May 23, 2012

ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ਮਿੰਨੀ ਦਾ ਯੋਗਦਾਨ


 


ਜਗਦੀਸ਼ ਰਾਏ ਕੁਲਰੀਆਂ
ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿਤ ਦੇ ਅਨੇਕਾਂ ਰੂਪ ਹਨ ਪੁਰਾਤਨ ਸਮੇਂ ਵਿੱਚ ਇਹ ਸਾਡੇ ਕੋਲ ਸਾਖੀਆਂ, ਲੋਕ ਕਥਾਵਾਂ, ਦੰਤ ਕਥਾਵਾਂ, ਦਾਦੀ ਮਾਂ ਦੀਆਂ ਕਹਾਣੀਆਂ, ਬਾਤਾਂ, ਕਿੱਸਿਆਂ, ਵੀਰ ਸਾਹਿਤ, ਪੋੜੀਆਂ ਆਦਿ ਰਾਹੀਂ ਪੁੱਜਦਾ ਰਿਹਾ ਹੈ ਅਜੋਕੇ ਸਮੇਂ ਵਿੱਚ ਜੇਕਰ ਅਸੀਂ ਸਾਹਿਤ ਦਾ ਮੁਲਾਂਕਣ ਕਰਦੇ ਹਾਂ ਤਾਂ ਇੰਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਆਧੁਨਿਕ ਸਮੇਂ ਵਿੱਚ ਸਾਹਿਤ ਦੇ ਨਾਵਲ, ਕਹਾਣੀ, ਕਵਿਤਾ, ਗਜ਼ਲ, ਨਿੱਕੀ ਕਹਾਣੀ ਆਦਿ ਰੂਪ ਬੜੇ ਹਰਮਨ ਪਿਆਰੇ ਹੋਏ ਹਨ ਕਿਉਂਕਿ ਪੁਰਾਤਨ ਸਮੇਂ ਦਾ ਬਹੁਤ ਸਾਰਾ ਸਾਹਿਤ ਆਦਰਸ਼ਵਾਦੀ ਜਾਂ ਕਲਪਿਤ ਸੀ, ਜਦੋਂ ਕਿ ਆਧੁਨਿਕ ਸਾਹਿਤ ਦਾ ਕੇਂਦਰ ਬਿੰਦੂ ਯਥਾਰਥਵਾਦੀ ਸੋਚ ਬਣੀ
ਸਮੇਂ ਅਨੁਸਾਰ ਸਾਹਿਤ ਦੇ ਰੂਪ, ਉਸ ਨੂੰ ਲਿਖਣ ਦਾ, ਕਹਿਣ ਦਾ ਤੇ ਪੜਨ ਦਾ ਢੰਗ ਬਦਲਦਾ ਰਹਿੰਦਾ ਹੈ ਪੰਜਾਬੀ ਮਿੰਨੀ ਕਹਾਣੀ ਵੀ ਸਾਹਿਤ ਦੀ ਇੱਕ ਨਵੀਂ ਸਿਨਫ ਹੈ ਭਾਵੇਂ ਕੁਝ ਵਿਦਵਾਨ ਪੰਜਾਬੀ ਮਿੰਨੀ ਕਹਾਣੀ ਦੇ ਬੀਜ ਪੁਰਾਤਨ ਜਨਮ ਸਾਖੀਆਂ ਤੇ ਭਾਈ ਮਨੀ ਸਿੰਘ ਦੀ ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿੱਚ ਲਗਭਗ 1710 ਤੋਂ 1735 ਤੱਕ ਲਿਖੀ ਗਈ 'ਗਿਆਨ ਰਤਨਾਵਲੀ' ਅਤੇ 'ਭਗਤ ਰਤਨਾਵਲੀ' ਪੁਸਤਕ ਵਿਚਲੀਆਂ ਸਾਹਿਤਕ ਲਿਖਤਾਂ ਨਾਲ ਜੋੜਦੇ ਹਨ ਕਈ ਵਿਦਵਾਨ ਜਸਵੰਤ ਸਿੰਘ ਕੰਵਲ ਦੀ ਪੁਸਤਕ 'ਜੀਵਨ ਕਣੀਆਂ' (1944) ਅਤੇ ਸ਼੍ਰੀ ਬਿਸ਼ਨ ਸਿੰਘ ਉਪਾਸ਼ਕ ਦੀ ਪੁਸਤਕ 'ਚੋਭਾਂ' (1956) ਤੋਂ ਇਲਾਵਾ ਪ੍ਰੀਤਲੜੀ ਵਿੱਚ ਉਸ ਸਮੇ ਛਪਦੇ ਛੋਟੇ-ਛੋਟੇ ਸੰਸਮਰਣਾਂ ਵਿੱਚੋ ਇਸ ਨੂੰ ਤਲਾਸ਼ਦੇ ਹਨ, ਪਰ ਪੰਜਾਬੀ ਸਾਹਿਤ ਜਗਤ ਵਿੱਚ 1970 ਤੋ ਬਾਅਦ ਹੀ ‘ਮਿੰਨੀ’ (MINNI) ਸ਼ਬਦ ਦਾ ਪ੍ਰਯੋਗ ਹੁੰਦਾ ਹੈ ਮਰਹੂਮ ਕਹਾਣੀਕਾਰ ਗੁਰਮੇਲ ਮਡਾਹੜ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਵਾਰੇ ਕਹਿੰਦੇ ਹਨ ਕਿ 'ਪੰਜਾਬੀ ਮਿੰਨੀ ਕਹਾਣੀ ਦਾ ਚੇਹਰਾ ਪ੍ਰੋ. ਤੇਜਵੰਤ ਮਾਨ ਦੀ 1969 ਵਿੱਚ ਆਰਸੀ ਵਿੱਚ ਛਪੀ ਕਹਾਣੀ 'ਲਾਸ਼' ਨਾਲ ਉਜਾਗਰ ਹੋਇਆ ਇਸੇ ਤਰਾਂ ਕੁੱਝ ਵਿਦਵਾਨ ਭੁਪਿੰਦਰ ਸਿੰਘ ਪੀ.ਸੀ.ਐੱਸ ਦੇ 1979 ਵਿੱਚ ਛਪੇ ਸੰਗ੍ਰਹਿ 'ਸੋ ਪੱਤ ਮਛਲੀ ਦੇ  ਤੋਂ ਪੰਜਾਬੀ ਮਿੰਨੀ ਕਹਾਣੀ ਦਾ ਆਰੰਭ ਮੰਨਦੇ ਹਨ ਪਰੰਤੂ 1972 ਵਿੱਚ ‘ਮਿੰਨੀ ਕਹਾਣੀ’ ਦੇ ਨਾਂ ਹੇਠ ਸਤਵੰਤ ਕੈਂਥ ਦਾ ਮਿੰਨੀ ਕਹਾਣੀ ਸੰਗ੍ਰਹਿ 'ਬਰਫੀ ਦਾ ਟੁਕੜਾ' ਪ੍ਰਕਾਸ਼ਿਤ ਹੋਇਆ, ਜਿਸ ਨੂੰ ਪੰਜਾਬੀ ਮਿੰਨੀ ਕਹਾਣੀ ਦੀ ਪਲੇਠੀ ਪੁਸਤਕ ਮੰਨਿਆ ਜਾਂਦਾ ਹੈ ਇਸ ਤਰਾਂ ਅਸੀ ਕਹਿ ਸਕਦੇ ਹਾਂ ਕਿ ਪੰਜਾਬੀ ਮਿੰਨੀ ਕਹਾਣੀ ਦਾ ਨਾਮਕਰਣ 20ਵੀ ਸਦੀ ਦੇ ਅੱਠਵੇ ਦਹਾਕੇ ਵਿੱਚ ਹੋਇਆ
          ਇਸ ਸਮੇ ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਬਣਾਈਆ ਜਾਣ ਲੱਗੀਆ ਇੱਕ ਪਾਸੇ ਕੁੱਝ ਵਿਦਵਾਨ ਲੋਕ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਆਦਿ ਵਿਸ਼ੇਸਣਾਂ ਨਾਲ ਨਿਵਾਜ਼ ਰਹੇ ਸਨ, ਦੂਸਰੇ ਪਾਸੇ ਇਸ ਨੂੰ ਸ਼ਿੱਦਤ ਨਾਲ ਚਾਹੁਣ ਵਾਲੇ ਸੁਹਿਰਦ ਲੇਖਕ ਇਸ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਨ ਲੱਗੇ ਮਾਰਚ 1982 ਵਿੱਚ ਡਾ.ਅਮਰ ਕੋਮਲ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ‘ਖੋਜ ਪਤ੍ਰਿਕਾ’ ਦੇ ‘ਗਲਪ ਵਿਸ਼ੇਸ ਅੰਕ-19 ਵਿੱਚ 'ਪੰਜਾਬੀ ਕਹਾਣੀ ਦਾ ਨਵਾਂ ਰੂਪ: ਮਿੰਨੀ ਕਹਾਣੀ' ਸਿਰਲੇਖ ਅਧੀਨ ਲੇਖ ਲਿਖ ਕੇ ਸਾਹਿਤ ਜਗਤ ਵਿੱਚ ਮਿੰਨੀ ਕਹਾਣੀ ਦੀ ਹੌਂਦ ਨੂੰ ਜਤਾਇਆ ਉੱਥੇ 1988 ਵਿੱਚ ਡਾ. ਮਹਿਤਾਬ-ਉੱਦ-ਦੀਨ ਦੁਆਰਾ ਮਿੰਨੀ ਕਹਾਣੀ ਉੱਤੇ ਆਲੋਚਨਾ ਦੀ ਪਹਿਲੀ ਪੁਸਤਕ 'ਪੰਜਾਬੀ ਮਿੰਨੀ ਕਹਾਣੀ: ਪ੍ਰਾਪਤੀਆਂ ਤੇ ਸੰਭਾਵਨਾਵਾਂ' ਪ੍ਰਕਾਸ਼ਿਤ ਕਰਵਾ ਕੇ ਇਸ ਦੀ ਸਥਾਪਤੀ ਦੇ ਲਈ ਰਾਹ ਪੱਧਰਾ ਕਰ ਦਿੱਤਾ ਇਸੇ ਹੀ ਸਾਲ ਰੋਸ਼ਨ ਫੂਲਵੀ ਦੀ ਪਹਿਲ ਨਾਲ ਮਿੰਨੀ ਕਹਾਣੀਕਾਰਾਂ ਦੀ ਇੱਕ ਬੈਠਕ ਉਸ ਦੇ ਘਰ ਰਾਮਪੁਰਾ ਫੂਲ (ਬਠਿੰਡਾ) ਵਿਖੇ ਹੋਈ, ਜਿਸ ਵਿੱਚ ਨਾਮਵਰ ਮਿੰਨੀ ਕਹਾਣੀਕਾਰਾਂ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ, ਸ਼ੁਭਾਸ ਨੀਰਵ, ਡਾ.ਅਸ਼ੋਕ ਭਾਟੀਆਂ, ਡਾ. ਮਹਿਤਾਬ-ਉੱਦ-ਦੀਨ, ਧਰਮਪਾਲ ਸਾਹਿਲ, ਹਰਭਗਵਾਨ ਸ਼ਰਮਾ, ਰੋਸ਼ਨ ਫੂਲਵੀ, ਨਿੰਰਜਣ ਬੋਹਾ ਆਦਿ ਨੇ ਭਾਗ ਲਿਆ ਤੇ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਉਲੀਕੀਆਂ ਇਸੇ ਹੀ ਸਾਲ 1988 ਵਿੱਚ
ਡਾ. ਸ਼ਿਆਮ ਸੁੰਦਰ ਦੀਪਤੀ ਤੇ ਸ਼ਿਆਮ ਸੁੰਦਰ ਅੱਗਰਵਾਲ ਦੁਆਰਾ ਨਿਰੋਲ ਮਿੰਨੀ ਕਹਾਣੀ ਦੀ ਤ੍ਰੈ-ਮਾਸਿਕ ਪੱਤ੍ਰਿਕਾ 'ਮਿੰਨੀ' ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਗਈ ਜੋ ਅੱਜ (ਸਾਲ-2012) ਤੱਕ ਨਿਰਵਿਘਨ ਜਾਰੀ ਹੈ ਇਸ ਪੱਤ੍ਰਿਕਾ ਨਾਲ ਪੰਜਾਬੀ ਮਿੰਨੀ ਕਹਾਣੀਕਾਰਾਂ ਨੂੰ ਆਪਣੀ ਗੱਲ ਕਹਿਣ ਲਈ ਇੱਕ ਮੰਚ ਮਿਲ ਗਿਆ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੁੰਦਾ ਹੈਇਸੇ ਤਰਾਂ ਜਦੋਂ ਮਿੰਨੀ ਕਹਾਣੀ ਨੇ ਸਾਹਿਤ-ਜਗਤ ਵਿੱਚ ਪ੍ਰਵੇਸ਼ ਪਾਇਆ ਤਾਂ ਬਹੁਤਿਆਂ ਨੇ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਤੇ ਫਿਲਰ ਕਹਿ ਕੇ ਭੰਡਿਆ, ਪਰੰਤੂ ਅੱਜ ਜਦੋਂ ਅਸੀਂ ਇਸਦੇ ਲਗਭਗ 40 ਸਾਲਾਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਮਿੰਨੀ ਕਹਾਣੀ ਇੱਕ ਖਾਸ ਮੁਕਾਮ ਤੇ ਪਹੁੰਚ ਚੁੱਕੀ ਹੈ ਪੰਜਾਬੀ ਮਿੰਨੀ ਕਹਾਣੀ ਸੰਸਾਰ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਦੇ ਹਾਣ ਦੀ ਹੋ ਗਈ ਹੈ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਤੇ ਇਸ ਨੂੰ ਸਥਾਪਿਤ ਕਰਨ ਹਿੱਤ ਵੱਖ -ਵੱਖ ਵਿਦਵਾਨ ਲੇਖਕਾਂ, ਲੇਖਕ ਮੰਚਾਂ, ਸਾਹਿਤ ਸਭਾਵਾਂ ਤੇ ਹੋਰ ਅਦਾਰਿਆਂ ਦਾ ਸ਼ਲਾਘਾਯੋਗ ਯੋਗਦਾਨ ਰਿਹਾ ਹੈ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ‘ਮਿੰਨੀ’ ਅੰਮ੍ਰਿਤਸਰ, ਕੇਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ, ਅਦਾਰਾ ਅਣੂ, ਅਦਾਰਾ ਵਿਧਾ ਆਦਿ ਦਾ ਭਰਵਾਂ ਯੋਗਦਾਨ ਹੈ ਅਦਾਰਾ 'ਮਿੰਨੀ' ਅੰਮ੍ਰਿਤਸਰ ਵੱਲੋ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ ਤੇ ਬਿਕਰਮਜੀਤ ਨੂਰ ਦੀ ਸੰਪਾਦਨਾ ਹੇਠ ਜਾਰੀ ਹੁੰਦੀ ਤ੍ਰੈ-ਮਾਸਿਕ 'ਮਿੰਨੀ' ਹਿੰਦੀ ਸਮੇਤ ਭਾਰਤ ਦੀ ਕਿਸੇ ਵੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਮਿੰਨੀ ਕਹਾਣੀ/ ਲਘੂ ਕਥਾ ਸਾਹਿਤ ਦੀ ਇੱਕ ਮਾਤਰ ਪੱਤ੍ਰਿਕਾ ਹੈ, ਜੋ ਨਿਰੰਤਰ ਪ੍ਰਕਾਸ਼ਨ ਦੇ 24ਵੇਂ ਵਰ੍ਹੇ ਵਿੱਚ ਵੀ ਸਫਲਤਾ ਪੂਰਵਕ ਪ੍ਰਕਾਸ਼ਿਤ ਹੋ ਰਹੀ ਹੈ ਇਸ ਦਾ ਪਲੇਠਾ ਅੰਕ ਜਿਸ ਨੂੰ ‘ਪਾਇਲਟ ਅੰਕ’ (ਸਰਵੇਖਣ ਅੰਕ) ਦਾ ਨਾਂ ਦਿੱਤਾ ਗਿਆ ਸੀ, ਡਾ. ਦੀਪਤੀ ਅਤੇ ਅੱਗਰਵਾਲ ਦੀ ਸੰਪਾਦਨਾ ਹੇਠ 9 ਅਕਤੂਬਰ 1988 ਨੂੰ ਮਿੰਨੀ ਕਹਾਣੀ ਸਮਾਗਮ, ਰਾਮਪੁਰਾ ਫੂਲ ਵਿਖੇ ਜਾਰੀ ਕੀਤਾ ਗਿਆ ਇਸ ਪੱਤ੍ਰਿਕਾ ਦਾ ਮੁੱਖ ਉਦੇਸ਼ ਮਿੰਨੀ ਕਹਾਣੀ ਵਿਧਾ ਲਈ ਇੱਕ ਮੰਚ ਤਿਆਰ ਕਰਨਾ, ਵਿਧਾ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਤੇ ਇਸ ਦੇ ਵਿਕਾਸ ਲਈ ਉਪਰਾਲੇ ਕਰਨਾ ਮਿੱਥਿਆ ਗਿਆ ਪੱਤ੍ਰਿਕਾ ਦੇ ਅੰਕ-25 (ਅਕਤੂਬਰ, 1994) ਤੋਂ ਬਿਕਰਮਜੀਤ ਨੂਰ ਇਸ ਦੇ ਸੰਪਾਦਕੀ ਮੰਡਲ ਵਿੱਚ ਜੁੜੇ ਹੁਣ ਇਸ ਦੇ ਸਹਿਯੋਗੀਆਂ ਦੀ ਚੋਖੀ ਗਿਣਤੀ ਹੈ ਇਸ ਪੱਤ੍ਰਿਕਾ ਦਾ ਪਹਿਲਾ ਵਿਸ਼ੇਸ਼ਾਂਕ (ਅੰਕ-17) ਪੰਜਾਬ ਸਮੱਸਿਆ ਸੰਬੰਧੀ ਅਕਤੂਬਰ 1992 ਵਿੱਚ ਪ੍ਰਕਾਸ਼ਿਤ ਹੋਇਆ ਇਸ ਦੇ ਹੁਣ ਤੱਕ ਕੁੱਲ 94 ਅੰਕਾਂ ਵਿੱਚੋ 26 ਅੰਕ ਵਿਸ਼ੇਸ਼-ਅੰਕਾਂ ਵੱਜੋਂ ਪ੍ਰਕਾਸ਼ਿਤ ਹੋ ਚੁੱਕੇ ਹਨ ਇਸ ਪਰਚੇ ਦੇ ਵਿਸੇਸ਼-ਅੰਕਾਂ ਨੂੰ ਮਿੰਨੀ ਕਹਾਣੀ ਪ੍ਰਤੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋ ਸੋਚ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ ਇਸ ਦਾ ਸਿਲਵਰ ਜੁਬਲੀ ਅੰਕ (ਅੰਕ-75) ਇੱਕ ਵੱਡ ਅਕਾਰੀ ਅੰਕ ਵੱਜੋਂ ਪ੍ਰਕਾਸ਼ਿਤ ਹੋਇਆ, ਇਸ ਵਿੱਚ ਦੇਸ਼-ਪ੍ਰਦੇਸ਼ ਤੋਂ ਵੱਖ-ਵੱਖ ਭਾਸ਼ਾਵਾਂ ਦੀਆਂ ਮਿੰਨੀ ਕਹਾਣੀਆ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਅਦਾਰੇ ਦੀ ਸੋਚ ਕੇਵਲ ਮਿੰਨੀ ਪੱਤ੍ਰਿਕਾ ਪ੍ਰਕਾਸ਼ਿਤ ਕਰਨ ਤੱਕ ਹੀ ਸੀਮਿਤ ਨਹੀਂ, ਬਲਕਿ ਮਿੰਨੀ ਕਹਾਣੀ ਦੇ ਸਮੁੱਚੇ ਵਿਕਾਸ ਦੀ ਹੈ ਇੰਨ੍ਹਾਂ ਵੱਲੋ ਜਿੱਥੇ ਵੱਖ-ਵੱਖ ਭਾਸ਼ਾਵਾਂ ਦੀਆਂ ਚੌਣਵੀਆਂ ਮਿੰਨੀ ਕਹਾਣੀਆਂ ਦਾ ਅਨੁਵਾਦ ਪੰਜਾਬੀ ਪਾਠਕਾਂ ਤੇ ਲੇਖਕਾਂ ਤੱਕ ਪੁੱਜਦਾ ਕੀਤਾ ਜਾਂਦਾ ਹੈ, ਉੱਥੇ ਹੀ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅੁਨਵਾਦ ਕਰਕੇ ਦੇਸ਼ ਦੇ ਦੂਜੇ ਖਿੱਤਿਆਂ ਤੱਕ ਪਹੁੰਚਾਇਆਂ ਜਾਂਦਾ ਹੈ
ਇਸ ਅਦਾਰੇ ਵੱਲੋ ਮਿੰਨੀ ਕਹਾਣੀ ਦੇ ਵਿਕਾਸ ਤੇ ਫੈਲਾਅ ਹਿੱਤ ਹੋਰ ਵੀ ਕਈ ਕਾਰਜ ਕੀਤੇ ਜਾ ਰਹੇ ਹਨ ਹਰ ਤਿੰਨ ਮਹੀਨੇ ਬਾਅਦ ਵੱਖ ਵੱਖ ਸ਼ਹਿਰਾਂ/ਕਸਬਿਆਂ ਵਿਚ ਸਾਰੀ ਰਾਤ ਹੋਣ ਵਾਲੀ ਮਿੰਨੀ ਕਹਾਣੀ ਗੋਸ਼ਟੀ ਦਾ ਆਯੋਜਨ 'ਜੁੰਗਨੂੰਆਂ ਦੇ ਅੰਗ-ਸੰਗ' ਨਾਂ ਹੇਠ ਕੀਤਾ ਜਾਂਦਾ ਹੈ ਇਸ ਵਿੱਚ ਵੱਖ ਵੱਖ ਮਿੰਨੀ ਕਹਾਣੀ ਲੇਖਕ ਤੇ ਆਲੋਚਕ ਪਹੁੰਚਦੇ ਹਨ ਇਸ ਗੋਸ਼ਟੀ ਵਿੱਚ ਹਰ ਇੱਕ ਲੇਖਕ ਆਪਣੀ ਰਚਨਾ ਬੋਲਦਾ ਹੈ ਤੇ ਉਸ ਉੱਪਰ ਉਸਾਰੂ ਬਹਿਸ ਹੁੰਦੀ ਹੈ ਇਹ ਗੋਸ਼ਟੀ ਸਿਖਾਂਦਰੂ ਲੇਖਕਾਂ ਦੇ ਲਈ ਇੱਕ ਵਰਕਸ਼ਾਪ ਤੋਂ ਵੀ ਵੱਧ ਸਹਾਈ ਹੁੰਦੀ ਹੈ ਇਸ ਦੇ ਜ਼ਰੀਏ ਲੇਖਕ ਨੂੰ ਜਿੱਥੇ ਆਪਣੀ ਰਚਨਾ ਦੀਆਂ ਕਮਜੋਰੀਆਂ ਦਾ ਭਲੀਭਾਂਤ ਪਤਾ ਲਗਦਾ ਹੈ, ਉੱਥੇ ਉਸ ਨੂੰ ਆਪਣੀਆਂ ਕਲਾਤਮਕ ਜੁਗਤਾਂ ਤੇ ਮਿੰਨੀ ਕਹਾਣੀ ਦੇ ਰੂਪ ਵਿਧਾਨ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਉਸ ਨੂੰ ਨਿਖਾਰਨ ਦਾ ਬਾਖੂਬੀ ਅਵਸਰ ਵੀ ਮਿਲਦਾ ਹੈ ਅਦਾਰੇ ਵੱਲੋਂ ਹਰ ਸਾਲ ਦੇਸ਼ ਦੇ ਕਿਸੇ ਹਿੱਸੇ ਵਿੱਚ ਇੱਕ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ’ ਕਰਵਾ ਕੇ ਵੱਖ ਵੱਖ ਪ੍ਰਦੇਸ਼ਾ ਦੇ ਮਿੰਨੀ ਕਹਾਣੀਕਾਰਾਂ ਨਾਲ ਸੰਵਾਦ ਰਚਾਇਆ ਜਾਂਦਾ ਹੈ ਅਦਾਰੇ ਵੱਲੋਂ ਪਹਿਲਾ ‘ਅੰਤਰਾਰਾਜੀ ਮਿੰਨੀ ਕਹਾਣੀ ਸਮਾਗਮ’ 1992 ਵਿੱਚ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ ਹੁਣ ਤੱਕ ਵੀਹ ਅੰਤਰਰਾਜੀ ਸਮਾਗਮ ਦੇਸ਼ ਦੇ ਵੱਖ ਵੱਖ ਹਿੱਸਿਆਂ ਡਲਹੌਜੀ ਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼), ਸਿਰਸਾ, ਕਰਨਾਲ ਤੇ ਪੰਚਕੂਲਾ(ਹਰਿਆਣਾ), ਇੰਦੌਰ (ਮੱਧ ਪ੍ਰਦੇਸ਼), ਦਿੱਲੀ, ਕੋਟਕਪੂਰਾ, ਬਰੇਟਾ, ਪਟਿਆਲਾ, ਮੋਗਾ, ਬਟਾਲਾ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ ਆਦਿ ਸਥਾਨਾਂ ਤੇ ਕਰਵਾਏ ਜਾ ਚੁੱਕੇ ਹਨ
ਅਦਾਰਾ ਮਿੰਨੀ ਵੱਲੋਂ ਅਜੋਕੇ ਕੰਪਿਊਟਰੀ ਯੁੱਗ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਜਾਬੀ ਮਿੰਨੀ ਕਹਾਣੀ ਸੰਬੰਧੀ ਕਈ ਬਲਾਗ ਵੀ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਦੂਰ-ਦਰਾਡੇ ਬੈਠੇ ਪਾਠਕ ਵੀ ਅਜੋਕੇ ਸਮੇਂ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਤੋਂ ਜਾਣੂ ਹੁੰਦੇ ਹਨ ਇਸ ਤੋਂ ਇਲਾਵਾ ਹਰ ਸਾਲ ਮਿੰਨੀ ਕਹਾਣੀ ਮੁਕਾਬਲਾ ਕਰਵਾਕੇ ਤੇ  ਸਮੇਂ-ਸਮੇਂ ਮਿੰਨੀ ਕਹਾਣੀਕਾਰਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਜੁਗਨੂੰਆਂ ਦੇ ਅੰਗ-ਸੰਗ’ ਨਾਂ ਹੇਠ ਹੋਣ ਵਾਲੀ ਗੋਸ਼ਟੀ ਨੂੰ ਵਰਤਮਾਨ ਸਮੇਂ ਵਿੱਚ ਰਾਤ ਦੀ ਬਜਾਏ  ਦਿਨ ਸਮੇਂ ਹੀ ਕੀਤਾ ਜਾ ਰਿਹਾ ਹੈ ਅਦਾਰਾ ਮਿੰਨੀ ਵੱਲੋਂ ਪੰਜਾਬੀ ਮਿੰਨੀ ਕਹਾਣੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਅਤੇ ਉੱਚ ਅਦਾਰਿਆਂ ਵਿੱਚ ਇਸ ਉੱਤੇ ਖੋਜ ਕਾਰਜ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਮਿੰਨੀ ਕਹਾਣੀ ਨੂੰ ਚਾਹੁਣ ਵਾਲੇ ਹੋਰ ਲੋਕ ਵੀ ਇਸ ਲਈ ਯਤਨ ਕਰ ਰਹੇ ਹਨ ਹਰਿਆਣਾ ਦੇ ਸ੍ਰੀ ਨਾਇਬ ਸਿੰਘ ਮੰਡੇਰ ਵੱਲੋਂ ਕੁਰੂਕਸ਼ਤਰ ਯੂਨੀਵਰਸਿਟੀ ਤੋਂ ਪੰਜਾਬੀ ਮਿੰਨੀ ਕਹਾਣੀ ਉੱਤੇ ਪਹਿਲਾਂ ਐਮ. ਫਿਲ ਤੇ ਫਿਰ ਪੀ.ਐਚ.ਡੀ. ਦਾ ਖੋਜ-ਕਾਰਜ ਪੂਰਾ ਕਰ ਲਿਆ ਗਿਆ ਹੈ ਪਟਿਆਲਾ ਦੇ ਹਰਪ੍ਰੀਤ ਸਿੰਘ ਰਾਣਾ ਵੱਲੋਂ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੌਲਾਣਾਂ (ਅੰਬਾਲਾ) ਤੋਂ ਐਮ. ਫਿਲ ਦਾ ਖੋਜ ਕਾਰਜ ਕਰਕੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ. ਐਚ. ਡੀ ਦਾ ਖੋਜ ਕਾਰਜ ਕੀਤਾ ਜਾ ਰਿਹਾ ਹੈ ਰਮਨਦੀਪ ਕੌਰ ਵੱਲੋਂ ਵੀ ਕਰਮਵੀਰ ਸਿੰਘ ਦੀਆਂ ਮਿੰਨੀ ਕਹਾਣੀਆਂ ਤੇ ਖੋਜ ਕਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਜੀਤ ਸਿੰਘ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਤੇ ਦਵਿੰਦਰ ਸਿੰਘ ਪਨੇਸਰ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਐਮ.ਫਿਲ. ਦਾ ਖੋਜ ਕਾਰਜ ਕੀਤਾ ਗਿਆ ਹੈ ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਪੰਜਾਬੀ ਅਤੇ ਹਿੰਦੀ ਲਘੂਕਥਾ ਦਾ ਤੁਲਨਾਤਮਕ ਅਧਿਐਨ ਵਿਸ਼ੇ ਤੇ ਖੋਜ ਕਾਰਜ ਹਿੰਦੀ ਵਿੱਚ ਕੀਤਾ ਗਿਆ ਹੈ
ਪੰਜਾਬੀ ਮਿੰਨੀ ਕਹਾਣੀ ਨੂੰ ਹੁਣ ਫਿਲਰ ਦੇ ਤੌਰ ਤੇ ਨਹੀਂ ਛਾਪਿਆ ਜਾ ਰਿਹਾ ਬਲਕਿ ਹੁਣ ਤਾਂ ਪ੍ਰਮੁੱਖ ਅਖਬਾਰਾਂ/ਮੈਗਜ਼ੀਨਾਂ ਵਿੱਚ ਇਸ ਲਈ ਵਿਸ਼ੇਸ਼ ਥਾਂ ਰਾਖਵੀਂ ਹੈ ਮਿੰਨੀ, ਅਣੂ, ਸਤਿਸਾਗਰ, ਹਰਫ਼, ਖੁਸ਼ਬੂ, ਗੁੰਚਾ ਆਦਿ ਪਰਚਿਆਂ ਨੇ ਮਿੰਨੀ ਕਹਾਣੀ ਨੂੰ ਪ੍ਰਮੁੱਖਤਾ ਨਾਲ ਛਾਪਿਆ ਤ੍ਰਿਪਤ ਭੱਟੀ, ਸਤਵੰਤ ਕੈਂਥ ਤੇ ਹਰਪ੍ਰੀਤ ਸਿੰਘ ਰਾਣਾ ਦੀ ਸੰਪਾਦਨਾ ਹੇਠ ਵੀ ਨਿਰੋਲ ਪੰਜਾਬੀ ਮਿੰਨੀ ਕਹਾਣੀ ਨੂੰ ਸਮਰਪਿਤ ਪਰਚਾ ‘ਮਿੰਨੀ ਕਹਾਣੀ’ ਪਟਿਆਲਾ ਤੋਂ ਕੱਢਿਆ ਗਿਆ ਜੋ ਕਿ ਸਤਵੰਤ ਕੈਂਥ ਦੀ ਮੌਤ ਹੋਣ ਤੋਂ ਬਾਅਦ ਲੰਮਾ ਸਮਾਂ ਜਾਰੀ ਨਹੀਂ ਰਹਿ ਸਕਿਆ ਇਸ ਪਰਚੇ ਨੇ ਵੀ ਪੰਜਾਬੀ ਮਿੰਨੀ ਕਹਾਣੀ ਦੇ ਨਕਸ਼ ਉਘੇੜਣ ਵਿੱਚ ਚੌਖਾ ਯੋਗਦਾਨ ਪਾਇਆ ਨਿਰਸੰਦੇਹ ਇਹ ਗੱਲ ਆਖੀ ਜਾ ਸਕਦੀ ਹੈ ਕਿ ਅਦਾਰਾਂ ਮਿੰਨੀ ਇਸ ਵਿਧਾ ਨੂੰ ਇੱਕ ਲੋਕ ਲਹਿਰ ਦੇ ਰੂਪ ਵਿੱਚ ਸਾਹਮਣੇ ਲਿਆਉਂਦਾ ਹੈ ਅਤੇ ਉਸ ਨਾਲ ਪਾਠਕਾਂ ਦੇ ਘੇਰੇ ਨੂੰ ਜੋੜਨ ਵਿੱਚ ਸਫ਼ਲ ਰਹਿੰਦਾ ਹੈ ਅਜੋਕੇ ਸਮੇਂ ਵਿੱਚ ਜੇਕਰ ਅਸੀਂ ਪੰਜਾਬੀ ਮਿੰਨੀ ਕਹਾਣੀ ਦੀਆਂ ਪ੍ਰਾਪਤੀਆਂ ਤੇ ਸਤੁੰਸ਼ਟ ਹੁੰਦੇ ਹਾਂ ਤਾਂ ਇਸ ਵਿੱਚ ਅਦਾਰਾ ‘ਮਿੰਨੀ’ ਦਾ ਵੱਢਮੁੱਲਾ ਯੋਗਦਾਨ ਹੈ ਮੈਨੂੰ ਆਸ ਹੈ ਕਿ ਇਹ ਅਦਾਰਾ ਇਸੇ ਤਰ੍ਹਾਂ ਭਵਿੱਖ ਵਿੱਖ ਆਪਣਾ ਯੋਗਦਾਨ ਪਾਉਂਦਾ ਰਹੇਗਾ

ਹਵਾਲੇ ਤੇ ਟਿੱਪਣੀਆਂ
*
ਮਿੰਨੀ ਕਹਾਣੀ ਦਾ ਵਿਕਾਸ ਪੜਾਅ’ (ਡਾ. ਅਨੂਪ ਸਿੰਘ)
*
ਮਿੰਨੀ ਕਹਾਣੀ ਸੀਮਾ ਤੇ ਸੰਭਾਵਨਾਵਾਂ’ (ਡਾ. ਅਨੂਪ ਸਿੰਘ)
*
ਮਿੰਨੀ ਕਹਾਣੀ: ਨਿਕਾਸ ਤੇ ਵਿਕਾਸ’ (ਕਰਮਵੀਰ ਸਿੰਘ)
*
ਮਿੰਨੀ ਕਹਾਣੀ ਪਾਠ ਤੇ ਪ੍ਰਸੰਗ’ (ਸੰਪਾਦਕ: ਨਾਇਬ ਸਿੰਘ ਮੰਡੇਰ, ਕੁਲਦੀਪ ਸਿੰਘ ਦੀਪ)
*
ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ’ (ਸੰਪਾਦਕ: ਦਰਸ਼ਨ ਬਰੇਟਾ, ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ)
*
ਤ੍ਰੈਮਾਸਿਕ ਪੱਤਿਕਾ  'ਮਿੰਨੀ' (ਸੰਪਾਦਕ: ਡਾ. ਦੀਪਤੀ, ਅਗਰਵਾਲ, ਨੂਰ) ਦੇ ਅੰਕ ਨੰ. 55 ਤੋਂ 94 ਤੱਕ
*
ਤ੍ਰੈਮਾਸਿਕ ਪੱਤ੍ਰਿਕਾ ‘ਮਿੰਨੀ ਕਹਾਣੀ’ (ਸੰਪਾਦਕ:ਤ੍ਰਿਪਤ ਭੱਟੀ, ਸਤਵੰਤ ਕੈਂਥ, ਹਰਪ੍ਰੀਤ ਸਿੰਘ ਰਾਣਾ) ਦੇ ਅੰਕ 1 ਤੋਂ 28 ਤੱਕ
*
ਪੰਜਾਬੀ ਔਰ ਹਿੰਦੀ ਲਘੂ ਕਥਾ ਕਾ ਤੁਲਾਨਤਮਕ ਅਧਿਐਨ’ (ਹਿੰਦੀ) ਜਗਦੀਸ਼ ਰਾਏ ਕੁਲਰੀਆਂ
*
ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਅਧਿਐਨ’ (ਹਰਪ੍ਰੀਤ ਸਿੰਘ ਰਾਣਾ)


No comments: