December 23, 2010

ਮਿੰਨੀ ਕਹਾਣੀ ਦਾ ਸਿਰਲੇਖ




ਸ਼ਿਆਮ ਸੁੰਦਰ ਅਗਰਵਾਲ

ਸੰਸਾਰ ਵਿਚ ਹਰ ਜੀਵ ਤੇ ਵਸਤੂ ਨੂੰ ਇਕ ਨਾਂ ਦਿੱਤਾ ਗਿਆ ਹੈ। ਹਰ ਆਦਮੀ ਦਾ ਆਪਣਾ ਇਕ ਨਾਂ ਹੁੰਦਾ ਹੈ, ਉਸ ਦੀ ਪਹਿਚਾਨ। ਇਸੇ ਤਰ੍ਹਾਂ ਹਰ ਸਾਹਿਤਕ ਰਚਨਾ ਦਾ ਵੀ ਆਪਣਾ ਇਕ ਨਾਂ ਹੁੰਦਾ ਹੈ, ਉਸ ਦਾ ਸਿਰਲੇਖ। ਕਿਸੇ ਨਾਵਲ ਦਾ ਨਾਂ ਵੀ ਵਾਸਤਵ ਵਿਚ ਉਸਦਾ ਸਿਰਲੇਖ ਹੀ ਹੁੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਨਾਂ ਵਿਚ ਕੀ ਪਿਆ ਹੈ। ਜੇਕਰ ਰਾਮਚੰਦ ਦਾ ਨਾਂ ਲੇਖਰਾਜ ਹੋਵੇ ਤੇ ਕਰਮ ਸਿੰਘ ਦਾ ਨਾਂ ਸੁਰਜੀਤ ਸਿੰਘ ਤਾਂ ਕੀ ਫਰਕ ਪੈਣ ਲੱਗਾ ਹੈ, ਅਸਲ ਗੱਲ ਤਾਂ ਗੁਣਾਂ ਦੀ ਹੈ। ਕਿਸੇ ਭਿਖਾਰੀ ਦਾ ਨਾਂ ਕਰੋਡ਼ੀ ਮੱਲ ਅਤੇ ਸੇਠ ਦਾ ਨਾਂ ਫ਼ਕੀਰ ਚੰਦ ਹੋ ਸਕਦਾ ਹੈ।
ਕੀ ਸਾਹਿਤ ਵਿਚ ਵੀ ਅਜਿਹਾ ਹੋ ਸਕਦਾ ਹੈ? ਮੇਰਾ ਉੱਤਰ ਹੈ ਨਹੀਂ। ਕਾਰਨ ਸਪੱਸ਼ਟ ਹੈ। ਕਿਸੇ ਵਿਅਕਤੀ ਦਾ ਨਾਂ ਉਸ ਦੇ ਜਨਮ ਤੋਂ ਕੁਝ ਦਿਨ ਬਾਦ ਹੀ ਨਿਰਧਾਰਿਤ ਹੋ ਜਾਂਦਾ ਹੈ। ਉਦੋਂ ਉਸ ਦੇ ਗੁਣਾਂ ਤੇ ਭਵਿੱਖ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਹੁੰਦਾ। ਉਸ ਦਾ ਸਾਰਾ ਵਿਕਾਸ ਉਮਰ ਵਧਣ ਦੇ ਨਾਲ ਹੁੰਦਾ ਹੈ, ਯਾਨੀ ਉਸ ਦੇ ਨਾਮਕਰਨ ਤੋਂ ਬਾਦ। ਪਰੰਤੂ ਸਾਹਿਤਕ ਰਚਨਾ ਆਪਣੇ ਸਾਰੇ ਗੁਣਾਂ ਤੇ ਰੂਪ ਸਹਿਤ ਮੁਕੰਮਲ ਰੂਪ ਵਿਚ ਵਿਕਸਿਤ ਹੋਣ ਉਪਰੰਤ ਹੀ ਆਪਣਾ ਨਾਂ (ਸਿਰਲੇਖ) ਗ੍ਰਹਿਣ ਕਰਦੀ ਹੈ।
ਸਾਹਿਤ ਦੀਆਂ ਅਨੇਕਾਂ ਵਿਧਾਵਾਂ ਹਨ। ਜੇਕਰ ਕਥਾ ਸਾਹਿਤ ਦੀ ਗੱਲ ਕਰੀਏ ਤਾਂ ਨਾਵਲ, ਕਹਾਣੀ ਤੇ ਮਿੰਨੀ ਕਹਾਣੀ ਲਈ ਸਿਰਲੇਖ ਦਾ ਮਹੱਤਵ ਵੱਖ ਵੱਖ ਹੈ। ਨਾਵਲ ਦੇ ਨਾਮਕਰਨ ਸਮੇਂ ਬਹੁਤੀ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਨਾਵਲ ਦੇ ਸਿਰਲੇਖ ਦਾ ਰਚਨਾ ਉੱਤੇ ਅਸਰ ਲਗਭਗ ਨਾਂਹ ਦੇ ਬਰਾਬਰ ਹੀ ਹੁੰਦਾ ਹੈ। ਬਹੁਤਾ ਪ੍ਰਭਾਵ ਤਾਂ ਰਚਨਾ ਦਾ ਹੀ ਹੁੰਦਾ ਹੈ, ਪਰੰਤੂ ਫਿਰ ਵੀ ਸਿਰਲੇਖ ਰਚਨਾ ਦੇ ਮੂਲਭਾਵ ਦੇ ਉਲਟ ਨਹੀਂ ਹੋ ਸਕਦਾ। ਕਹਾਣੀ ਦਾ ਸਿਰਲੇਖ ਵੀ ਰਚਨਾ ਦੇ ਅਨੁਰੂਪ ਹੀ ਹੁੰਦਾ ਹੈਭਾਵੇਂ ਸਿਰਲੇਖ ਵਿਚ ਕੁਝ ਬਦਲਾਓ ਰਚਨਾ ਉੱਪਰ ਬਹੁਤਾ ਪ੍ਰਭਾਵ ਨਹੀਂ ਪਾਉਂਦਾ। ਪਰੰਤੂ ਆਕਾਰ ਪੱਖੋਂ ਨਿੱਕੀ ਹੋਣ ਕਾਰਣ ਮਿੰਨੀ ਕਹਾਣੀ ਦੀ ਸਥਿਤੀ ਭਿੰਨ ਹੈ। ਇਸ ਵਿਚ ਸਿਰਲੇਖ ਮਹੱਤਵਹੀਣ ਨਹੀਂ ਹੁੰਦਾ।
ਕਿਉਂਕਿ ਮਿੰਨੀ ਕਹਾਣੀ ਬਹੁਤ ਹੀ ਨਿੱਕੇ ਆਕਾਰ ਵਾਲੀ ਸਾਹਿਤਕ ਵਿਧਾ ਹੈ, ਇਸਲਈ ਇਸ ਵਿਚ ਸਿਰਲੇਖ ਦਾ ਮਹੱਤਵ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਮਿੰਨੀ ਕਹਾਣੀ ਬਹੁਤ ਹੀ ਚੁਸਤ ਅਤੇ ਪ੍ਰਤੀਕਾਤਮਕ ਭਾਸ਼ਾ ਵਿਚ ਲਿਖੀ ਜਾਣੀ ਚਾਹੀਦੀ ਹੈ ਤੇ ਇਸ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਨੂੰ ਹਟਾਇਆ ਜਾ ਸਕੇ। ਤਦ ਅਸੀਂ ਇਸ ਦੇ ਸਿਰਲੇਖ ਨੂੰ ਇਕ ਫਾਲਤੂ ਅੰਗ ਕਿਵੇਂ ਸਮਝ ਸਕਦੇ ਹਾਂ। ਹਿੰਦੀ ਲੇਖਕ ਅਤੇ ਆਲੋਚਕ ਡਾ. ਸਤੀਸ਼ ਦੁਬੇ ਅਨੁਸਾਰ ‘ਸਿਰਲੇਖ ਲਘੁਕਥਾ ਦੇ ਪ੍ਰਭਾਵ ਨੂੰ ਬਣਾਉਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਲਘੁਕਥਾ ਦਾ ਨੱਬੇ ਪ੍ਰਤੀਸ਼ਤ ਕਥਾਗਤ ਸੰਦੇਸ਼ ਸਿਰਲੇਖ ਵਿਚ ਲੁਕਿਆ ਹੁੰਦਾ ਹੈ।’ ਜਦੋਂ ਸਿਰਲੇਖ ਇੰਨਾ ਹੀ ਮਹੱਤਵਪੂਰਨ ਹੈ ਤਾਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ ਹੈ।
ਮਿੰਨੀ ਕਹਾਣੀ ਦਾ ਸਿਰਲੇਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਤੇ ਬਹੁਤ ਸੋਚ-ਵਿਚਾਰ ਕਰਨ ਦੀ ਲੋਡ਼ ਹੈ। ਇਸ ਲੇਖ ਦਾ ਮਕਸਦ ਕੇਵਲ ਇਸ ਵਿਸ਼ੇ ਵੱਲ ਲੇਖਕਾਂ ਤੇ ਆਲੋਚਕਾਂ ਦਾ ਧਿਆਨ ਆਕ੍ਰਸ਼ਿਤ ਕਰਨਾ ਹੀ ਹੈ। ਮਿੰਨੀ ਕਹਾਣੀ ਦੇ ਸਿਰਲੇਖ ਦੀ ਚੋਣ ਸਮੇਂ ਹੇਠ ਲਿਖੀਆਂ ਕੁਝ ਕੁ ਗੱਲਾਂ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

1.ਸਿਰਲੇਖ ਆਕ੍ਰਸ਼ਕ ਹੋਵੇ
ਪਡ਼੍ਹੇ-ਲਿਖੇ ਤੇ ਸੂਝਵਾਨ ਮਾਪੇ ਆਪਣੇ ਬੱਚੇ ਦਾ ਨਾਮਕਰਨ ਕਰਦੇ ਸਮੇਂ ਕਦੇ ਵੀ ਉਸ ਨੂੰ ਟੀਂਡਾ, ਤੋਤੀ, ਕੱਦੂ, ਕੀਟਾ, ਮਾਡ਼ੂ ਤੇ ਬਾਂਦਰ ਵਰਗਾ ਬੇਹੂਦਾ ਨਾਂ ਦੇਣ ਬਾਰੇ ਸੋਚਦੇ ਵੀ ਨਹੀਂ। ਉਹ ਬੱਚੇ ਦਾ ਕੋਈ ਮਨਮੋਹਕ ਜਿਹਾ ਨਾਂ ਰੱਖਣਾ ਚਾਹੁੰਦੇ ਹਨ ਤਾਕਿ ਉਹ ਹਰ ਸੁਣਨ ਵਾਲੇ ਨੂੰ ਪਿਆਰਾ ਲੱਗੇ ਤੇ ਉਹਨਾਂ ਦੇ ਬੱਚੇ ਪ੍ਰਤੀ ਦੂਜਿਆਂ ਦੇ ਮਨ ਵਿਚ ਚੰਗੇ ਵਿਚਾਰ ਬਣਨ। ਸਾਹਿਤਕ ਰਚਨਾ ਵਿਚ ਵੀ ਪਾਠਕ ਨੇ ਸਭ ਤੋਂ ਪਹਿਲਾਂ ਸਿਰਲੇਖ ਨੂੰ ਹੀ ਪਡ਼੍ਹਨਾ ਹੁੰਦਾ ਹੈ। ਇਸਲਈ ਸਿਰਲੇਖ ਵਿਚ ਪਾਠਕ ਨੂੰ ਆਪਣੇ ਵੱਲ ਖਿੱਚਣ ਅਤੇ ਪ੍ਰਭਾਵਿਤ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਦਿਲ ਖਿਚਵਾਂ ਸਿਰਲੇਖ ਹੀ ਪਾਠਕ ਨੂੰ ਰਚਨਾ ਪਡ਼੍ਹਨ ਲਈ ਮਜਬੂਰ ਕਰਦਾ ਹੈ। ‘ਚੁੱਪ ਦੇ ਬੋਲ’, ‘ਗੋਸ਼ਤ ਦੀ ਗੰਧ, ‘ਠੰਡੀ ਰਜਾਈ’, ‘ਕਾਲੀ ਧੁੱਪ’, ‘ਰਿਸ਼ਤਿਆਂ ਦੇ ਵਿਚਕਾਰ’, ‘ਬਿਨਾ ਸ਼ੀਸ਼ਿਆਂ ਵਾਲਾ ਚਸ਼ਮਾ’, ‘ਜਦੋਂ ਦ੍ਰੋਪਦੀ ਨੰਗੀ ਨਹੀਂ ਹੋਈ’, ‘ਰੋਟੀ ਦੀ ਤਾਕਤ’, ‘ਇਕੱਲਾ ਕਦੋਂ ਤਕ ਲਡ਼ੂਗਾ ਜਟਾਯੂ’ ਬਹੁਤ ਆਕ੍ਰਸ਼ਕ ਸਿਰਲੇਖ ਕਹੇ ਜਾ ਸਕਦੇ ਹਨ।

2.ਸਿਰਲੇਖ ਢੁਕਵਾਂ ਹੋਵੇ
ਸਿਰਲੇਖ ਰਚਨਾ ਵਿਚਲੀ ਭਾਵਨਾ ਅਤੇ ਉਸ ਦੇ ਅਰਥਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਜੇਕਰ ਸਿਰਲੇਖ ਕੱਥ ਦੇ ਅਨੁਰੂਪ ਨਾ ਹੋਵੇ ਤਾਂ ਰਚਨਾ ਦਾ ਪ੍ਰਭਾਵ ਪੇਤਲਾ ਪੈ ਜਾਂਦਾ ਹੈ। ਸਿਰਲੇਖ ਤੋਂ ਰਚਨਾ ਦੇ ‘ਕਥਾ-ਕਹਾਣੀ’ ਵਿਧਾ ਨਾਲ ਸਬੰਧਤ ਹੋਣ ਦਾ ਪਤਾ ਲੱਗਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਵਿਧਾ ਦਾ। ‘ਰੋਪਡ਼ ਤੋਂ ਰੂਪਨਗਰ’, ‘ਵਿਗਿਆਨ ਦੇ ਚਮਤਕਾਰ’, ‘ਪਰਿਵਾਰ ਨਿਯੋਜਨ’, ‘ਆਰਥਿਕ ਨਾਬਰਾਬਰੀ’, ‘ਦੇਸ਼ ਦੇ ਨਿਰਮਾਤਾ’, ਵਰਗੇ ਸਿਰਲੇਖਾਂ ਨੂੰ ਮਿੰਨੀ ਕਹਾਣੀ ਵਿਧਾ ਲਈ ਢੁਕਵਾਂ ਨਹੀਂ ਕਿਹਾ ਜਾ ਸਕਦਾ।

3.ਸਿਰਲੇਖ ਕੱਥ ਨੂੰ ਉਜਾਗਰ ਨਾ ਕਰਦਾ ਹੋਵੇ
ਕੇਵਲ ਉਹੀ ਰਚਨਾ ਪਾਠਕ ਨੂੰ ਬੰਨ੍ਹ ਕੇ ਰੱਖ ਸਕਦੀ ਹੈ ਤੇ ਆਨੰਦ ਪ੍ਰਦਾਨ ਕਰਦੀ ਹੈ ਜਿਹਡ਼ੀ ਉਸ ਅੰਦਰ ਅਗਾਂਹ ਪਡ਼੍ਹਨ ਤੇ ਜਾਨਣ ਲਈ ਉਤਸੁਕਤਾ ਬਣਾਈ ਰੱਖੇ। ਜੇਕਰ ਰਚਨਾ ਦਾ ਅੰਤ ਜਾਂ ਉਸ ਵਿਚਲਾ ਤੱਥ-ਕੱਥ ਸਿਰਲੇਖ ਤੋਂ ਹੀ ਉਜਾਗਰ ਹੋ ਜਾਵੇ ਤਾਂ ਰਚਨਾ ਵਿਚ ਪਾਠਕ ਦੀ ਦਿਲਚਸਪੀ ਨਹੀਂ ਰਹਿੰਦੀ ਤੇ ਉਹ ਉਸਨੂੰ ਪਡ਼੍ਹਨਾ ਪਸੰਦ ਨਹੀਂ ਕਰਦਾ। ਚੰਗਾ ਲੇਖਕ ਉਹੀ ਹੈ ਪਾਠਕ ਜਿਸਨੂੰ ਆਪਣੀ ਉਂਗਲ ਫਡ਼ਾ ਕੇ ਛੁਡ਼ਾਉਣ ਦੀ ਕੋਸ਼ਿਸ਼ ਨਾ ਕਰੇ। ਭਾਵ ਪਾਠਕ ਨਾ ਕੇਵਲ ਲੇਖਕ ਦੀ ਉਸ ਰਚਨਾ ਨੂੰ ਹੀ ਅੰਤ ਤਕ ਪਡ਼੍ਹੇ ਸਗੋਂ ਉਸ ਲੇਖਕ ਦੀ ਅਗਲੀ ਰਚਨਾ ਨੂੰ ਵੀ ਪਡ਼੍ਹਨਾ ਚਾਹੇ। ‘ਮਿਲਣ ਦਾ ਢੰਗ‘ ‘ਪਹੀਏ’, ਮੇਜ਼ ਦੇ ਹੇਠੋਂ’ ਆਦਿ ਸਿਰਲੇਖ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਵੱਲ ਸੰਕੇਤ ਕਰ ਦਿੰਦੇ ਹਨ। ‘ਰਖਵਾਲੇ’, ‘ਵਾਡ਼ ਖੇਤ ਨੂੰ ਖਾਂਦੀ ਹੈ’, ‘ਅਣਪਛਾਤਾ ਅੱਤਵਾਦੀ’, ‘ਪੁਲਿਸ ਮੁਕਾਬਲਾ’, ‘ਇਸ਼ਕ ਨਾ ਪੁੱਛੇ ਜਾਤ’, ‘ਕਹਿਣੀ ਕਰਨੀ’, ‘ਦੂਜੀ ਫਿਲਮ’ ਤੇ ‘ਬੱਚੇ ਪੈਦਾ ਕਰਨ ਵਾਲੀ ਮਸ਼ੀਨ’ ਆਦਿ ਸਿਰਲੇਖ ਕੱਥ ਨੂੰ ਪਹਿਲਾਂ ਹੀ ਉਜਾਗਰ ਕਰਕੇ ਰਚਨਾ ਪ੍ਰਤੀ ਪਾਠਕ ਦੀ ਜਗਿਆਸਾ ਨੂੰ ਮੁੱਢੋਂ ਹੀ ਖਤਮ ਕਰ ਦਿੰਦੇ ਹਨ।

4.ਸਿਰਲੇਖ ਅਸਪੱਸ਼ਟ ਨਾ ਹੋਵੇ
ਆਮ ਤੌਰ ਤੇ ਨਵੇਂ ਲੇਖਕ ਤੇ ਕੁਝ ਸੂਝਵਾਨ ਲੇਖਕ ਵੀ ਮਿੰਨੀ ਕਹਾਣੀ ਦਾ ਸਿਰਲੇਖ ਲਿਖਣ ਸਮੇਂ ਬਹੁਤ ਸੋਚ ਵਿਚਾਰ ਤੇ ਮਿਹਨਤ ਕਰਨਾ ਪਸੰਦ ਨਹੀਂ ਕਰਦੇ। ਉਹ ਅਕਸਰ ਰਚਨਾ ਵਿਚ ਵਾਰ ਵਾਰ ਵਰਤਿਆ ਗਿਆ ਸ਼ਬਦ ਸਿਰਲੇਖ ਵੱਜੋਂ ਵਰਤ ਲੈਂਦੇ ਹਨ। ਜਾਂ ਫਿਰ ਰਚਨਾ ਦੇ ਅੰਤਿਮ ਪੈਰੇ ਜਾਂ ਵਾਕ ਵਿਚ ਆਇਆ ਕੋਈ ਖਾਸ ਸ਼ਬਦ ਜਾਂ ਅੱਧਾ ਵਾਕ ਹੀ ਸਿਰਲੇਖ ਬਣ ਜਾਂਦਾ ਹੈ। ਅਜਿਹਾ ਸਿਰਲੇਖ ਅਕਸਰ ਬਹੁਤ ਹੀ ਅਜੀਬ ਅਤੇ ਅਸਪੱਸ਼ਟ ਬਣ ਕੇ ਰਹਿ ਜਾਂਦਾ ਹੈ। ‘ਸ਼ੀਸ਼ੇ ਵਿਚ’, ‘ਇੱਜ਼ਤ ਮੁਫਤ ਮਿਲੇਗੀ’, ‘ਤਸੱਲੀ ਬਖਸ਼’, ‘ਜੀਆਇਆਂ ਨੂੰ’, ‘ਜੱਖਣਾ ਪੱਟਤੀ’, ‘ਤੁਸੀਂ ਮੇਰੇ ਕੀ ਲਗਦੇ ਹੋ
?’, ‘ਫਿਰ ਤਾਂ ਸਗੋਂ’, ‘ਨਾਲ ਦਾ’, ‘ਜਾਹ ਤੂੰ ਚਲੀ ਜਾਹ’, ‘ਐਵੇਂ ਖਾਹਮਖਾਹ’, ‘ਕਹਿ ਦਿਆਂਗੇ’, ‘ਮੈਂ ਨਹੀਂ ਜਾਂਦੀ’, ‘ਤੂੰ ਗੁੱਸਾ ਤਾਂ ਨਹੀ ਕਰੇਂਗੀ’, ‘ਘਰ ਕਿਵੇਂ ਬਣਦਾ?’ ਵਰਗੇ ਅਸਪੱਸ਼ਟ ਸਿਰਲੇਖ ਅਰਥਹੀਣ ਬਣ ਕੇ ਰਹਿ ਜਾਂਦੇ ਹਨ ਤੇ ਪਾਠਕ ਪੱਲੇ ਕੁਝ ਵੀ ਨਹੀਂ ਪਾਉਂਦੇ। ਸਿਰਲੇਖ ਦੀ ਚੋਣ ਤੋਂ ਪਹਿਲਾਂ ਕਥਾਨਕ, ਉਹਦੇ ਕੇਂਦਰੀ ਭਾਵ ਅਤੇ ਉਸ ਵਿਚਲੇ ਸੰਚਾਰਿਤ ਹੋਏ ਸੰਦੇਸ਼ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਸਿਰਲੇਖ ਸਮੁਚੀ ਰਚਨਾ ਦੀ ਰਹਿਨੁਮਾਈ ਕਰਦਾ ਨਜ਼ਰ ਆਉਣਾ ਚਾਹੀਦਾ ਹੈ।
5.ਸਿਰਲੇਖ ਰਚਨਾ ਨੂੰ ਅਰਥ ਪ੍ਰਦਾਨ ਕਰਦਾ ਹੋਵੇ

ਮਿੰਨੀ ਕਹਾਣੀ ਦਾ ਸਿਰਲੇਖ ਅਰਥ ਭਰਪੂਰ ਹੋਣਾ ਚਾਹੀਦਾ ਹੈ। ਉਸ ਸਿਰਲੇਖ ਨੂੰ ਉੱਤਮ ਸਿਰਲੇਖ ਕਿਹਾ ਜਾ ਸਕਦਾ ਹੈ ਜੋ ਰਚਨਾ ਨੂੰ ਅਰਥ ਪ੍ਰਦਾਨ ਕਰਦਾ ਹੋਵੇ। ਰਚਨਾ ਪਡ਼੍ਹਨ ਤੋਂ ਬਾਦ ਪਾਠਕ ਉਸ ਦੇ ਸਿਰਲੇਖ ਵੱਲ ਫਿਰ ਤੋਂ ਨਿਗਾਹ ਮਾਰੇ। ਜੇਕਰ ਰਚਨਾ ਦਾ ਸਿਰਲੇਖ ਹਟਾ ਦਿੱਤਾ ਜਾਵੇ ਜਾਂ ਬਦਲ ਦਿੱਤਾ ਜਾਵੇ ਤਾਂ ਰਚਨਾ ਦੇ ਅਰਥ ਹੀ ਬਦਲ ਜਾਣ। ਅਜਿਹਾ ਸਿਰਲੇਖ ਹੀ ਸੱਚੇ ਅਰਥਾਂ ਵਿਚ ਮਿੰਨੀ ਕਹਾਣੀ ਦਾ ਅੰਗ ਬਣਦਾ ਹੈ। ਉਦਾਹਰਨ ਲਈ ਉਰਦੂ ਦੇ ਪ੍ਰਸਿੱਧ ਲੇਖਕ ਜੋਗਿੰਦਰ ਪਾਲ ਦੀ ਨਿੱਕੀ ਜਿਹੀ ਰਚਨਾ ‘ਚੋਰ’ ਨੂੰ ਲਿਆ ਜਾ ਸਕਦਾ ਹੈ। ਰਚਨਾ ਹੈ
ਮੈਂ ਅਚਾਨਕ ਉਸ ਅੰਗੂਰ ਵੇਚਣ ਵਾਲੇ ਬੱਚੇ ਦੇ ਸਿਰ ਉੱਪਰ ਜਾ ਖਡ਼ਾ ਹੋਇਆ, ‘ਕੀ ਭਾਅ ਐ?
ਬੱਚਾ ਤ੍ਰਬਕ ਗਿਆ ਅਤੇ ਉਹਦੇ ਮੂੰਹ ਵੱਲ ਵਧਦੇ ਉਹਦੇ ਹੱਥ ਵਿੱਚੋਂ ਅੰਗੂਰ ਦੇ ਦੋ ਦਾਣੇ ਡਿੱਗ ਪਏ।
ਨਹੀਂ ਸਾਬ੍ਹ…ਮੈਂ ਖਾ ਤਾਂ ਨਹੀਂ ਰਿਹਾ ਸੀ ਸਾਬ੍ਹ!

ਇਸ ਰਚਨਾ ਦੇ ਅਰਥ ਆਪਣੇ ਆਪ ਵਿਚ ਬਹੁਤ ਸਪੱਸ਼ਟ ਨਹੀਂ ਹਨ, ਪਰ ਜਦੋਂ ਲੇਖਕ ਨੇ ਇਸਦਾ ਸਿਰਲੇਖ ‘ਚੋਰ’ ਰੱਖਿਆ ਤਾਂ ਅਰਥ ਸਪੱਸ਼ਟ ਹੋ ਗਏ। ਸੋਚੋ, ਜੇਕਰ ਇਸ ਰਚਨਾ ਦਾ ਸਿਰਲੇਖ ‘ਬੱਚਾ’ ਜਾਂ ਫਿਰ ‘ਜੂਠੇ ਅੰਗੂਰ’ ਰੱਖ ਦਿੱਤਾ ਜਾਵੇ ਤਾਂ ਕੀ ਇਸ ਰਚਨਾ ਦੇ ਅਰਥ ਬਦਲ ਨਹੀਂ ਜਾਣਗੇ।
ਇਕ ਹੋਰ ਰਚਨਾ ਤੇ ਵਿਚਾਰ ਕਰੀਏ
ਪਿੰਡ ਦੇ ਬਜ਼ੁਰਗ ਸ਼ਾਹੂਕਾਰ ਦੀ ਜੋਬਨਮੱਤੀ ਸੁੰਦਰ ਪਤਨੀ ਬੇਲਾ ਤੇ ਗੰਗੂ ਝਿਊਰ ਦੇ ਨੌਜਵਾਨ ਪੁੱਤਰ ਸਰਜੂ ਨੂੰ ਪ੍ਰੇਮਰੋਗ ਨੇ ਜਕਡ਼ ਲਿਆ। ਇਸ ਰੋਗ ਨੇ ਉਹਨਾਂ ਦੇ ਨਾਲ ਨਾਲ ਪਿੰਡ ਦੀ ਸਿਹਤ ਨੂੰ ਵੀ ਪ੍ਰਭਾਵਿਤ ਕੀਤਾ। ਆਪਣਾ ਹਰ ਇਲਾਜ ਬੇਅਸਰ ਹੁੰਦਾ ਦੇਖ ਸ਼ਾਹੂਕਾਰ ਮਾਮਲਾ ਪੰਚਾਂ ਕੋਲ ਲੈ ਗਿਆ।
ਪੰਚਾਇਤ ਜੁਡ਼ੀ ਤੇ ਸਾਰੇ ਮਾਮਲੇ ਨੂੰ ਖੁੱਲ੍ਹ ਕੇ ਵਿਚਾਰਿਆ ਗਿਆ। ਪੰਚਾਇਤ ਨੇ ਇਸ ਕੇਸ ਵਿਚ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਗੰਗੂ ਤੇ ਉਸਦਾ ਪੁੱਤਰ ਸਰਜੂ, ਬੇਲਾ ਤੇ ਉਸਦਾ ਪਿਉ ਜੰਗੀ। ਗੰਗੂ ਦਾ ਦੋਸ਼ ਸੀ ਕਿ ਉਹ ਆਪਣੇ ਪੁੱਤਰ ਨੂੰ ਇਸ ਨਾਜਾਇਜ਼ ਕੰਮ ਤੋਂ ਰੋਕਣ ਵਿੱਚ ਅਸਫਲ ਰਿਹਾ। ਬੇਲਾ ਦੇ ਪਿਤਾ ਜੰਗੀ ਨੂੰ ਇਸ ਲਈ ਕਸੂਰਵਾਰ ਠਹਿਰਾਇਆ ਗਿਆ ਕਿ ਉਸਨੇ ਆਪਣੀ ਬਦਚਲਣ ਧੀ ਦਾ ਰਿਸ਼ਤਾ ਪਿੰਡ ਦੇ ਸ਼ਰੀਫ ਤੇ ਸਨਮਾਨਤ ਵਿਅਕਤੀ ਨਾਲ ਕਰਕੇ ਉਸਦੀ ਬਦਨਾਮੀ ਕਰਵਾਈ। ਬੇਲਾ ਤੇ ਸਰਜੂ ਤਾਂ ਨਾਜਾਇਜ਼ ਸਬੰਧਾਂ ਦੇ ਦੋਸ਼ੀ ਸਨ ਹੀ।
ਗੰਗੂ ਤੇ ਜੰਗੀ ਤਾਂ ਸਰਪੰਚ ਅਤੇ ਸ਼ਾਹੂਕਾਰ ਦੇ ਪੈਰੀਂ ਪੈ ਗਏ ਤੇ ਆਪਣੇ ਹੰਝੂਆਂ ਨਾਲ ਉਹਨਾਂ ਦੇ ਪੈਰ ਧੋ ਦਿੱਤੇ। ਉਹਨਾਂ ਦੀ ਰਹਿਮ ਦੀ ਅਪੀਲ ਮਨਜ਼ੂਰ ਕਰਦਿਆਂ ਸਰਪੰਚ ਨੇ ਉਹਨਾਂ ਨੂੰ ਕੇਵਲ ਜ਼ੁਰਮਾਨਾ ਕੀਤਾ। ਜ਼ੁਰਮਾਨਾ ਅਦਾ ਕਰਨ ਲਈ ਉਹਨਾਂ ਨੇ ਸਰਪੰਚ ਦੀ ਵਗਾਰ ਕਰਨੀ ਸਵੀਕਾਰ ਕਰ ਲਈ। ਬੇਲਾ ਤੇ ਸਰਜੂ ਅਡ਼ੇ ਰਹੇ। ਪਿੰਡ ਦੇ ਸਾਰੇ ਧਰਮੀ ਲੋਕਾਂ ਦਾ ਵਿਚਾਰ ਸੀ ਕਿ ਕਿ ਜੇਕਰ ਨਾਜਾਇਜ਼ ਸਬੰਧਾ ਦੇ ਅਪਰਾਧੀ ਪਿੰਡ ਵਿਚ ਰਹੇ ਤਾਂ ਪਿੰਡ ਉੱਤੇ ਕੋਈ ਵੀ ਕਹਿਰ ਵਾਪਰ ਸਕਦਾ ਹੈ। ਇਸ ਲਈ ਉਹਨਾਂ ਦੋਹਾਂ ਨੂੰ ਮਾਰ ਕੁੱਟ ਕੇ ਪਿੰਡੋਂ ਬਾਹਰ ਕੱਢ ਦਿੱਤਾ ਗਿਆ।
ਅਪਮਾਨਤ ਪ੍ਰੇਮੀ ਜੋਡ਼ਾ ਦੂਰ ਕਿਸੇ ਹੋਰ ਪ੍ਰਦੇਸ ਵਿਚ ਚਲਾ ਗਿਆ।
ਕੁਝ ਦਿਨਾਂ ਬਾਦ ਹੀ ਪਿੰਡ ਵਿੱਚ ਜਬਰਦਸਤ ਭੂਚਾਲ ਆਇਆ ਤੇ ਸਾਰਾ ਪਿੰਡ ਤਬਾਹ ਹੋ ਗਿਆ। ਇਕ ਵੀ ਆਦਮੀ ਜਿਉਂਦਾ ਨਹੀਂ ਬਚਿਆ।
ਇਸ ਰਚਨਾ ਲਈ ਮੈਂ ਦੋ ਸਿਰਲੇਖ ਸੁਝਾਉਂਦਾ ਹਾਂ ਇੱਕ ‘ਕਲਯੁਗ ਦੀ ਕਹਾਣੀ’ ਤੇ ਦੂਜਾ ‘ਸਤਿਯੁਗ ਦੀ ਕਹਾਣੀ’ । ਵਿਚਾਰ ਕਰੋ ਕਿ ਕੀ ਦੋਹਾਂ ਸਿਰਲੇਖਾਂ ਨਾਲ ਰਚਨਾ ਦੇ ਇਕ ਹੀ ਅਰਥ ਰਹਿ ਸਕਦੇ ਹਨ।
ਇਹ ਸ਼ੁਰੂਆਤ ਹੈ। ਭਵਿੱਖ ਵਿਚ ਇਸ ਵਿਸ਼ੇ ਤੇ ਹੋਰ ਵਿਚਾਰ-ਚਰਚਾ ਦੀ ਲੋਡ਼ ਹੈ।
-0-