚ ਉਪਦੇਸ਼ ਹੈ, ਆਦਰਸ਼ ਹੈ ਤੇ ਪ੍ਰਚਾਰ ਹੈ। ਜਦਕਿ ਦੂਜੇ (ਲਘੂਕਥਾ) ਦੇ ਕੇਂਦਰ ਵਿਚ ਵਰਣਨ ਹੈ, ਯਥਾਰਥ ਹੈ ਤੇ ਚਿਤਰਣ ਹੈ। ਪਹਿਲਾ ਆਪਣੇ ਗਲਪੀ ਵਿਧਾਨ ਰਾਹੀਂ ਇਕ ਖਾਸ ਕਿਸਮ ਦੀ ਸਿੱਖਿਆ ਤੇ ਉਪਦੇਸ਼ ਨੂੰ ਪ੍ਰਸਤੁਤ ਕਰਕੇ ਜਾਂ ਪੁਸ਼ਟ ਕਰਕੇ ਸਮਾਪਤ ਹੁੰਦਾ ਹੈ, ਦੂਜਾ ਸਮਕਾਲੀ ਯਥਾਰਥ ਦੀਆਂ ਪਰਤਾਂ ਵਿਸ਼ਲੇਸ਼ਿਤ ਜਾਂ ਪਰਿਭਾਸ਼ਿਤ ਕਰਦਾ ਹੈ ਤੇ ਉਸ ਤੋਂ ਅੱਗੇ ਅਣਕਹੇ (unsaid) ਦੇ ਰੂਪ ਵਿਚ ਚੁੱਪ ਹੋ ਜਾਂਦਾ ਹੈ।
ਜਿੱਥੋਂ ਤੱਕ ਚੁਟਕਲੇ ਤੇ ਮਿੰਨੀ ਕਹਾਣੀ ਦੇ ਵਿਹਾਰ ਦਾ ਮਸਲਾ ਹੈ, ਇਹ ਦੋਵੇਂ ਕਾਫੀ ਹੱਦ ਤੱਕ ਆਕਾਰ ਪੱਖੋਂ ਅਤੇ ਆਧੁਨਿਕਤਾ/ਪੁਰਾਤਨਤਾ ਪੱਖੋਂ ਸਮਾਨਤਾ ਰਖਦੇ ਹਨ, ਪਰੰਤੂ ਉਦੇਸ਼ ਪੱਖੋਂ ਭਿੰਨ ਹਨ। ਉਦੇਸ਼ ਦੀ ਭਿੰਨਤਾ ਕਾਰਨ ਹੀ ਗਲਪੀ ਜੁਗਤਾਂ ਅਤੇ ਤਕਨੀਕਾਂ ਦੀ ਭਿੰਨਤਾ ਵੀ ਇਹਨਾਂ ਦੇ ਵਿਧਾਨ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦੇਸ਼ ਦੀ ਪੱਧਰ ਤੇ ਦੇਖੀਏ ਤਾਂ ਜਿੱਥੇ ਚੁਟਕਲੇ ਤੇ ਲਤੀਫੇ਼ ਦਾ ਮਕਸਦ ਸਿਰਫ ਹਾਸਾ ਪੈਦਾ ਕਰਕੇ ਮਨੋਰੰਜਨ ਕਰਨਾ ਹੁੰਦਾ ਹੈ, ਉੱਥੇ ਮਿੰਨੀ ਕਹਾਣੀ ਸਾਹਿਤ ਦੀ ਬਹੁਤ ਗੰਭੀਰ ਸਿਨਫ਼ ਹੈ। ਹਸਾਉਣਾ ਜਿਸਦਾ ਕੋਈ ਮਕਸਦ ਹੀ ਨਹੀਂ ਹੁੰਦਾ, ਬਲਕਿ ਸਥਿਤੀਆਂ ਦੇ ਵਰਣਨ ਰਾਹੀਂ ਕੋਈ ਗੰਭੀਰ ਸੰਵਾਦ ਛੇੜਨਾ ਹੁੰਦਾ ਹੈ। ਇਹ ਵੀ ਨਹੀਂ ਕਿ ਚੁਟਕਲੇ ਗੰਭੀਰ ਨਹੀਂ ਹੁੰਦੇ, ਬਲਕਿ ਕੁਝ ਚੁਟਕਲਿਆਂ ਵਿਚ ਵਿਅੰਗ ਜਾਂ ਕਟਾਖਸ਼ ਦੀ ਚੋਭ ਏਨੀ ਤਿੱਖੀ ਹੁੰਦੀ ਹੈ ਕਿ ਹਸਾਉਣ ਦੇ ਨਾਲ-ਨਾਲ ਅਜਿਹੀਆਂ ਗੁੱਝੀਆਂ ਚੋਟਾਂ ਮਾਰਦੇ ਹਨ ਕਿ ਮਾਨਸਿਕਤਾ ਝੰਜੋੜੀ ਜਾਂਦੀ ਹੈ। ਪਰੰਤੂ ਅਜਿਹੇ ਚੁਟਕਲੇ, ਚੁਟਕਲੇ ਨਾ ਰਹਿ ਕੇ ਵਿਅੰਗ ਜਾਂ ਹਾਸ-ਵਿਅੰਗ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਜਾਂਦੇ ਹਨ। ਸਆਦਤ ਹਸਨ ਮੰਟੋ ਦੀਆਂ ਬਹੁਤੀਆਂ ਲਘੂ ਰਚਨਾਵਾਂ ਇਸੇ ਸ਼੍ਰੇਣੀ ਵਿਚ ਆਉਂਦੀਆਂ ਹਨ। ਦੂਜੇ ਪਾਸੇ ਮਿੰਨੀ ਕਹਾਣੀ ਦੇ ਅਖੀਰ ਤੇ ਜੇਕਰ ਸਿਰਫ ਹਾਸਾ ਆਉਂਦਾ ਹੈ ਤਾਂ ਅੱਵਲ ਤਾਂ ਉਹ ਮਿੰਨੀ ਕਹਾਣੀ ਨਾ ਰਹਿਕੇ ਸਿਰਫ ਚੁਟਕਲਾ ਬਣ ਜਾਂਦੀ ਹੈ ਜਾਂ ਫਿਰ ਆਪਣੀ ਗੰਭੀਰਤਾ ਦਾ ਤਿਆਗ ਕਰਕੇ ਹਲਕੇ ਪੱਧਰ ਦੀ ਰਚਨਾ ਹੋ ਨਿਬੜਦੀ ਹੈ। ਮਿੰਨੀ ਕਹਾਣੀ ਦਾ ਕੋਈ ਪਾਤਰ ਮਖੌਲੀਆ ਹੋ ਸਕਦਾ ਹੈ, ਕੋਈ ਸੰਵਾਦ ਮਖੌਲੀਆ ਹੋ ਸਕਦਾ ਹੈ, ਉਸਦੀ ਸ਼ੈਲੀ ਮਖੌਲੀਆ ਹੋ ਸਕਦੀ ਹੈ, ਪਰੰਤੂ ਉਸ ਦੀ ਕੱਥ, ਉਸਦਾ ਅੰਤ ਅਤੇ ਉਸ ਦਾ ਸਿਖਰ ਮਖੌਲੀਆ ਨਹੀਂ ਹੋ ਸਕਦਾ। ਮਿੰਨੀ ਕਹਾਣੀ ਅਤੇ ਚੁਟਕਲੇ ਦੇ ਉਦੇਸ਼ ਦੇ ਇਸੇ ਵਿਰੋਧੀ ਤਰਕ ਉੱਤੇ ਦੋਹਾਂ ਦਾ ਵਿਲੱਖਣ ਸੰਗਠਨ ਉਸਰਦਾ ਹੈ ਤੇ ਦੋਹਾਂ ਦੀਆਂ ਗਲਪੀ ਜੁਗਤਾਂ ਜਾਂ ਤਕਨੀਕਾਂ ਦਾ ਵਿਰੋਧ ਉਜਾਗਰ ਹੁੰਦਾ ਹੈ। ਚੁਟਕਲੇ ਵਧੇਰੇ ਕਰਕੇ ਸਥੂਲ ਵਰਤਾਰਿਆਂ ਵਿੱਚੋਂ ਉਪਜਦੇ ਹਨ। ਜਿਵੇਂ ਕਿਸੇ ਸ਼ਬਦ ਦੇ ਅਰਥ ਵਿਗਾੜ ਕਰਕੇ, ਕਿਸੇ ਦੀ ਸਰੀਰਕ ਅਪਾਹਜਤਾ ਕਰਕੇ, ਕਿਸੇ ਦੇ ਊਟਪਟਾਂਗ ਪਹਿਰਾਵੇ ਕਰਕੇ, ਕਿਸੇ ਦੇ ਭੁਲੱਕੜ ਸੁਭਾਅ ਕਰਕੇ, ਕਿਸੇ ਦੇ ਅਣਜਾਣੇ ਵਿੱਚ ਕੀਤੇ ਵਿਹਾਰ ਕਰਕੇ ਜਾਂ ਦੋ ਸਬੰਧਤ ਪਾਤਰਾਂ (ਪਤੀ, ਪਤਨੀ, ਅਧਿਆਪਕ, ਵਿਦਿਆਰਥੀ) ਦੇ ਮਿੱਥਤ ਤੇ ਇੱਛਤ ਵਿਰੋਧ ਕਰਕੇ। ਦੂਜੇ ਪਾਸੇ ਮਿੰਨੀ ਕਹਾਣੀ ਇਹਨਾਂ ਸਥੂਲ ਵਰਤਾਰਿਆਂ ਤੋਂ ਪਾਰ ਜ਼ਿੰਦਗੀ ਦੇ ਸੂਖਮ ਪਾਸਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਚੁਟਕਲੇ ਦਾ ਚਿਤਰਨ ਵਧੇਰੇ ਕਰਕੇ ਫੋਟੋਗ੍ਰਾਫਿਕ ਹੁੰਦਾ ਹੈ ਜੋ ਸਿਰਫ ਦਿਸਦੇ ਤੱਕ ਹੀ ਸੀਮਤ ਹੁੰਦਾ ਹੈ। ਮਿੰਨੀ ਕਹਾਣੀ ਦਾ ਚਿਤਰਨ ਐਕਸਰੇਮੂਲਕ ਹੁੰਦਾ ਹੈ ਜੋ ਦਿਸਦੇ ਤੋਂ ਪਾਰ ਜਾ ਕੇ ‘ਅਦਿਸਦੇ’ ਨੂੰ ਪਰਿਭਾਸ਼ਿਤ ਕਰਦਾ ਹੈ।
ਮਿੰਨੀ ਕਹਾਣੀ ਦੇ ਸਮਾਨਾਂਤਰ ਇਕ ਹੋਰ ਵਿਧਾ ਕਾਰਜਸ਼ੀਲ ਹੈ– ਹਾਸ-ਵਿਅੰਗ, ਜੋ ਇਹਨਾਂ ਦੋਹਾਂ ਦੇ ਵਿਚਕਾਰ ਕਾਫੀ ਭੰਬਲਭੂਸਾ ਪੈਦਾ ਕਰਦੀ ਹੈ। ਇਸ ਸਬੰਧ ਵਿਚ ਪਹਿਲਾ ਅੰਤਰ ਤਾਂ ਇਹੀ ਹੈ ਕਿ ਹਾਸ-ਵਿਅੰਗ ਮੁੱਖ ਤੌਰ ਤੇ ਇਕ ਤਕਨੀਕ ਹੀ ਹੈ ਭਾਵੇਂ ਕਿ ਇਸਨੂੰ ਇਕ ਵਿਧਾ ਦੇ ਤੌਰ ਤੇ ਵੀ ਸਵੀਕਾਰਿਆ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਇਕ ਵਿਧਾ ਦੇ ਤੌਰ ਤੇ ਸਵੀਕਾਰਦੇ ਹਾਂ ਤਾਂ ਸਾਡਾ ਮਤਲਬ ਉਸ ਰਚਨਾ ਤੋਂ ਹੁੰਦਾ ਹੈ, ਜਿਸ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਸਮੁੱਚਾ ਨਿਭਾਉ ਤੇ ਪ੍ਰਗਟਾਉ ਹਾਸ-ਵਿਅੰਗ ਸ਼ੈਲੀ ਵਿਚ ਕੀਤਾ ਹੋਵੇ ਤੇ ਜਿਸ ਦਾ ਸਮੁੱਚਾ ਥੀਮ ਅੰਤ ਤੱਕ ‘ਵਕਰਤਾਪੂਰਨ’ ਹੋਵੇ।
ਸੋ ਪਹਿਲਾ ਅੰਤਰ ਤਾਂ ਇਹੀ ਹੈ ਕਿ ਜੋ ਗੱਲ ਹਾਸ-ਵਿਅੰਗ ਦੇ ਸਬੰਧ ਵਿਚ ਪਹਿਲੀ ਸ਼ਰਤ ਵੱਜੋਂ ਲਾਗੂ ਹੈ, ਉਹ ਮਿੰਨੀ ਕਹਾਣੀ ਵਿਚ ਹੋਵੇ, ਇਹ ਜ਼ਰੂਰੀ ਨਹੀਂ ਹੈ। ਭਾਵ, ਮਿੰਨੀ ਕਹਾਣੀ ਵਿਚ ਹਾਸ-ਵਿਅੰਗ ਹੋਵੇ ਹੀ, ਇਹ ਕੋਈ ਸ਼ਰਤ ਨਹੀਂ ਬਲਕਿ ਤੱਥ ਇਹ ਹੈ ਕਿ ਬਹੁਤ ਸਾਰੀਆਂ ਮਿੰਨੀ ਕਹਾਣੀਆਂ ਹਾਸ-ਵਿਅੰਗ ਤੋਂ ਮੁਕਤ ਹੁੰਦੀਆਂ ਹਨ। ਦੂਜੀ ਗੱਲ, ਹਾਸ-ਵਿਅੰਗ ਕਾਵਿਮਈ ਵੀ ਹੁੰਦਾ ਹੈ ਤੇ ਗੱਦਮਈ ਵੀ, ਜਦ ਕਿ ਮਿੰਨੀ ਕਹਾਣੀ, ਸਿਰਫ ਤੇ ਸਿਰਫ ਗੱਦ ਵਿਚ ਹੀ ਸੰਭਵ ਹੈ। ਇਸ ਲਈ ਹਾਸ-ਵਿਅੰਗ ਨੂੰ ਮਿੰਨੀ ਕਹਾਣੀ ਦੀ ਇਕ ਤਕਨੀਕ ਦੇ ਤੌਰ ਤੇ ਕੁਝ ਹੱਦ ਤਕ ਸਵੀਕਾਰਿਆ ਜਾ ਸਕਦਾ ਹੈ, ਪਰੰਤੂ ਸੰਪੂਰਨ ਹਾਸ-ਵਿਅੰਗ ਰਚਨਾ ਤੇ ਮਿੰਨੀ ਕਹਾਣੀ ਦੇ ਸੰਗਠਨ ਬਿਲਕੁਲ ਭਿੰਨ ਹਨ।
ਇਉਂ ਦੋਹਾ, ਟੱਪਾ, ਨਾਵਲ, ਕਹਾਣੀ, ਚੁਟਕਲਾ, ਪ੍ਰੇਰਕ ਪ੍ਰਸੰਗ, ਉਪਦੇਸ਼ ਕਥਾ, ਹਾਸ-ਵਿਅੰਗ ਆਦਿ ਵਿਧਾਵਾਂ ਮਿੰਨੀ ਕਹਾਣੀ ਦੇ ਸਮਾਨਾਂਤਰ ਵਿਕਾਸ ਕਰ ਰਹੀਆਂ ਹਨ, ਜੋ ਮਿੰਨੀ ਕਹਾਣੀ ਨਾਲ ਕਈ ਥਾਵਾਂ ਤੇ ਅੰਤਰ ਸਬੰਧਤ ਵੀ ਹਨ, ਪਰੰਤੂ ਇਹਨਾਂ ਦੇ ਅੰਤਰ ਵਿਰੋਧ ਵੀ ਅਥਾਹ ਹਨ। ਇਹ ਅੰਤਰ ਵਿਰੋਧ ਹੀ ਹਨ ਜੋ ਮਿੰਨੀ ਕਹਾਣੀ ਨੂੰ ਜਿੱਥੇ ਇਕ ਪਾਸੇ ਇਹਨਾਂ ਨਾਲੋਂ ਨਿਖੇੜਦੇ ਹਨ, ਉੱਥੇ ਦੂਜੇ ਪਾਸੇ ਇਸਦੇ ਜਨਮ ਤੇ ਵਿਕਾਸ ਲਈ ਜ਼ਮੀਨ (space) ਮੁਹੱਈਆ ਕਰਦੇ ਹਨ। ਕਿਸੇ ਨਾਲ ਇਸ ਦਾ ਇਤਿਹਾਸਕ ਪਰਿਪੇਖ ਦੀ ਦ੍ਰਿਸ਼ਟੀ ਤੋਂ ਵਖਰੇਵਾਂ ਹੈ, ਕਿਸੇ ਨਾਲ ਕਾਵਿ-ਗੱਦ ਦੀ ਪੱਧਰ ਤੇ ਵਖਰੇਵਾਂ ਹੈ। ਕਿਸੇ ਨਾਲ ਉਦੇਸ਼ ਦੀ ਪੱਧਰ ਤੇ ਵਖਰੇਵਾਂ ਹੈ ਤੇ ਕਿਸੇ ਨਾਲ ਆਕਾਰ ਦੀ ਪੱਧਰ ਤੇ ਅਤੇ ਕਿਸੇ ਨਾਲ ਤਕਨੀਕ ਦੀ ਪੱਧਰ ਤੇ। ਇਹ ਵਖਰੇਵੇਂ ਹੀ ਹਨ ਜਿਨ੍ਹਾਂ ਵਿੱਚੋਂ ਮਿੰਨੀ ਕਹਾਣੀ ਨੂੰ ਆਪਣਾ ਇਕ ਵਿਲੱਖਣ ਵਿਚਾਰ, ਆਕਾਰ , ਪ੍ਰਕਾਰ ਤੇ ਵਿਹਾਰ ਮਿਲਿਆ ਹੈ।
ਮਹੱਤਵਪੂਰਨ ਤੱਥ ਇਹ ਹੈ ਕਿ ਜਿੱਥੇ ਇਹਨਾਂ ਵੱਖਰਤਾਵਾਂ ਨੇ ਮਿੰਨੀ ਕਹਾਣੀ ਨੂੰ ਇਕ ਵਿਲੱਖਣਤਾ ਪ੍ਰਦਾਨ ਕੀਤੀ ਹੈ, ਉੱਥੇ ਇਹਨਾਂ ਵਖਰੇਵਿਆਂ ਨੇ ਹੀ ਮਿੰਨੀ ਕਹਾਣੀ ਲੇਖਕ ਅੱਗੇ ਇਕ ਚੁਣੋਤੀ ਵੀ ਪੇਸ਼ ਕੀਤੀ ਹੈ ਕਿ ਜੇਕਰ ਉਹ ਸਚਮੁਚ ਮਿੰਨੀ ਕਹਾਣੀ ਲਿਖਣੀ ਚਾਹੁੰਦਾ ਹੈ ਤਾਂ ਉਹ ਇਹਨਾਂ ਵੱਖਰਤਾਵਾਂ ਨੂੰ ਪਛਾਣੇ। ਇਹੀ ਤੱਥ ਮਿੰਨੀ ਕਹਾਣੀ ਦਾ ਦੁਖਾਂਤ ਵੀ ਬਣਿਆ ਹੈ ਕਿ ਮਿੰਨੀ ਕਹਾਣੀ ਲੇਖਕ ਇਹਨਾਂ ਚੁਣੌਤੀਆਂ ਦੇ ਬਹੁਤ ਘੱਟ ਰੂਬਰੂ ਹੋਇਆ ਹੈ।
ਅਕਸਰ ਬਹੁਤੇ ਮਿੰਨੀ ਕਹਾਣੀ ਲੇਖਕ ਇਸ ਪੱਖੋਂ ਮਾਰ ਖਾ ਜਾਂਦੇ ਹਨ ਕਿ ਜੋ ਕੁਝ ਉਹ ਲਿਖ ਰਹੇ ਹਨ, ਉਹ ਮਿੰਨੀ ਕਹਾਣੀ ਦੇ ਸੰਗਠਨ ਵਿਚ ਫਿੱਟ ਹੀ ਨਹੀਂ ਬੈਠਦਾ। ਕਈ ਲੇਖਕ ਮਿੰਨੀ ਕਹਾਣੀ ਨੂੰ ਏਨਾ ਸੀਮਤ ਕਰ ਦਿੰਦੇ ਹਨ ਕਿ ਉਹ ਇਕ ਵਾਕ ਹੀ ਰਹਿ ਜਾਂਦੀ ਹੈ। ਕਈ ਦੂਜੇ ਉਸ ਦੇ ਵਿਚ ਸਥੂਲ ਹਾਸੇ ਨੂੰ ਥਾਂ ਦੇ ਕੇ ਚੁਟਕਲੇ ਦੀ ਰੰਗਤ ਦੇ ਦਿੰਦੇ ਹਨ ਤੇ ਕਈ ਮਿੱਥਕੇ ਲਿਖਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਉਪਦੇਸ਼ ਕਥਾਵਾਂ ਬਣ ਜਾਂਦੀਆਂ ਹਨ। ਮਿੰਨੀ ਕਹਾਣੀਆਂ ਦਾ ਤਿੰਨ-ਚੁਥਾਈ ਭਾਗ ਅਜਿਹੀਆਂ ਰਚਨਾਵਾਂ ਨੇ ਮੱਲਿਆ ਹੋਇਆ ਹੈ, ਜਿਨ੍ਹਾਂ ਵਿਚ ਕਥਨੀ ਤੇ ਕਰਨੀ ਦਾ ਸਾਧਾਰਨ ਦਵੰਦ ਹੈ। ਕਹਾਣੀ ਕੋਈ ਮੈਥ ਨਹੀਂ ਹੁੰਦੀ ਜਿਸ ਦਾ ਕੋਈ ਇਕ ਫਾਰਮੂਲਾ ਨਿਰਧਾਰਿਤ ਕੀਤਾ ਜਾ ਸਕੇ। ਇਹ ਤਾਂ ਲੇਖਕ ਦੀ ਵਿਜਨ ਹੁੰਦੀ ਹੈ, ਜਿਸ ਰਾਹੀਂ ਉਹ ਸਾਧਾਰਨ ਵਰਤਾਰਿਆਂ ਦੇ ਅੰਦਰ ਛੁਪੀ ਸਾਧਾਰਨਤਾ ਤੇ ਸੰਵੇਦਨਸ਼ੀਲਤਾ ਨੂੰ ਮਹਿਸੂਸ ਕਰ ਸਕਦਾ ਹੈ, ਫੜ ਸਕਦਾ ਹੈ, ਵਿਸ਼ਲੇਸ਼ਤ ਕਰ ਸਕਦਾ ਹੈ ਤੇ ਪ੍ਰਗਟਾਅ ਕਰ ਸਕਦਾ ਹੈ। ਕਿਸੇ ਬਾਹਰੋਂ ਦਿਸਦੇ ਪਾਸਾਰ ਦੇ ਏਨੇ ਉਪ-ਪਾਸਾਰ ਹੁੰਦੇ ਹਨ ਕਿ ਸਾਧਾਰਨ ਆਦਮੀ ਅੰਦਾਜ਼ਾ ਨਹੀਂ ਲਾ ਸਕਦਾ। ਮਸਲਨ ਰੂਸੀ ਤੇ ਚੀਨੀ ਕਰਾਂਤੀ ਦੇ ਵਰਤਾਰੇ ਤੇ ਬਹੁਤ ਸਾਰੇ ਵੱਡ-ਆਕਾਰੀ ਨਾਵਲ, ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਗਈਆਂ ਹਨ ਤੇ ਉਹਨਾਂ ਵਿੱਚੋਂ ਬਹੁਤਾ ਕਰਕੇ ਸਰਮਾਏਦਾਰੀ ਦੇ ਕਬਜ਼ੇ ਦੀ ਲਾਲਸਾ ਨੂੰ ਨਿੰਦਕੇ ਸਾਧਨਾਂ ਦੇ ਜਨਤਕੀਕਰਨ ਨੂੰ ਵਡਿਆਇਆ ਗਿਆ ਹੈ ਤੇ ਜਾਂ ਫਿਰ ਮਨੁੱਖੀ ਹੌਸਲੇ ਤੇ ਦ੍ਰਿੜਤਾ ਨੂੰ ਅਗ੍ਰਭੂਮੀ ਵਿਚ ਲਿਆਂਦਾ ਗਿਆ ਹੈ। ਪਰੰਤੂ ਇਕ ਥਾਂ ਇਕ ਛਿਣ ਬਹੁਤ ਅਜੀਬੋ-ਗਰੀਬ ਆਉਂਦਾ ਹੈ :
ਕਰਾਂਤੀ ਲਗਭਗ ਸੰਪੂਰਨ ਹੋਣ ਵਾਲੀ ਹੈ। ਚਾਰੇ ਪਾਸੇ ਜਸ਼ਨ ਹੈ ਕਿ ਕੱਲ੍ਹ ਨੂੰ ਸ਼ੋਸ਼ਕ ਧਿਰ ਦਾ ਮੁਕੰਮਲ ਖਾਤਮਾ ਹੋ ਜਾਵੇਗਾ ਤੇ ਸਾਰਾ ਕੁਝ ਸਾਰਿਆਂ ਦਾ ਹੋ ਜਾਵੇਗਾ। ਕਿਸੇ ਵੀ ਮਾਲਕ ਕੋਲ ਕੋਈ ਨਿਜੀ ਚੀਜ਼ ਨਹੀਂ ਰਹੇਗੀ, ਅਮੀਰ ਗਰੀਬ ਬਰਾਬਰ ਹੋ ਜਾਣਗੇ। ਇਕ ਸਾਧਾਰਨ ਆਦਮੀ ਇਸ ਜਸ਼ਨਮਈ ਮਾਹੌਲ ਵਿਚ ਬੇਚੈਨ ਦਿਖਾਈ ਦਿੰਦਾ ਹੈ। ਉਸ ਦੀ ਬੇਚੈਨੀ ਦਾ ਕਾਰਨ ਉਸ ਦੇ ਘਰ ਵਿਚ ਉਸ ਦੀ ਇਕੋ-ਇਕ ਜਾਇਦਾਦ ਬੱਛੀ ਹੈ। ਉਸ ਨੂੰ ਡਰ ਇਹ ਹੈ ਕਿ ਬੱਛੀ ਜਨਤਕ ਹੋ ਜਾਵੇਗੀ। ਉਸ ਨੂੰ ਬਚਾਉਣ ਦਾ ਉਸ ਨੂੰ ਕੋਈ ਢੰਗ ਨਹੀੰ ਅਹੁੜ ਰਿਹਾ ਤੇ ਉਹ ਲਗਾਤਾਰ ਤਣਾਉ ਵਿਚ ਜੀ ਰਿਹਾ ਹੈ। ਤੇ ਅਖੀਰ ਨੂੰ ਉਹ ਬੱਛੀ ਨੂੰ ਵੱਢ ਕੇ ਖਾ ਜਾਂਦਾ ਹੈ।
ਇਹ ਇਕ ਸੰਵੇਦਨਸ਼ੀਲ ਛਿਣ ਹੈ ਜੋ ਮਨੁੱਖ ਦੇ ਅੰਦਰ ਪਈ ਕਬਜੇ ਦੀ ਬੁਨਿਆਦੀ ਪ੍ਰਵਿਰਤੀ ਨੂੰ ਚਿੰਨ੍ਹਤ
ਕਰਦਾ ਹੈ। ਭਾਵੇਂ ਉਹ ਵਿਅਕਤੀ ਕੋਈ ਵੱਡਾ ਸਰਮਾਏਦਾਰ ਨਹੀਂ, ਪਰੰਤੂ ਉਸ ਅੰਦਰ ਕਬਜੇ ਦੀ ਲਾਲਸਾ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਮਨੁੱਖ ਨੂੰ ਆਪਣਾ ‘ਕੁਝ’ ਵੀ ਤਿਆਗਣਾ ਕਿੰਨਾ ਔਖਾ ਹੈ। ਹੋ ਸਕਦਾ ਹੈ ਕਿ ਸੋਵੀਅਤ ਸੰਘ ਦੇ ਵਰਤਮਾਨ ਵਿਖੰਡਨ ਦੇ ਪਿਛੋਕੜ ਵਿਚ ਇਨਸਾਨ ਦੀ ਇਸ ਆਦਿਮ ਪ੍ਰਵਿਰਤੀ ਦਾ ਵੀ ਕੋਈ ਰੋਲ ਹੋਵੇ। ਭਾਵ ਕੋਈ ਵੀ ਵਰਤਾਰਾ ਏਨਾ ਸਿੱਧੜ ਨਹੀਂ ਹੁੰਦਾ, ਬਲਕਿ ਉਸ ਦੇ ਅੰਦਰ ਬਹੁਤ ਸਾਰੇ ਵਿਰੋਧਾਭਾਸ ਕਾਰਜਸ਼ੀਲ ਹੁੰਦੇ ਹਨ, ਜਿਨ੍ਹਾਂ ਪ੍ਰਤੀ ਹਰ ਮਨੁੱਖ ਦਾ ਵੱਖਰਾ ਨਜ਼ਰੀਆ ਹੁੰਦਾ ਹੈ ਤੇ ਉਹ ਹਰ ਮਨੁੱਖ ਨੂੰ ਵੱਖਰੇ ਰੂਪ ਵਿਚ ਪ੍ਰਭਾਵਿਤ ਕਰਦੇ ਹਨ। ਸੋ ਮਿੰਨੀ ਕਹਾਣੀ ਲਈ ਅਜਿਹੇ ਸੰਵੇਦਨਸ਼ੀਲ ਛਿਣ ਹੀ ਕਰਤਾਰੀ ਹੁੰਦੇ ਹਨ, ਜਿਨ੍ਹਾਂ ਨੂੰ ਫੜ ਕੇ ਹੀ ਇਕ ਸਸ਼ਕਤ ਮਿੰਨੀ ਕਹਾਣੀ ਲਿਖੀ ਜਾ ਸਕਦੀ ਹੈ।
ਦੂਜੀ ਗੱਲ ਇਹ ਕੋਈ ਜ਼ਰੂਰੀ ਨਹੀਂ ਕਿ ਕੋਈ ਮਿੰਨੀ ਕਹਾਣੀ ਲੇਖਕ ਸਿਰਫ ਮਿੰਨੀ ਕਹਾਣੀ ਹੀ ਲਿਖੇ ਤੇ ਕੋਈ ਨਾਵਲਕਾਰ ਜਾਂ ਕਹਾਣੀਕਾਰ ਸਿਰਫ ਕਹਾਣੀਆਂ ਜਾਂ ਨਾਵਲ ਹੀ ਲਿਖੇ। ਅਜੇ ਤੱਕ ਦੁਨੀਆਂ ਵਿਚ ਕੋਈ ਅਜਿਹਾ ਲੇਖਕ ਨਹੀਂ ਹੋਇਆ ਜੋ ਨਾਵਲਾਂ ਤੇ ਕਹਾਣੀਆਂ ਦੇ ਨਾਲ-ਨਾਲ ਲਘੂ ਰਚਨਾਵਾਂ ਰਚਣ ਕਰਕੇ, ਤੁੱਛ, ਹੀਣ ਜਾਂ ਬੇਅਰਥ ਹੋ ਗਿਆ ਹੋਵੇ। ਤੇ ਕੋਈ ਕਹਾਣੀਕਾਰ ਜਾਂ ਨਾਵਲਕਾਰ ਅਜਿਹਾ ਨਹੀਂ ਹੋਇਆ, ਜੋ ਸਿਰਫ ਇਸ ਕਰਕੇ ਵੱਡਾ ਹੋ ਗਿਆ ਹੋਵੇ ਕਿ ਉਸਨੇ ਕਦੇ ਮਿੰਨੀ ਕਹਾਣੀ ਨਹੀਂ ਲਿਖੀ। ਇਹ ਤਾਂ ਯਥਾਰਥ ਨੂੰ ਫੜਨ ਦੀ ਪ੍ਰਕਿਰਿਆ ਹੈ ਜਿਸ ਵਿਚ ਜੇਕਰ ਨਾਵਲ ਦਾ ਵੱਡ-ਆਕਾਰੀ ਕਥਾਨਕ ਉਭਰਦਾ ਹੈ ਤਾਂ ਨਾਵਲ ਲਿਖਿਆ ਜਾਣਾ ਚਾਹੀਦਾ ਹੈ, ਜੇ ਸਿਰਫ ਕੋਈ ਛਿਣ ਉਭਰਦਾ ਹੈ ਤਾਂ ਲਘੂ ਰਚਨਾ ਲਿਖੀ ਜਾਣੀ ਚਾਹੀਦੀ ਹੈ। ਲਘੂ ਕਥਾਨਕ ਨੂੰ ਰਬੜ ਵਾਂਗ ਵਧਾ ਕੇ ਕਹਾਣੀ ਜਾਂ ਨਾਵਲ ਲਿਖਣ ਵਾਲੇ ਰਚਨਾਕਾਰ ਵੀ ਸਫਲ ਨਹੀਂ ਹੁੰਦੇ। ਸੋ ਇਹ ਲੇਖਕ ਦਾ ਅਨੁਭਵ, ਉਸਦੀ ਦ੍ਰਿਸ਼ਟੀ ਤੇ ਪ੍ਰਗਟਾਅ ਸਮਰਥਾ ਹੈ ਕਿ ਉਹ ਯਥਾਰਥ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ ਤੇ ਫਿਰ ਦ੍ਰਿਸ਼ਟਮਾਨ ਨੂੰ ਕਿਸ ਰੂਪ ਵਿਚ ਪ੍ਰਗਟਾਉਂਦਾ ਹੈ।
ਤੀਜਾ ਮਸਲਾ ਵਿਸ਼ਾ ਸਮੱਗਰੀ ਦਾ ਹੈ। ਕਿਸੇ ਵਿਧਾ ਲਈ ਕੋਈ ਵਿਸ਼ਾ ਅਛੂਤ ਨਹੀਂ ਹੁੰਦਾ ਤੇ ਨਾ ਹੀ ਕੋਈ ਵਿਸ਼ਾ ਨਵਾਂ/ਪੁਰਾਣਾ ਜਾਂ ਵੱਡਾ ਛੋਟਾ ਹੁੰਦਾ ਹੈ। ਕਾਦਰਯਾਰ ਪੂਰਨ ਭਗਤ ਦੀ ਲੋਕ ਕਹਾਣੀ ਨੂੰ ਆਪਣੀ ਦ੍ਰਿਸ਼ਟੀ ਤੋਂ ਪ੍ਰਗਟਾਅ ਕੇ ਮਹਾਨ ਹੋ ਗਿਆ ਤੇ ਸ਼ਿਵ ਕੁਮਾਰ ਉਸੇ ਕਹਾਣੀ ਨੂੰ ਆਪਣੀ ਦ੍ਰਿਸ਼ਟੀ ਤੋਂ ਪ੍ਰਗਟਾਅ ਕੇ ਮਹਾਨ ਹੋ ਗਿਆ। ਹਮੇਸ਼ਾ ਪੁਰਾਣੇ ਵਿਸ਼ਿਆਂ ਤੇ ਸੰਦਰਭਾਂ ਦੇ ਪੁਨਰ ਵਿਸ਼ਲੇਸ਼ਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਕਰਤਾਰੀ ਪ੍ਰਤਿਭਾ ਵਾਲੇ ਲੋਕ ਅਜਿਹੇ ਪ੍ਰਯੋਗ ਕਰਦੇ ਹਨ। ਇਹ ਯੁਗ ਚੇਤਨਾ ਹੀ ਹੁੰਦੀ ਹੈ ਜੋ ਕਿਸੇ ਪੁਰਾਣੇ ਵਿਸ਼ੇ ਦੇ ਨਵੇਂ ਅਰਥ ਲੱਭਦੀ ਹੈ ਤੇ ਉਸ ਨੂੰ ਸਵੀਕਾਰਦੀ ਹੈ ਤੇ ਸਥਾਪਤ ਕਰਦੀ ਹੈ। ਇਸ ਦੇ ਨਾਲ-ਨਾਲ ਜਿਵੇਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਰਹਿਤਲ ਤੇ ਪਰਿਵਰਤਨ ਵਾਪਰਦੇ ਹਨ, ਉਵੇਂ ਜਿਵੇਂ ਰਚਨਾਤਮਕ ਸਮੱਗਰੀ ਵੀ ਬਦਲਦੀ ਹੈ। ਜਾਗੀਰਦਾਰੀ ਦੌਰ ਨਾਲੋਂ ਆਧੁਨਿਕ ਦੌਰ ਅਤੇ ਅੱਜ ਦੇ ਉੱਤਰ-ਆਧੁਨਿਕ ਗਲੋਬਲੀ ਦੌਰ ਵਿਚ ਕਿੰਨੀ ਜਟਿਲਤਾ (complexity) ਹੈ, ਇਹ ਆਪਣੇ ਆਪ ਵਿਚ ਇਕ ਚਿੰਤਨਸ਼ੀਲ ਤੱਥ ਹੈ।
ਮੁਕਦੀ ਗੱਲ ਇਹ ਹੈ ਕਿ ਵਿਧਾ ਦੀ ਪੱਧਰ ਤੇ ਕੋਈ ਸੰਕਟ ਨਹੀਂ ਹੈ, ਬਲਕਿ ਸੰਕਟ ਇਸ ਵਿਧਾ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਵਾਲੇ ਲੇਖਕਾਂ ਦੀ ਦ੍ਰਿਸ਼ਟੀ, ਦਰਸ਼ਨ, ਵਿਧਾਗਤ ਸੂਝ ਅਤੇ ਪ੍ਰਗਟਾਅ ਸਮਰਥਾ ਦਾ ਹੈ। ਮਿੰਨੀ ਕਹਾਣੀ ਦੀਆਂ ਵਿਧਾਗਤ ਵਿਲੱਖਣਤਾਵਾਂ, ਇਸ ਦੇ ਦੂਜੀਆਂ ਵਿਧਾਵਾਂ ਨਾਲ ਅੰਤਰਸਬੰਧ ਅਤੇ ਅੰਤਰਦਵੰਦ, ਇਸ ਦੇ ਸ਼ਿਲਪ ਅਤੇ ਥੀਮ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਪਹਿਚਾਣ ਕੇ ਅਤੇ ਅਪਣਾ ਕੇ ਹੀ ਇਸ ਵਿਧਾ ਦੇ ਵਿਕਾਸ ਦੀਆਂ ਦਿਸ਼ਾਵਾਂ ਤੈਅ ਕੀਤੀਆਂ ਜਾ ਸਕਦੀਆਂ ਹਨ।
-0-