July 6, 2009

ਮਿੰਨੀ ਕਹਾਣੀ ਦਾ ਰੂਪ-ਵਿਧਾਨ



ਅਨੂਪ ਸਿੰਘ(ਡਾ.)
ਸਮਕਾਲੀ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਸਭ ਤੋਂ ਵੱਧ ਲੋਕਪ੍ਰਿਯ ਰੂਪ ਹੈ। ਪੰਜਾਬੀ ਮਿੰਨੀ ਕਹਾਣੀ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ਲਈ ਯਤਨਸ਼ੀਲ ਹੈ ਅਤੇ ਇਕ ਸੁਤੰਤਰ ਵਿਧਾ ਵੱਜੋਂ ਵਿਕਸਿਤ ਹੋ ਰਹੀ ਹੈ। ਪਰੰਤੂ ਲੇਖਕ ਤੇ ਸੰਪਾਦਕ ਰਚਨਾ ਦੇ ਛੋਟੇ ਅਕਾਰ ਨੂੰ ਹੀ ਮਿੰਨੀ ਕਹਾਣੀ ਦੀ ਆਧਾਰ ਕਸਵੱਟੀ ਮੰਨ ਕੇ ਧੜਾਧੜ ਛੱਪ-ਛਾਪ ਰਹੇ ਹਨ। ਲਘੂ ਅਕਾਰ ਹੀ ਇਕ ਮੋਟਾ ਜਿਹਾ ਆਧਾਰ ਪ੍ਰਵਾਨ ਕੀਤਾ ਜਾ ਰਿਹਾ ਹੈ। ਕਹਾਣੀ ਦਾ ਅਕਾਰ ਛੋਟਾ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਸਿੱਟੇ ਵੱਜੋਂ ਪੰਜਾਬੀ ਮਿੰਨੀ ਕਹਾਣੀ ਵਿਚ ਚੁਟਕਲੇਬਾਜੀ ਦੇ ਅੰਸ਼, ਅਸਪਸ਼ਟਤਾ, ਅਬਸਰਡਿਟੀ ਅਤੇ ਦੁਹਰਾਉ ਦੀ ਪ੍ਰਵਿਰਤੀ ਵੇਖੀ ਜਾ ਸਕਦੀ ਹੈ। ਭਾਵੇਂ ਸ਼ਬਦ ਮਿੰਨੀ ਵੀ ਅਕਾਰ ਸੂਚਕ ਹੈ, ਪਰੰਤੂ ਸਾਡੇ ਸਾਹਮਣੇ ਕੁਝ ਪ੍ਰਸ਼ਨ ਖੜੇ ਹੁੰਦੇ ਹਨ ਕਿ ਕੀ ਸ਼ਬਦਾਂ ਦੀ ਘੱਟ ਤੋਂ ਘੱਟ ਗਿਣਤੀ ਮਿੰਨੀ ਕਹਾਣੀ ਲਈ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕੀ ਅਕਾਰ ਹੀ ਇਕੋ ਇਕ ਪਰਖ ਕਸਵੱਟੀ ਹੈ? ਮਿੰਨੀ ਕਹਾਣੀ ਦੇ ਜ਼ਰੂਰੀ ਤੱਤ ਕਿਹੜੇ ਕਿਹੜੇ ਹਨ? ਕੀ ਹਰ ਘਟਨਾ, ਵਰਤਾਰਾ ਜਾਂ ਵਿਸ਼ਾ ਮਿੰਨੀ ਕਹਾਣੀ ਦਾ ਵਸਤੂ ਬਣ ਸਕਦਾ ਹੈ? ਮਿੰਨੀ ਕਹਾਣੀ ਕੀ ਕਹਿਣ ਦੇ ਸਮਰੱਥ ਹੈ? ਮਿੰਨੀ ਕਹਾਣੀ ਦਾ ਨਿਕਾਸ ਤੇ ਵਿਕਾਸ ਕਿਵੇਂ ਹੋਇਆ? ਮਿੰਨੀ ਕਹਾਣੀ ਦੀ ਪ੍ਰੀਭਾਸ਼ਾ ਕੀ ਹੈ? ਕੀ ਮਿੰਨੀ ਕਹਾਣੀ ਇਕ ਸੁਤੰਤਰ ਵਿਧਾ ਹੈ? ਅਜਿਹੇ ਅਤੇ ਹੋਰ ਪ੍ਰਸ਼ਨਾਂ ਦੇ ਸਨਮੁੱਖ ਲੋੜ ਹੈ ਕਿ ਮਿੰਨੀ ਕਹਾਣੀ ਦੇ ਰੂਪ-ਵਿਧਾਨ ਵੱਲ ਧਿਆਨ ਦਿੱਤਾ ਜਾਵੇ ਅਤੇ ਕੁਝ ਪਰਖ ਕਸਵੱਟੀਆਂ ਨਿਰਧਾਰਤ ਕੀਤੀਆਂ ਜਾਣ।
ਮਨੁੱਖੀ ਜੀਵਨ ਵਿਚ ਕੁਝ ਗੱਲਾਂ, ਘਟਨਾਵਾਂ ਅਤੇ ਵਰਤਾਰੇ ਅਜਿਹੇ ਵਾਪਰਦੇ ਹਨ ਜੋ ਮਨੁੱਖ ਨੂੰ ਕੁਝ ਸੋਚਣ, ਕਰਨ ਲਈ ਟੁੰਬ ਜਾਂਦੇ ਹਨ। ਇਹ ਗੱਲਾਂ, ਘਟਨਾਵਾਂ ਤੇ ਵਰਤਾਰੇ ਵਾਪਰ ਤਾਂ ਬਹੁਤ ਹੀ ਥੋੜੇ ਸਮੇਂ (ਕਈ ਵਾਰ ਅੱਖ ਦੇ ਪਲਕਾਰੇ)ਵਿਚ ਜਾਂਦੇ ਹਨ। ਪਰੰਤੂ ਸੰਵੇਦਨਸ਼ੀਲ ਤੇ ਸੂਖਮਭਾਵੀ ਲੋਕਾਂ ਉੱਤੇ ਇਹਨਾਂ ਦਾ ਅਸਰ ਚਿਰਸਥਾਈ ਹੁੰਦਾ ਹੈ। ਇਹਨਾਂ ਪਲਾਂ ਦੀ ਕਲਾਤਮਕ ਪੇਸ਼ਕਾਰੀ ਲਈ ਜਿਸ ਸਾਹਿਤਕ ਵਿਧਾ ਦੀ ਲੋੜ ਪਈ ਉਸ ਨੂੰ ਮਿੰਨੀ ਕਹਾਣੀ ਆਖਿਆ ਗਿਆ।
ਸੰਖੇਪਤਾ ਤੇ ਸੰਜਮਤਾ ਮਿੰਨੀ ਕਹਾਣੀ ਦਾ ਵਿਸ਼ੇਸ਼ ਗੁਣ ਹੈ। ਇਹ ਕੁੱਜੇ ਵਿਚ ਸਮੁੰਦਰ ਬੰਦ ਕਰਦੀ ਹੈ। ਸ਼ਬਦਾਂ ਦਾ ਸਰਫਾ ਕਰਦਿਆਂ ਇਹ ਵੱਡੀ ਗੱਲ ਕਰਨ ਦੇ ਸਮਰੱਥ ਹੈ। ਇਹ ਵਿਧਾ ਵਿਸਥਾਰ ਨਹੀਂ ਸਹਾਰ ਸਕਦੀ ਅਤੇ ਸੰਕੇਤਕ ਢੰਗ ਨਾਲ ਆਪਣੀ ਗੱਲ ਕਰਦੀ ਹੈ। ਇਸ ਦੀ ਗੋਂਦ ਕਸਵੀਂ ਹੁੰਦੀ ਹੈ। ਇਹ ਤਿੱਖੇ ਵੇਗ ਨਾਲ ਚਲਦੀ ਹੋਈ ਸਿਖਰ ਨੂੰ ਪੁੱਜ ਕੇ ਇਕ ਦਮ ਸਮਾਪਤ ਹੋ ਜਾਂਦੀ ਹੈ। ਘੱਟ ਤੋਂ ਘੱਟ ਅਤੇ ਢੁਕਵੀਂ ਸ਼ਬਦ ਚੋਣ, ਪਾਤਰਾਂ ਦਾ ਦੋ ਜਾਂ ਤਿੰਨ ਤਕ ਸੀਮਤ ਹੋਣਾ ਅਤੇ ਇਕ ਛਿਣ ਦੀ ਪੇਸ਼ਕਾਰੀ ਆਦਿ ਲੱਛਣ ਮਿੰਨੀ ਕਹਾਣੀ ਦੇ ਤਕਨੀਕੀ ਆਧਾਰ ਮੰਨੇ ਜਾ ਸਕਦੇ ਹਨ। ਇਸ ਵਿਚ ਅਸਪਸ਼ਟਤਾ, ਧੁੰਦਲੇਪਨ, ਵਿਆਖਿਆ ਅਤੇ ਵਿਸ਼ਲੇਸ਼ਣ ਦੀ ਮੁਥਾਜੀ ਤੋਂ ਬਚਦਿਆਂ ਘੱਟ ਤੋਂ ਘੱਟ ਤੇ ਢੁਕਵੇਂ ਸ਼ਬਦਾਂ ਦੀ ਸ਼ਰਤ ਤਾਂ ਕਹੀ ਜਾ ਸਕਦੀ ਹੈ, ਪਰੰਤੂ ਕੋਈ ਸ਼ਬਦਾਂ ਜਾਂ ਵਾਕਾਂ ਦੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਕਾਰ ਵਿਚ ਛੋਟਾ ਹੋਣਾ ਹੀ ਮਿੰਨੀ ਕਹਾਣੀ ਦਾ ਨਿਖੇੜਕ ਲੱਛਣ ਨਹੀਂ ਹੈ। ਮਿੰਨੀ ਕਹਾਣੀ ਦਾ ਵਸਤੂ ਹੀ ਸ਼ਬਦ ਸੀਮਾ ਨੂੰ ਨਿਸ਼ਚਿਤ ਕਰਦਾ ਹੈ। ਇਹ ਵਿਧਾ ਚੋਣਵੇਂ ਅਨੁਭਵ ਨੂੰ ਤੀਖਣਤਾ, ਤੀਬਰਤਾ ਅਤੇ ਸੂਖਮਤਾ ਨਾਲ ਕਹਿਣ ਦੇ ਢੰਗ ਕਾਰਨ ਮਿੰਨੀ ਹੈ। ਇਸ ਲਈ ਮਿੰਨੀ ਕਹਾਣੀ ਦਾ ਅਕਾਰ ਉਸ ਸੀਮਾ ਤਕ ਹੀ ਮਿੰਨੀ ਹੋ ਸਕਦਾ ਹੈ, ਜਿਸ ਸੀਮਾ ਤਕ ਬਿਰਤਾਂਤ ਦੇ ਮੂਲ ਸੰਰਚਨਾਤਮਕ ਤੱਤ ਸੁਨਿਸ਼ਚਿਤ ਰਹਿਣ ਅਤੇ ਅਰਥ ਸੰਚਾਰ ਦੀ ਕੋਈ ਸਮੱਸਿਆ ਉਤਪੰਨ ਨਾ ਹੋਵੇ। ਅਕਾਰ ਦੇ ਪੱਖ ਨੂੰ ਸਮੇਟਦਿਆਂ ਕਿਹਾ ਜਾ ਸਕਦਾ ਹੈ ਕਿ ਮਿੰਨੀ ਕਹਾਣੀ ਦਾ ਪ੍ਰਭਾਵ ਇਸ ਦੇ ਅਕਾਰ ਨਾਲ ਉਲਟ ਅਨੁਪਾਤ ਰੱਖਦਾ ਹੈ। ਪ੍ਰਭਾਵ ਦੀ ਏਕਤਾ-ਏਕਾਗਰਤਾ ਅਤੇ ਤੀਖਣਤਾ ਲਈ ਰਚਨਾ ਦੇ ਅਕਾਰ ਦਾ ਛੋਟਾ ਹੋਣਾ ਲਾਜ਼ਮੀ ਹੈ, ਪਰੰਤੂ ਵਿਦਵੱਤਾ ਦਰਸਾਉਣ ਦੇ ਭਰਮ ਤਹਿਤ ਮਿੰਨੀ ਕਹਾਣੀ ਵਿਚੋਂ ਕਹਾਣੀ ਅਲੋਪ ਨਹੀਂ ਕਰਨੀ ਚਾਹੀਦੀ। ਬੌਧਿਕ ਤੇ ਦਾਰਸ਼ਨਿਕ ਟੂਕਾਂ ਭਾਵੇਂ ਬਹੁਤ ਹੀ ਸੰਖੇਪ ਹੁੰਦੀਆਂ ਹਨ, ਪਰ ਉਹ ਮਿੰਨੀ ਕਹਾਣੀ ਨਹੀਂ ਹੁੰਦੀਆਂ।
ਮਿੰਨੀ ਕਹਾਣੀ ਲੇਖਕ ਨੂੰ ਘਟਨਾ ਦਾ ਵਰਨਣ ਨਹੀਂ, ਵਿਸ਼ਲੇਸ਼ਣ ਪੇਸ਼ ਕਰਨਾ ਚਾਹੀਦਾ ਹੈ। ਇਕਹਿਰੀ ਬਣਤਰ ਕਾਰਨ ਇਹ ਬਹੁਪੱਖੀ ਵਿਸ਼ਲੇਸ਼ਣ ਕਰਨ ਦੇ ਤਾਂ ਸਮਰੱਥ ਨਹੀਂ, ਪਰੰਤੂ ਕਿਸੇ ਵਿਸ਼ੇਸ਼ ਘਟਨਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਮਨੁੱਖੀ ਮਨ ਵਿਚ ਉੱਠੇ ਸੂਖਮ ਪ੍ਰਤੀਕਰਮ ਨੂੰ ਪੇਸ਼ ਕਰਨ ਦੇ ਸਮਰੱਥ ਹੈ। ਘਟਨਾ ਦਾ ਪ੍ਰਕ੍ਰਿਤੀਵਾਦੀ ਚਿਤ੍ਰਣ ਨਿਰਜਿੰਦ ਫ਼ੋਟੋਗ੍ਰਾਫੀ ਹੈ ਅਤੇ ਕਲਾਤਮਕਤਾ ਦੀ ਘਾਟ ਦਾ ਪ੍ਰਮਾਣ ਹੈ। ਲੇਖਕ ਘਟਨਾ ਦਾ ਪੁਨਰ-ਸਿਰਜਣ ਕਰਦਾ ਹੈ। ਵੈਸੇ ਤਾਂ ਇਹ ਨੇਮ ਸਾਹਿਤ ਦੇ ਸਾਰੇ ਰੂਪਾਂ ਉੱਤੇ ਲਾਗੂ ਹੁੰਦਾ ਹੈ, ਪਰੰਤੂ ਮਿੰਨੀ ਕਹਾਣੀ ਦੀ ਰਚਨਾ ਵੇਲੇ ਵਧੇਰੇ ਸੁਚੇਤ ਰਹਿਣ ਦੀ ਲੋੜਹੈ।
ਆਧੁਨਿਕ ਸਾਹਿਤ ਰੂਪਾਂ ਵਾਂਗ ਮਿੰਨੀ ਕਹਾਣੀ ਦਾ ਪਾਤਰ ਪ੍ਰਮੁੱਖ ਰੂਪ ਵਿਚ ਸਾਧਾਰਨ ਆਦਮੀ ਹੈ। ਪਰ ਕਈ ਵਾਰ ਇਹ ਇਤਿਹਾਸਕ-ਮਿਥਿਹਾਸਕ ਪਾਤਰਾਂ ਨੂੰ ਨਵੇਂ ਅਰਥਾਂ ਜਾਂ ਨਵੇਂ ਪਸਾਰਾਂ ਵਿਚ ਪੇਸ਼ ਕਰ ਜਾਂਦੀ ਹੈ। ਉਂਜ ਇਹ ਵਿਧਾ ਸਾਧਾਰਨ ਆਦਮੀ ਦੀ ਸਾਧਾਰਨਤਾ ਨੂੰ ਪ੍ਰਗਟਾਉਂਦੀ ਹੋਈ ਵਿਵਸਥਾ ਉੱਪਰ ਭਰਵਾਂ ਵਾਰ ਕਰਦੀ ਹੈ। ਸਮਕਾਲ ਵਿਚ ਰਚੀ ਜਾ ਰਹੀ ਪੰਜਾਬੀ ਮਿੰਨੀ ਕਹਾਣੀ ਸਾਧਾਰਨ ਜੀਵਨ ਜੀਉਂਦੇ ਤੇ ਤੰਗੀਆਂ-ਤੁਰਸ਼ੀਆਂ ਹੰਢਾਉਂਦੇ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਜ਼ਬਾਨ ਦੇ ਕੇ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਸਾਧਾਰਨਤਾ ਵਿਚੋਂ ਅਸਾਧਾਰਨਤਾ ਨੂੰ ਲੱਭਣਾ ਤੇ ਪੇਸ਼ ਕਰਨਾ ਹੀ ਆਧੁਨਿਕ ਸਾਹਿਤ ਦੀ ਖੂਬੀ ਹੈ ਜੋ ਮਿੰਨੀ ਕਹਾਣੀ ਦੀ ਵੀ ਵਿਸ਼ੇਸ਼ਤਾਈ ਕਹੀ ਜਾ ਸਕਦੀ ਹੈ। ਸਾਧਾਰਨ ਲਗਦੀ ਘਟਨਾ ਵਿਚੋਂ ਜ਼ਿੰਦਗੀ ਦੇ ਡੂੰਘੇ ਅਰਥ ਸਿਰਜਣੇ ਹੀ ਕਲਾ ਦੀ ਨਿਸ਼ਾਨੀ ਹੈ। ਮਿੰਨੀ ਕਹਾਣੀ ਵਿਚ ਕਾਲ ਦੀ ਕੋਈ ਸੀਮਾ ਨਹੀਂ ਹੈ। ਇਹ ਅਤੀਤ ਨੂੰ ਵੀ ਪੇਸ਼ ਕਰ ਸਕਦੀ ਹੈ, ਪਰੰਤੂ ਇਸ ਦੀ ਕੋਈ ਤੰਦ ਵਰਤਮਾਨ ਨਾਲ ਆਪਣਾ ਨਾਤਾ ਅਵੱਸ਼ ਜੋੜਦੀ ਹੈ। ਮਹੱਤਵਪੂਰਨ ਉਹ ਪਲ ਹੈ ਜਿਸ ਵਿਚ ਕਹਾਣੀ ਕਹੀ ਜਾ ਰਹੀ ਹੈ।
ਮਿੰਨੀ ਕਹਾਣੀ ਵਿਚ ਤੀਖਣ ਤੇ ਸੂਖਮ ਵਿਅੰਗ ਇਕ ਕੇਂਦਰੀ ਤੱਤ ਵੱਜੋਂ ਪ੍ਰਵਾਨ ਕੀਤਾ ਜਾ ਸਕਦਾ ਹੈ। ਅਜਿਹੀ ਵਿਅੰਗਾਤਮਕ ਪੇਸ਼ਕਾਰੀ ਬੌਧਿਕਤਾ ਦਾ ਪ੍ਰਮਾਣ ਹੈ। ਮਿੰਨੀ ਕਹਾਣੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪਾਠਕ ਦੀ ਸੋਚ ਨੂੰ ਟੁੰਬੇ ਤੇ ਰਚਨਾ ਪਾਠ ਤੋਂ ਬਾਦ ਪਾਠਕ ਕੁਝ ਸੋਚਣ/ਕਰਨ ਲਈ ਪ੍ਰੇਰਿਤ ਹੋਵੇ। ਇਹ ਕਹਾਣੀਆਂ ਪਾਠਕਾਂ/ਸਰੋਤਿਆਂ ਨੂੰ ਉਹਨਾਂ ਘਟਨਾਵਾਂ ਤੇ ਵਰਤਾਰਿਆਂ ਬਾਰੇ ਸੋਚਣ/ਕਰਨ ਲਈ ਭਾਵਾਤਮਕ ਝਟਕਾ ਦਿੰਦੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਉਹ ਜੀਵਨ ਦੀਆਂ ਆਮ ਗੱਲਾਂ ਸਮਝ ਕੇ ਅਣਗੌਲਿਆਂ ਕਰ ਛੱਡਦਾ ਹੈ। ਵਿਅੰਗ ਹੀ ਮਿੰਨੀ ਕਹਾਣੀ ਅਤੇ ਚੁਟਕਲੇ ਨੂੰ ਵੱਖਰਿਆਉਂਦਾ ਹੈ। ਚੁਟਕਲਾ ਕੁਝ ਪਲਾਂ ਲਈ ਵਿਅਕਤੀ ਨੂੰ ਬਾਹਰੀ ਸੰਸਾਰ ਨਾਲੋਂ ਤੋੜ ਦਿੰਦਾ ਹੈ ਅਤੇ ਹੱਸਣ ਲਾ ਦਿੰਦਾ ਹੈ। ਦੂਜੇ ਪਾਸੇ ਮਿੰਨੀ ਕਹਾਣੀ ਪੜ੍ਹਨ-ਸੁਨਣ ਤੋਂ ਬਾਦ ਚੁੱਪ ਛਾ ਜਾਂਦੀ ਹੈ ਅਤੇ ਪਾਠਕ/ਸਰੋਤਾ ਸੋਚਣ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹ ਬਾਹਰੀ ਸੰਸਾਰ ਨਾਲ ਮਾਨਸਿਕ ਪੱਧਰ ਤੇ ਜੁੜ ਜਾਂਦਾ ਹੈ। ਮਿੰਨੀ ਕਹਾਣੀ ਦੇ ਲੋਕਪ੍ਰਿਯ ਹੋਣ ਦਾ ਕਾਰਨ ਇਸ ਦਾ ਅਕਾਰ ਪੱਖੋਂ ਛੋਟਾ ਹੋਣਾ ਨਹੀਂ, ਸਗੋਂ ਪਾਠਕ ਦੇ ਮਨ ਉੱਤੇ ਤੀਖਣ ਪ੍ਰਭਾਵ ਦਾ ਪੈਣਾ ਹੈ।
ਮਿੰਨੀ ਕਹਾਣੀ ਵਿਚ ਥੋੜਾ ਕਿਹਾ ਜਾਂਦਾ ਹੈ ਅਤੇ ਬਹੁਤਾ ਅਣਕਿਹਾ ਛੱਡ ਦਿੱਤਾ ਜਾਂਦਾ ਹੈ। ਕਹੀ ਗਈ ਥੋੜੀ ਗੱਲ ਨਾਲ ਪਾਠਕ ਨੂੰ ਚੋਭ ਮਿਲਦੀ ਹੈ ਅਤੇ ਉਹ ਅਣਕਹੇ ਪੱਖ ਨੂੰ ਜਾਨਣ-ਸਮਝਣ ਦਾ ਬੌਧਿਕ ਅਮਲ ਸ਼ੁਰੂ ਕਰ ਦਿੰਦਾ ਹੈ।
ਸਮੂਹਿਕ ਬੁੱਧੀ ਵਿਕਾਸ ਮਿੰਨੀ ਕਹਾਣੀ ਦੇ ਨਿਕਾਸ ਤੇ ਵਿਕਾਸ ਵਿਚ ਸਹਾਈ ਹੋਇਆ ਹੈ। ਮਿੰਨੀ ਕਹਾਣੀ ਦੇ ਬੀਜ ਪੰਜਾਬੀ ਸਾਹਿਤ ਵਿਚ ਸਾਖੀ ਸਾਹਿਤ ਜਾਂ ਹੋਰ ਲੋਕ ਸਾਹਿਤ ਰੂਪਾਂ ਵਿਚੋਂ ਲੱਭੇ ਜਾ ਸਕਦੇ ਹਨ। ਇਸ ਦਾ ਨਿਕਾਸ ਲੋਕ ਕਥਾਵਾਂ ਜਾਂ ਉਪਦੇਸ਼ਕ ਕਥਾਵਾਂ ਨਾਲ ਹੋਇਆ। ਜਿਨ੍ਹਾਂ ਦਾ ਉਦੇਸ਼ ਉਪਦੇਸ਼ ਜਾਂ ਸੁਝਾਅ ਦੇਣਾ ਹੁੰਦਾ ਸੀ। ਨੀਤੀ ਕਥਾ ਅਤੇ ਵਿਅੰਗ ਕਥਾ ਇਸ ਦੇ ਅਗਲੇ ਵਿਕਾਸ ਪੜਾਅ ਮੰਨੇ ਜਾਂਦੇ ਹਨ। ਇਹਨਾਂ ਦਾ ਆਧੁਨਿਕ ਰੂਪ ਮਿੰਨੀ ਕਹਾਣੀ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਹ ਸਾਹਿਤ ਰੂਪ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਰੰਭ ਵਿਚ ਪ੍ਰਚਲਿਤ ਹੁੰਦਾ ਹੈ। ਪੰਜਾਬੀ ਵਿਚ ਇਸ ਦੇ ਨਿਕਾਸ ਤੋਂ ਪਹਿਲਾਂ ਮਿੰਨੀ ਕਹਾਣੀ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਲਿਖੀ ਜਾਣੀ ਆਰੰਭ ਹੋ ਚੁੱਕੀ ਸੀ। ਇਸ ਤਰ੍ਹਾਂ ਦੂਜੀਆਂ ਸਾਹਿਤਕ ਵਿਧਾਵਾਂ ਵਾਂਗ ਪੰਜਾਬੀ ਮਿੰਨੀ ਕਹਾਣੀ ਵੀ ਦੂਜੀਆਂ ਵਿਕਸਤ ਭਾਰਤੀ ਭਾਸ਼ਾਵਾਂ ਦੇ ਪ੍ਰਭਾਵ ਤਹਿਤ ਵਿਕਸਤ ਹੋਈ। ਇਹ ਕਥਾ ਵਿਧੀ ਜਟਿਲ ਯਥਾਰਥ ਦਾ ਕੋਈ ਇਕ ਪਸਾਰ ਦਰਸਾ ਕੇ ਗਲਤ-ਠੀਕ ਦਾ ਨਿਰਣਾ ਪਾਠਕ ਤੇ ਛੱਡ ਦਿੰਦੀ ਹੈ। ਇਸ ਲਈ ਮਿੰਨੀ ਕਹਾਣੀ ਤਰਕ ਉੱਤੇ ਵਧੇਰੇ ਨਿਰਭਰ ਕਰਦੀ ਹੈ।
ਹਰ ਗੱਲ, ਬੋਲਿਆ ਗਿਆ ਵਾਕ, ਟੋਟਕਾ, ਵਾਰਤਾਲਾਪ, ਚੁਟਕਲਾ, ਟਿੱਚਰ, ਸਕਿੱਟ, ਹਾਜ਼ਰ ਜੁਆਬੀ ਜਾਂ ਫੌਰੀ ਪ੍ਰਤੀਕਰਮ, ਮਿੰਨੀ ਕਹਾਣੀ ਨਹੀਂ ਹੁੰਦਾ। ਇਹ ਕਲਾਤਮਕਤਾ, ਹੁਨਰ ਜਾਂ ਸਿਰਜਣਾਤਮਕਤਾ ਹੀ ਹੈ ਜੋ ਇਹਨਾਂ ਰੂਪਾਂ ਨੂੰ ਮਿੰਨੀ ਕਹਾਣੀ ਵਿਚ ਤਬਦੀਲ ਕਰ ਸਕਦੀ ਹੈ। ਹਰ ਘਟਨਾ ਨੂੰ ਵੀ ਮਿੰਨੀ ਕਹਾਣੀ ਵਿਚ ਨਹੀਂ ਢਾਲਿਆ ਜਾ ਸਕਦਾ। ਮਿੰਨੀ ਕਹਾਣੀ ਕਿਸੇ ਘਟਨਾ ਜਾਂ ਵਰਤਾਰੇ ਦਾ ਕੇਵਲ ਸਿੱਟਾ ਮਾਤਰ ਹੀ ਪੇਸ਼ ਨਹੀਂ ਕਰਦੀ। ਦ੍ਰਿਸ਼ ਚਿਤ੍ਰਣ ਵੀ ਇਸ ਵਿਧਾ ਵਿਚ ਅਤੀ ਸੀਮਤ ਪੱਧਰ ਤੱਕ ਹੀ ਸੰਭਵ ਹੈ। ਰਵਾਇਤੀ ਪਾਤਰ ਚਿਤ੍ਰਣ ਵੀ ਮਿੰਨੀ ਕਹਾਣੀ ਵਿਚ ਨਹੀਂ ਹੋ ਸਕਦਾ। ਇਹ ਵੱਖਰੀ ਗੱਲ ਹੈ ਕਿ ਪਾਤਰ ਦਾ ਕੋਈ ਇਕ ਪਸਾਰ ਰਚਨਾ ਵਿਚੋਂ ਤੀਖਣ ਰੂਪ ਵਿਚ ਪ੍ਰਗਟ ਹੋ ਜਾਏ, ਭਾਵ ਪੇਸ਼ ਪਾਤਰ ਦੀਆਂ ਬਹੁ-ਵਿਸ਼ੇਸ਼ਤਾਈਆਂ ਵਿਚੋਂ ਕੋਈ ਇਕ-ਅੱਧ ਸਿਖਰ ਬਿੰਦੂ ਵਾਂਗ ਦਿਖਾਈ ਦੇ ਜਾਵੇ। ਪਰੰਤੂ ਪਾਤਰ ਦੇ ਸਮੁੱਚੇ ਵਿਅਕਤੀਤਵ ਦਾ ਉਭਰਨਾ ਮਿੰਨੀ ਕਹਾਣੀ ਵਿਚ ਕਦੇ ਵੀ ਸੰਭਵ ਨਹੀਂ।
ਜਿਵੇਂ ਆਧੁਨਿਕ ਨਿੱਕੀ ਕਹਾਣੀ, ਨਾਵਲ ਦਾ ਸੰਖੇਪ ਰੂਪ ਜਾਂ ਸਾਰ ਨਹੀਂ ਹੈ। ਉਸੇ ਤਰ੍ਹਾਂ ਮਿੰਨੀ ਕਹਾਣੀ ਵੀ ਆਧੁਨਿਕ ਨਿੱਕੀ ਕਹਾਣੀ ਦਾ ਸੰਖੇਪ ਰੂਪ ਨਹੀਂ ਹੈ। ਇਹ ਠੀਕ ਹੈ ਕਿ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀ ਵਿਚ ਕੁਝ ਸਮਾਨਤਾਵਾਂ ਹਨ। ਚੰਗੀ ਮਿੰਨੀ ਕਹਾਣੀ ਦੀ ਪਿੱਠ-ਭੂਮੀ ਵੀ ਹੁੰਦੀ ਹੈ। ਉਸ ਵਿਚ ਵਾਤਾਵਰਣ ਵੀ ਸਿਰਜਿਆ ਹੁੰਦਾ ਹੈ ਅਤੇ ਚੁਸਤ ਵਾਰਤਾਲਾਪ ਤੇ ਵਾਕ ਬਣਤਰ ਵੀ ਹੁੰਦੀ ਹੈ। ਵਾਤਾਵਰਣ ਚਿਤ੍ਰਣ ਹੁੰਦਾ ਤਾਂ ਨਾਂ ਮਾਤਰ ਹੀ ਹੈ। ਇਸ ਲਈ ਵਾਤਾਵਰਣ ਚਿਤ੍ਰਣ ਅਤੇ ਜੀਵਨ ਦੇ ਕਿਸੇ ਇਕ ਪਾਸਾਰ ਦੀ ਵੀ ਵਿਆਖਿਆ ਦੀ ਬਹੁਤ ਹੀ ਘੱਟ ਸੰਭਾਵਨਾ ਹੋਣ ਕਰਕੇ ਭਾਵਾਂ ਦੇ ਪ੍ਰਗਟਾਵੇ ਲਈ ਅਰਥ ਯੁਕਤ ਸ਼ਬਦਾਵਲੀ, ਵਾਰਤਾਲਾਪ, ਮੁਹਾਵਰੇ, ਅਖਾਣਾਂ ਅਤੇ ਚੁਸਤ ਤੇਜ਼ ਸ਼ੈਲੀ ਦੀ ਵਰਤੋਂ ਲਾਜ਼ਮੀ ਹੈ। ਪ੍ਰਤੀਕਾਂ ਤੇ ਸੰਕੇਤਾਂ ਦੀ ਮਦਦ ਨਾਲ ਕਈ ਵਾਰ ਮਿੰਨੀ ਕਹਾਣੀ ਦਾ ਅੰਤ ਭੇਤਪੂਰਣ ਅਤੇ ਕਲਾਤਮਕ ਬਣਾਇਆ ਜਾਂਦਾ ਹੈ। ਮਿੰਨੀ ਕਹਾਣੀ ਵਿਚ ਨਿੱਕੀ ਕਹਾਣੀ ਵਾਂਗ ਪਾਠਕਾਂ ਦੀ ਦਿਲਚਸਪੀ, ਰੁਚੀ, ਉਤਸੁਕਤਾ ਅਤੇ ਜਗਿਆਸਾ ਆਦਿ ਬਣੀ ਰਹਿਣੀ ਚਾਹੀਦੀ ਹੈ। ਇਸ ਲਈ ਮਿੰਨੀ ਕਹਾਣੀ ਵਿਚ ‘ਕਹਾਣੀ’, ‘ਕਹਾਣੀ ਅੰਸ਼’ ਜਾਂ ‘ਕਹਾਣੀ ਰਸ’ ਜ਼ਰੂਰ ਰਹਿਣਾ ਚਾਹੀਦਾ ਹੈ। ਮਿੰਨੀ ਕਹਾਣੀ ਵਿਚ ਗੋਂਦ, ਰਵਾਨੀ, ਮੱਧ ਵਿਚ ਵਿਸ਼ੇਸ਼ ਮੋੜ, ਟੁੰਬਵਾਂ ਕਲਾਤਮਕ ਅੰਤ ਅਤੇ ਕਹਾਣੀ ਰਸ ਆਦਿ ਜ਼ਰੂਰੀ ਅੰਗ ਹਨ।
ਮਿੰਨੀ ਕਹਾਣੀ ਉਸ ਛਿਣ ਦਾ ਕਲਾਤਮਕ ਚਿਤ੍ਰਣ ਹੈ ਜਿਸ ਵਿਚ ਜ਼ਿੰਦਗੀ ਦੇ ਡੂੰਘੇ ਅਰਥ ਛੁਪੇ ਹੋਏ ਹਨ, ਪਰੰਤੂ ਜਿਸ ਦੀ ਕਲਾਤਮਕ ਪੇਸ਼ਕਾਰੀ ਵਿਚ ਕੁਝ ਵੀ ਅਸਪਸ਼ਟ ਤੇ ਲੁਕਵਾਂ ਨਹੀਂ ਅਤੇ ਜਿਹੜਾ ਕਿਸੇ ਵਿਆਖਿਆ, ਵਿਸਥਾਰ ਜਾਂ ਵਿਸ਼ਲੇਸ਼ਣ ਦੀ ਮੰਗ ਨਹੀਂ ਕਰਦਾ। ਉਹ ਰਚਨਾ ਹੀ ਸਫਲ ਮਿੰਨੀ ਕਹਾਣੀ ਮੰਨੀ ਜਾ ਸਕਦੀ ਹੈ ਜਿਸ ਵਿਚ ਅੱਖਰ ਦਾ ਵਾਧਾ ਘਾਟਾ ਸੰਭਵ ਨਹੀਂ ਹੁੰਦਾ।
ਇਹ ਸਪੱਸ਼ਟ ਹੈ ਕਿ ਮਿੰਨੀ ਕਹਾਣੀ ਪੂੰਜੀਵਾਦੀ ਵਿਵਸਥਾ ਦੀ ਭੱਜ-ਦੌੜ ਅਤੇ ਵਿਹਲ ਘੱਟ ਜਾਣ ਦੇ ਨਤੀਜੇ ਵੱਜੋਂ ਹੋਂਦ ਵਿਚ ਨਹੀਂ ਆਉਂਦੀ, ਸਗੋਂ ਜਟਿਲ ਰਾਜਨੀਤਕ-ਸਮਾਜਕ ਯਥਾਰਥ ਅਤੇ ਵਿਅਕਤੀ ਉੱਪਰ ਇਸ ਦੇ ਪਏ ਪ੍ਰਭਾਵਾਂ ਕਾਰਨ ਹੋਂਦ ਵਿਚ ਆਉਂਦੀ ਹੈ। ਮਿੰਨੀ ਕਹਾਣੀ ਦਾ ਵਿਕਾਸ ਸਮੂਹਿਕ ਬੁੱਧੀ ਵਿਕਾਸ ਨਾਲ ਨੇੜਲਾ ਅਤੇ ਸਿੱਧਾ ਅਨੁਪਾਤਕ ਸੰਬੰਧ ਵੀ ਰੱਖਦਾ ਹੈ। ਇਸ ਲਈ ਇਹ ਵਿਧਾ ਗੰਭੀਰ ਵਿਸ਼ਿਆਂ ਅਤੇ ਗੁੰਝਲਦਾਰ ਸਮੱਸਿਆਵਾਂ ਭਾਵ ਜਟਿਲ ਯਥਾਰਥ ਨੂੰ ਪੇਸ਼ ਕਰਨ ਦੇ ਸਮਰੱਥ ਹੈ। ਕੁਝ ਮਿੰਨੀ ਕਹਾਣੀ ਲੇਖਕ ਇਸ ਤਰ੍ਹਾਂ ਸੋਚਦੇ ਹਨ ਕਿ ਮਿੰਨੀ ਕਹਾਣੀ ਸਾਹਿਤ ਦਾ ਬਹੁਤ ਹੀ ਸੂਖਮ ਰੂਪ ਹੈ। ਇਸ ਲਈ ਇਸ ਵਿਚ ਜੀਵਨ ਦੀ ਜਟਿਲਤਾ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਕੀ ਸੂਖਮਤਾ ਅਤੇ ਜਟਿਲਤਾ ਵਿਰੋਧੀ ਸੰਕਲਪ ਹਨ? ਨਹੀਂ। ਅਸਲ ਵਿਚ ਕਹਿਣਾ ਇਹ ਚਾਹੀਦਾ ਹੈ ਕਿ ਹਰ ਮਿੰਨੀ ਕਹਾਣੀ ਲੇਖਕ ਹਰ ਵਿਸ਼ੇ ਨੂੰ ਮਿੰਨੀ ਕਹਾਣੀ ਵਿਚ ਸਫਲਤਾ ਸਹਿਤ ਨਹੀਂ ਢਾਲ ਸਕਦਾ। ਮਿੰਨੀ ਕਹਾਣੀ ਵਿਚ ਵਿਸ਼ਿਆਂ ਦੀ ਨਵੀਨਤਾ ਚਾਹੀਦੀ ਹੈ। ਹੁਣ ਵਾਲਾ, ਕੁਝ ਵਿਸ਼ਿਆਂ ਦਾ ਦੁਹਰਾਉ ਅਤੇ ਉਹ ਵੀ ਉਸੇ ਢੰਗ ਨਾਲ, ਛੱਡਣਾ ਪਵੇਗਾ। ਸਮਾਜਕ ਕੁਰੀਤੀਆਂ, ਧਾਰਮਿਕ ਪਾਖੰਡ ਤੇ ਕਰਮ-ਕਾਂਡ, ਪੁਲਿਸ ਦਾ ਵਿਵਹਾਰ, ਰਾਜਨੀਤਕ ਤੇ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਰੂੜੀਵਾਦ, ਵਿਵਹਾਰ ਦਾ ਦੋਗਲਾਪਨ, ਆਰਥਿਕ-ਸਮਾਜਕ ਸ਼ੋਸ਼ਣ ਆਦਿ ਵਿਸ਼ਿਆਂ ਦਾ ਦੁਹਰਾਉ ਪੇਸ਼ ਯਥਾਰਥ ਦੇ ਅਨੁਰੂਪ ਹੈ। ਜੇਕਰ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ ਤਾਂ ਦੁਹਰਾਉ ਲਾਜ਼ਮੀ ਆਵੇਗਾ। ਇਹ ਦੁਹਰਾਉ ਰੜਕਦਾ ਨਹੀਂ ਹੈ। ਪਰੰਤੂ ਅਤੀ ਸਰਲਤਾ, ਸਤਹੀ ਅਤੇ ਪੁਰਾਣੇ ਘਿਸੇ-ਪਿਟੇ ਢੰਗ ਨਾਲ ਇਹਨਾਂ ਵਿਸ਼ਿਆਂ ਦੀ ਵਾਰ ਵਾਰ ਪੇਸ਼ਕਾਰੀ ਜ਼ਰੂਰ ਅੱਖਰਦੀ ਹੈ। ਪੁਨਰ ਸਿਰਜਣਾਤਮਕਤਾ ਅਤੇ ਨਿਵੇਕਲੀ ਸ਼ੈਲੀ ਦੁਹਰਾਉ ਨੂੰ ਸਾਰਥਕਤਾ ਪ੍ਰਦਾਨ ਕਰ ਸਕਦੀ ਹੈ।
-0-

No comments: