September 26, 2009

ਮਿੰਨੀ ਕਹਾਣੀ ਨੂੰ ਸਹੀ ਪਰਿਪੇਖ ਵਿਚ ਸਮਝਣ ਦੀ ਲੋੜ





ਡਾ. ਸ਼ਿਆਮ ਸੁੰਦਰ ਦੀਪਤੀ

ਮਿੰਨੀ ਕਹਾਣੀ ਵਿਧਾ ਬਾਰੇ ਪਿਛਲੇ ਚਾਰ ਦਹਾਕਿਆਂ ਤੋਂ ਗੱਲ ਤਾਂ ਚੱਲ ਰਹੀ ਹੈ, ਪਰ ਤਕਰੀਬਨ ਇਕ ਦਹਾਕੇ ਤੋਂ ਇਸ ਗੱਲਬਾਤ ਨੇ ਕੁਝ ਗਤੀ ਫੜੀ ਹੈ। ਲੇਖਣ ਪਰਕ੍ਰਿਆ ਵਿਚ ਸੁਧਾਰ ਆਇਆ ਹੈ ਅਤੇ ਕੁਝ ਆਲੋਚਨਾਤਮਕ ਕਾਰਜ ਵੀ ਹੋਇਆ ਹੈ।
ਮਿੰਨੀ ਕਹਾਣੀ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵਿੱਚੋਂ, ਇਕ ਵੱਡੀ ਚੁਣੌਤੀ ਇਸ ਦਾ ਰੂਪਕ ਪੱਖ ਹੈ। ਮਿੰਨੀ ਕਹਾਣੀ ਵਿਚ ਜਦੋਂ ਵੀ ਆਲੋਚਨਾਤਮਕ ਵਿਸ਼ਲੇਸ਼ਨ ਹੁੰਦਾ ਹੈ, ਉਹ ਵਿਸ਼ਿਆਂ ਨੂੰ ਲੈ ਕੇ ਜ਼ਿਆਦਾ ਹੁੰਦਾ ਹੈ। ਵਿਸ਼ੇ ਦੀ ਆਲੋਚਨਾ ਤੋਂ ਭਾਵ ਹੁੰਦਾ ਹੈ ਕਿ ਜੋ ਵੀ ਸਮਾਜਿਕ ਪਹਿਲੂ ਉਭਾਰਿਆ ਗਿਆ ਹੈ, ਉਹ ਪੂਰੀ ਸਪਸ਼ਟਤਾ ਨਾਲ ਪੇਸ਼ ਹੋਇਆ ਹੈ ਜਾਂ ਕਹੀਏ ਲੇਖਕ ਜੋ ਕਹਿਣਾ ਚਾਹੁੰਦਾ ਹੈ, ਉਹਨਾਂ ਅਰਥਾਂ ਅਤੇ ਭਾਵਾਂ ਵਿਚ ਕੀ ਉਹ ਪਾਠਕਾਂ ਤਕ ਪਹੁੰਚ ਗਿਆ ਹੈ। ਵਿਚਾਰਾਂ ਦੇ ਪ੍ਰਗਟਾਵੇ ਵਿਚ ਅਸਪਸ਼ਟਤਾ ਜਾਂ ਵਿਰੋਧੀ ਪ੍ਰਭਾਵ ਤਾਂ ਨਹੀਂ। ਪਰ ਜਦੋਂ ਅਸੀਂ ਵਿਧਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਮਹੱਤਵਪੂਰਨ ਹੈ–ਰੂਪ। ਵਿਚਾਰਾਂ ਨੂੰ ਪੇਸ਼ ਕਰਨ ਅਤੇ ਲੋਕਾਂ ਤਕ ਪਹੁੰਚਾਉਣ ਦੇ ਤਾਂ ਕਈ ਮਾਧਿਅਮ ਹਨ, ਜਿਵੇਂ ਕਵਿਤਾ, ਲੇਖ, ਕਹਾਣੀ, ਨਾਟਕ, ਸੰਸਮਰਣ ਆਦਿ। ਜਦੋਂ ਕੋਈ ਵਿਧਾ-ਵਿਸ਼ੇਸ਼ ਨਾਲ ਜੁੜਦਾ ਹੈ ਤਾਂ ਉਸ ਦਾ ਮੰਤਵ ਹੁੰਦਾ ਹੈ ਕਿ ਵਿਧਾ ਦੇ ਨਵੇਕਲੇ ਗੁਣਾਂ ਨੂੰ ਪਛਾਣਿਆ, ਉਭਾਰਿਆ ਅਤੇ ਪ੍ਰਚਾਰਿਆ ਜਾਵੇ। ਮਿੰਨੀ ਕਹਾਣੀ ਵਿਧਾ ਲਈ ਇਹ ਇਸ ਲਈ ਮਹੱਤਵਪੂਰਨ ਹੈ ਕਿ ਇਹ ਇਕ ਪਾਸੇ, ਕਹਾਣੀ ਅੰਸ਼ ਹੋਣ ਦੇ ਕਾਰਨ ਨਿੱਕੀ ਕਹਾਣੀ ਨਾਲ ਰਲਦੀ ਹੈ ਤੇ ਦੂਸਰੇ ਪਾਸੇ ਆਕਾਰ ਦੇ ਪੱਖ ਤੋਂ ਮਿੰਨੀ ਰਚਨਾਵਾਂ ਨਾਲ ਜੁੜਨ ਦੇ ਭੁਲੇਖੇ ਦਾ ਸ਼ਿਕਾਰ ਹੁੰਦੀ ਹੈ, ਜਿਵੇਂ ਵਿਚਾਰਕ ਟੋਟਕੇ ਤੇ ਲੇਖ, ਨੈਤਿਕ ਕਥਾਵਾਂ, ਲੋਕ ਕਥਾਵਾਂ, ਮਿਥਿਹਾਸਕ ਕਥਾਵਾਂ, ਜਨਮ ਸਾਖੀਆਂ ਅਤੇ ਇੱਥੋਂ ਤਕ ਕਿ ਚੁਟਕਲੇ ਵੀ।
ਪਿਛਲੇ ਦੋ ਕੁ ਸਾਲਾਂ ਦੌਰਾਨ ਮੁੰਸ਼ੀ ਪ੍ਰੇਮਚੰਦ, ਸਆਦਤ ਹਸਨ ਮੰਟੋ, ਖਲੀਲ ਜਿਬ੍ਰਾਨ ਦੀਆਂ ਮਿੰਨੀ ਰਚਨਾਵਾਂ ਨੂੰ ਲੈ ਕੇ ਪੁਸਤਕ ਸੰਪਾਦਿਤ ਕਰਨ ਦਾ ਮੰਤਵ ਵੀ ਇਹੋ ਸੀ ਕਿ ਉਹਨਾਂ ਨੇ ਜੋ ਮਿੰਨੀ ਰਚਨਾਵਾਂ ਲਿਖੀਆਂ ਹਨ ( ਜੋ ਕਿ ਮਿੰਨੀ ਕਹਾਣੀ ਦੇ ਰੂਪਕ ਪੱਖ ਦੇ ਨੇੜੇ ਹਨ), ਉਹਨਾਂ ਵਿੱਚੋਂ ਚੰਗੇ ਗੁਣਾਂ ਦੀ ਪਛਾਣ ਕੀਤੀ ਜਾਵੇ। ਵੱਡੀਆਂ ਕਹਾਣੀਆਂ ਤੇ ਨਾਵਲ ਲਿਖਣ ਵਾਲੇ ਇਹਨਾਂ ਲੇਖਕਾਂ ਵੱਲੋਂ ਛੋਟੇ ਆਕਾਰ ਦੀ ਰਚਨਾ ਲਿਖਣਾ, ਇਕ ਗੱਲ ਤਾਂ ਸਪੱਸ਼ਟ ਕਰਦਾ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਘਟਨਾ, ਕੋਈ ਪਲ ਜਾਂ ਗੱਲ ਅਜਿਹੀ ਹੈ ਜਿਸ ਨੂੰ ਕਿਹਾ ਜਾਣਾ ਵੀ ਜ਼ਰੂਰੀ ਹੈ ਤੇ ਨਾਲ ਹੀ ਇਹ ਵੀ ਜ਼ਰੂਰੀ ਨਹੀਂ ਕਿ ਸੱਤ-ਅੱਠ ਸਫ਼ੇ ਲਿਖੇ ਜਾਣ। ਜੇ ਉਹ ਮਹੱਤਵਪੂਰਨ ਗੱਲ ਇਕ ਅੱਧੇ ਸਫ਼ੇ ਵਿਚ ਹੀ ਸੰਪੂਰਨ ਵਜੂਦ ਵਿਚ ਆ ਜਾਂਦੀ ਹੈ ਤਾਂ ਬਹੁਤਾ ਖਿਲਾਰਾ ਨਾ ਪਾਇਆ ਜਾਵੇ। ਇਹ ਗੱਲ ਦਰੁਸਤ ਹੈ ਕਿ ਇਹਨਾਂ ਲੇਖਕਾਂ ਨੇ ਮਿੰਨੀ ਕਹਾਣੀ/ਲਘੂਕਥਾ ਸਿਰਲੇਖ ਹੇਠ ਰਚਨਾਵਾਂ ਨਹੀਂ ਲਿਖੀਆਂ, ਤੇ ਬਾਦ ਵਿਚ ਆਕਾਰ ਨੂੰ ਮੁੱਖ ਰਖਦਿਆਂ ਇਹਨਾਂ ਰਚਨਾਵਾਂ ਨੂੰ ਇਹ ਸਿਰਲੇਖ ਮਿਲ ਗਿਆ। ਪਰ ਇਕ ਵਿਧਾ ਦੇ ਤੌਰ ’ਤ ਅਪਨਾਉਣ ਤੋਂ ਬਾਦ, ਇਸ ਵਿਧਾ ਦੇ ਲੇਖਕਾਂ ਨੇ ਹੋਰ ਗੁਣ ਤਲਾਸ਼ੇ ਅਤੇ ਉਸ ਦੇ ਆਧਾਰ ’ਤੇ ਰਚਨਾ ਪਰਕ੍ਰਿਆ ਨੂੰ ਨਿਖਾਰਿਆ।
ਵਡੇ ਆਕਾਰ ਦੀਆਂ ਰਚਨਾਵਾਂ ਲਿਖਣ ਵਾਲੇ ਲੇਖਕਾਂ ਨੇ ਜਦੋਂ ਛੋਟੇ ਆਕਾਰ ਦੀਆਂ ਰਚਨਾਵਾਂ ਲਿਖੀਆਂ, ਭਾਵੇਂ ਵਿਧਾ-ਵਿਸ਼ੇਸ਼ ਦੇ ਬੰਧਨ ਤਹਿਤ ਨਹੀਂ, ਪਰ ਇਸ ਨਾਲ ਇਕ ਗੱਲ ਉਭਰਦੀ ਹੈ ਕਿ ਮਿੰਨੀ ਕਹਾਣੀ/ਲਘੂਕਥਾ ਲਈ ਘਟਨਾ ਦੀ ਚੋਣ ਹੀ ਮੁੱਖ ਵਿਸ਼ੇਸ਼ਤਾ ਹੈ ਜੋ ਮਿੰਨੀ ਕਹਾਣੀ ਬਣਦੀ-ਬੁਣਦੀ ਹੈ। ਇਸ ਨੂੰ ਆਪਾਂ ਪਲਾਟ ਅਤੇ ਕਥਾਨਕ ਵੀ ਕਹਿੰਦੇ ਹਾਂ। ਘਟਨਾ ਦੀ ਸਹੀ ਚੋਣ ਹੀ ਰਚਨਾ ਦੇ ਆਕਾਰ ਨੂੰ ਖੁਦ ਬੰਧੇਜ ਵਿਚ ਲਿਆ ਦਿੰਦੀ ਹੈ। ਫਿਰ ਸਾਨੂੰ ਸ਼ਬਦ ਸੀਮਾ ਜਾਂ ਰਚਨਾ ਦੀ ਲੰਬਾਈ ਵਰਗੇ ਮਸ਼ੀਨੀ ਪੈਮਾਨੇ ਤੇ ਨਿਰਭਰ ਨਹੀਂ ਰਹਿਣਾ ਪੈਂਦਾ।
ਘਟਨਾ ਦੀ ਚੋਣ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਇਕ ਪਲ ਦੀ ਘਟਨਾ ਨੂੰ ਲੈ ਕੇ ਮਿੰਨੀ ਕਹਾਣੀ ਲਿਖਣ ਬਾਰੇ ਅਕਸਰ ਜ਼ਿਕਰ ਹੁੰਦਾ ਹੈ। ਇਸ ਦੇ ਨਾਲ ਹੀ ਮਿੰਨੀ ਕਹਾਣੀ ਦੀ ਤਾਕਤ ਦਾ ਜ਼ਿਕਰ ਕਰਦੇ ਹੋਏ, ਇਸ ਵਿਚ ਜ਼ਿਆਦਾ ਘਟਨਾਵਾਂ ਨਾ ਸਹਿ ਸਕਣ ਦੀ ਗੱਲ ਵੀ ਆਉਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਮਿੰਨੀ ਕਹਾਣੀ ਵਿਚ ਇੱਕੋ ਘਟਨਾ ਹੋਵੇ ਜਾਂ ਇਸ ਨੂੰ ਸਮੇਂ ਦੇ ਪਰਿਪੇਖ ਵਿਚ ਫੈਲਾ ਕੇ ਦੱਸਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਇਕ ਦੋ ਦਿਨ ਤਕ ਫੈਲੀ ਹੋਵੇ, ਨਾ ਕਿ ਸਾਲਾਂ ਵਿਚ। ਸਮੇਂ ਦੇ ਇਸ ਫੈਲਾ ਨੂੰ ਵੀ ਮੈਂ ਸਮਝਦਾ ਹਾਂ ਕਿ ਕਥਾਨਕ ਦੀ ਚੋਣ ਵਾਂਗ ਹੱਲ ਕਰਨ ਦੀ ਲੋੜ ਹੈ। ਜਿਵੇਂ ਇਹ ਸਪਸ਼ਟ ਹੋਇਆ ਹੈ ਕਿ ਜੇਕਰ ਘਟਨਾ ਦੀ ਚੋਣ (ਕਥਾਨਕ) ਸਹੀ ਹੋਵੇਗੀ ਤਾਂ ਉਸ ਦਾ ਆਕਾਰ ਮਿੰਨੀ ਹੀ ਰਹੇਗਾ, ਉਸੇ ਤਰ੍ਹਾਂ ਜੇਕਰ ਅਸੀਂ ਇਕ ਜਾਂ ਦੋ ਘਟਨਾਵਾਂ ਜਾਂ ਇਕ ਜਾਂ ਦੋ ਦਿਨ ਵਿਚ ਫੈਲੀਆਂ ਘਟਨਾਵਾਂ ਦੀ ਥਾਂ ਇਕਹਰੀ ਘਟਨਾ ਦੀ ਗੱਲ ਕਰੀਏ ਤਾਂ ਸਥਿਤੀ ਸਪਸ਼ਟ ਹੋ ਸਕਦੀ ਹੈ। ਇਕਹਰੀ ਘਟਨਾ ਤੋਂ ਭਾਵ ਹੈ ਘਟਨਾਵਾਂ ਭਾਵੇਂ ਦੋ ਜਾਂ ਚਾਰ ਹੋਣ, ਘਟਨਾਵਾਂ ਦਾ ਅੰਤਰਾਲ ਭਾਵੇਂ ਜੋ ਮਰਜੀ ਹੋਵੇ, ਪਰ ਉਹ ਘਟਨਾਵਾਂ ਮੁੱਖ ਬਿਰਤਾਂਤਕ ਘਟਨਾ ਦਾ ਅਨਿੱਖੜਵਾਂ ਹਿੱਸਾ ਜਾਪਣ। ਇਸ ਤਰ੍ਹਾਂ ਨਾ ਲੱਗੇ ਕਿ ਘਟਨਾਵਾਂ ਨੂੰ ਸਾਰ-ਰੂਪ ਵਿਚ ਘੜਮਸ ਕੀਤਾ ਗਿਆ ਹੈ ਜਾਂ ਉਹਨਾਂ ਵਿਚ ਕੋਈ ਖੱਪਾ ਹੈ। ਕਹਿਣ ਤੋਂ ਭਾਵ ਹੈ ਕਿ ਘਟਨਾਵਾਂ ਵਿਚ ਗਤੀਰੋਧ ਨਾ ਹੋਵੇ, ਇਕ ਸਹਿਜ ਲਗਾਤਾਰਤਾ ਹੋਵੇ।
ਰੂਪਕ ਪੱਖ ਤੋਂ ਇਕ ਹੋਰ ਅਹਿਮ ਭੰਬਲਭੂਸਾ ਜੋ ਇਸ ਸਮੇਂ ਦੌਰਾਨ ਕਾਫੀ ਘੱਟ ਤਾਂ ਹੋਇਆ ਹੈ, ਪਰ ਫਿਰ ਵੀ ਸਥਿਤੀ ਇਸ ਪਹਿਲੂ ਤੋਂ ਹੋਰ ਸਪੱਸ਼ਟਤਾ ਦੀ ਮੰਗ ਕਰਦੀ ਹੈ।
ਮਿੰਨੀ ਕਹਾਣੀ ਜਦੋਂ ਸਾਹਿਤ ਦੀ ਵਿਧਾ ਵੱਜੋਂ ਪ੍ਰਵਾਨ ਹੋਈ ਵੰਨਗੀ ਹੈ ਤਾਂ ਇਸ ਬਾਰੇ ਸਾਹਿਤਕ ਦੋਸਤਾਂ ਨੂੰ ਜ਼ਰੂਰ ਗਿਆਨ ਹੋਵੇ ਕਿ ਸਾਹਿਤ ਦੀ ਮੰਗ ਕੀ ਹੁੰਦੀ ਹੈ। ਜਾਂ ਹੋਰ ਸਪੱਸ਼ਟ ਸ਼ਬਦਾਂ ਨਾਲ ਕਹੀਏ ਕਿ ਮਿੰਨੀ ਕਹਾਣੀ ਇਕ ਸਾਹਿਤਕ ਵਿਧਾ ਵੱਜੋਂ ਹੋਰ ਮਿੰਨੀ ਰਚਨਾਵਾਂ ਦੀਆਂ ਵੰਨਗੀਆਂ, ਜਿਵੇਂ ਵਿਚਾਰਕ ਟੋਟਕੇ, ਨੀਤੀ ਕਥਾਵਾਂ, ਮਿਥਿਹਾਸਕ ਕਥਾਵਾਂ ਤੋਂ ਕਿਵੇਂ ਵੱਖਰੀ ਹੈ? ਪਾਠਕਾਂ ਨੂੰ ਤਾਂ ਵਿਚਾਰਾਂ ਦੇ ਪ੍ਰਵਾਹ ਨਾਲ ਵਾਸਤਾ ਹੁੰਦਾ ਹੈ, ਪਰ ਇਕ ਸਾਹਿਤਕ ਵਿਧਾ ਨਾਲ ਜੁੜੇ ਹੋਏ ਲੇਖਕ ਨੂੰ ਇਹਨਾਂ ਪ੍ਰਤੀ ਜ਼ਰੂਰ ਸੁਚੇਤ ਹੋਣਾ ਚਾਹੀਦਾ ਹੈ।
ਜਦੋਂ ਇਕ ਪਾਠਕ ਜਾਂ ਸਰੋਤਾ ਇਕ ਰਚਨਾ ਪੜ੍ਹ-ਮਾਣ ਕੇ ਇਹ ਕਹਿੰਦਾ ਹੈ ਕਿ ਅਜਿਹੇ ਚੁਟਕਲੇ ਤਾਂ ਮੈਂ ਵੀ ਸੁਣਾ ਸਕਦਾ ਹਾਂ, ਤਾਂ ਇਕ ਪਾਸੇ ਉਹ ਆਪਣੀ ਸਮਰਥਾ ਦਾ ਇਜ਼ਹਾਰ ਕਰ ਰਿਹਾ ਹੁੰਦਾ ਹੈ ਤੇ ਦੂਸਰਾ ਮਿੰਨੀ ਕਹਾਣੀ ਵਿਧਾ ਪ੍ਰਤੀ ਲੇਖਕ ਦੀ ਸਮਝ ਤੇ ਵੀ ਕਿੰਤੂ ਕਰ ਰਿਹਾ ਹੁੰਦਾ ਹੈ।
ਸਾਹਿਤਕ ਵਿਧਾ ਹੋਣ ਦੇ ਨਾਤੇ, ਰਚਨਾ ਵਿਚ ਸਮਾਜ ਦੇ ਹੂਬਹੂ ਪਾਤਰ, ਉਹਨਾਂ ਦੇ ਉਹੀ ਨਾਂ, ਕੱਦ ਕਾਠ, ਕਪੜੇ, ਘਰ-ਬਾਰ, ਕੰਮ ਦੀ ਥਾਂ ਆਦਿ ਦਾ ਜ਼ਿਕਰ ਹੋਵੇ। ਮਕਸਦ ਹੈ, ਪਾਠਕਾਂ ਨੂੰ ਜਾਪੇ ਕਿ ਉਸ ਦਾ ਹੀ ਆਲਾ-ਦੁਆਲਾ ਉਸਾਰਿਆ ਗਿਆ ਹੈ। ਉਹ ਜਾਂ ਉਸ ਵਰਗੇ ਪਾਤਰ ਉਸ ਦੀ ਹੀ ਬੋਲੀ ਬੋਲ ਰਹੇ ਹਨ। ਜਦੋਂ ਪੰਚਤੰਤਰ ਜਾਂ ਹਿਤੋਪਦੇਸ਼ ਦੀਆਂ ਰਚਨਾਵਾਂ ਵਿਚ ਜਾਨਵਰ ਪਾਤਰਾਂ ਰਾਹੀਂ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਅਚੇਤ ਵਿਚ ਇਹ ਮਨੁੱਖੀ ਸੁਨੇਹੇ ਵਿਚ ਤਬਦੀਲ ਹੋਣ ਤੋਂ ਗੁਰੇਜ਼ ਕਰਦੇ ਹਨ। ਇਸੇ ਤਰ੍ਹਾਂ ਮਹਾਂਭਾਰਤ ਅਤੇ ਰਮਾਇਣ ਜਾਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਰਾਹੀਂ ਗੱਲ ਹੁੰਦੀ ਹੈ ਤਾਂ ਇਹ ਗੁਰੂਆਂ, ਪੀਰਾਂ, ਦੇਵਤਿਆਂ ਰਾਹੀਂ ਗੱਲ ਹੁੰਦੀ ਹੈ। ਆਮ ਵਿਅਕਤੀ ਇਹਨਾਂ ਕਥਾਵਾਂ ਨੂੰ ਸੁਣ ਕੇ ਅਸ਼-ਅਸ਼ ਜ਼ਰੂਰ ਕਰਦਾ ਹੈ, ਪਰ ਉਹਨਾਂ ਤੋਂ ਸੁਨੇਹਾ ਲੈਣ ਵਿਚ ਅੜਚਣ ਮਹਿਸੂਸ ਕਰਦਾ ਹੈ। ਇਹਨਾਂ ਕਥਾਵਾਂ ਦੇ ਪਾਤਰ ਉਸ ਨੂੰ ਰੱਬੀ, ਦੈਵੀ, ਅਦੁੱਤੀ ਲਗਦੇ ਹਨ ਤੇ ਉਹ ਆਪਣੇ ਆਪ ਨੂੰ ਨੀਵਾਂ, ਨਿਮਾਣਾ ਕਹਿ ਕੇ ਪਾਸੇ ਹੋ ਜਾਂਦਾ ਹੈ। ਆਮ ਸੁਣਿਆ ਜਾਂਦਾ ਹੈ– ਅਜਿਹੇ ਮਹਾਨ ਕਾਰਜ ਤਾਂ ਕੋਈ ਵਿਰਲਾ-ਟਾਵਾਂ ਹੀ ਕਰ ਸਕਦਾ ਹੈ, ਕਿਉਂ ਜੋ ਇਹਨਾਂ ਰਚਨਾਵਾਂ ਦੇ ਪਾਤਰ, ਆਮ ਪਾਠਕ ਨੂੰ ਸਮਾਜ ਵਿਚ ਵਿਚਰਦੇ ਨਹੀਂ ਜਾਪਦੇ ਤੇ ਉਹਨਾਂ ਦੇ ਕਾਰਜ ਵੀ ਉਸਨੂੰ ਅਲੌਕਿਕ ਜਾਪਦੇ ਹਨ।
ਸਮਾਜਿਕ ਸਰੋਕਾਰਾਂ ਤਹਿਤ ਸਮਾਜਿਕ ਰਚਨਾ ਵੀ ਸੁਨੇਹੇ ਤੋਂ ਵਾਂਝੀ ਨਹੀਂ ਹੁੰਦੀ, ਪਰ ਇਹ ਸੁਨੇਹਾ ਉਭਰਵਾਂ ਤੇ ਖੁੱਲ੍ਹਾ-ਡੁੱਲਾ ਨਹੀਂ ਹੁੰਦਾ। ਇਹ ਪਾਤਰਾਂ ਦੀ ਕਾਰਜ ਪਰਕ੍ਰਿਆ ਵਿੱਚੋਂ ਉਜਾਗਰ ਹੁੰਦਾ ਹੈ। ਸੁਨੇਹਾ ਰਚਨਾ ਵਿਚ ਲਿਸ਼ਕਾਰਾ ਮਾਰਦਾ ਹੈ। ਵੈਸੇ ਤਾਂ ਕੁਝ ਕੁ ਸਾਹਿਤਕ ਧਾਰਨਾਵਾਂ ਸਾਰੀਆਂ ਸਾਹਿਤਕ ਵੰਨਗੀਆਂ ਦੀਆਂ ਸਾਂਝੀਆਂ ਹੁੰਦੀਆਂ ਹਨ, ਜਿਵੇਂ–ਰਚਨਾ ਜਿੱਥੇ ਕਾਗਜ਼ ਉੱਤੇ ਮੁਕਦੀ ਹੈ, ਉਸ ਤੋਂ ਅੱਗੇ ਉਹ ਪਾਠਕ ਦੇ ਮਨ-ਮਸਤਕ ਵਿਚ ਤੁਰਨੀ ਚਾਹੀਦੀ ਹੈ। ਮਿੰਨੀ ਕਹਾਣੀ ਵਿਧਾ ਵਿਚ ਤਾਂ ਉਹੀ ਰਚਨਾ ਮਿਆਰੀ ਮੰਨੀ ਜਾਂਦੀ ਹੈ, ਜੋ ਰਚਨਾ ਅੰਤ ਉੱਤੇ ਕੁਝ ਅਣਕਿਹਾ ਛੱਡ ਦੇਵੇ ਤੇ ਪਾਠਕ ਉਸ ਅਣਕਹੇ ਨੂੰ ਤਲਾਸ਼ਦਾ ਰਹੇ।
ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਹਿ ਕੇ, ਜੋ ਸਮਾਜ ਵਿਚ ਵਾਪਰ ਰਿਹਾ ਹੈ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬਹੁਤੀਆਂ ਰਚਨਾਵਾਂ ਵਿਚ ਸਮੱਸਿਆਵਾਂ ਨੂੰ ਹੀ ਪੇਸ਼ ਕੀਤਾ ਜਾਂਦਾ ਹੈ। ਮਿੰਨੀ ਕਹਾਣੀ ਵਿਚ ਇਹ ਸਥਿਤੀ ਕੁਝ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਵੈਸੇ ਤਾਂ ਸਾਡੇ ਅਖਬਾਰ ਵੀ ਅਜਿਹਾ ਕਰ ਰਹੇ ਹਨ, ਪਰ ਸਾਹਿਤਕ ਰਚਨਾ ਨੂੰ ਅਖਬਾਰੀ ਘਟਨਾ-ਬਿਆਨ ਤੋਂ ਅੱਗੇ ਕੁਝ ਦਿਸ਼ਾ-ਨਿਰਦੇਸ਼ਕ ਵੀ ਹੋਣਾ ਚਾਹੀਦਾ ਹੈ। ਉਂਜ ਅਖਬਾਰ ਦੀ ਖ਼ਬਰ ਵੀ ਵਿਸ਼ਲੇਸ਼ਣਾਤਮਕ ਹੁੰਦੀ ਹੈ। ਚੰਗੀ ਲਿਖੀ ਖ਼ਬਰ ਵਿਚ ਪੱਤਰਕਾਰ ਵੀ ਹਾਜ਼ਰ ਹੁੰਦਾ ਹੈ। ਪਰ ਲੇਖਕੀ ਕ੍ਰਿਤ ਵਿਚ ਤਾਂ ਲੇਖਕ ਦਾ ਨਜ਼ਰੀਆ ਸ਼ਾਮਿਲ ਹੋਣਾ ਲਾਜ਼ਮੀ ਹੈ। ਹੂਬਹੂ ਘਟਨਾ ਬਿਆਨ ਕਰਦਿਆਂ ਵੀ ਬੁੱਧੀਮਾਨ ਲੇਖਕ ਆਪਣੀ ਗੱਲ ਕਰ ਜਾਂਦਾ ਹੈ। ਲੇਖਕ ਕੋਲ ਤਾਂ ਬਹੁਤ ਜ਼ਰੀਏ ਹੁੰਦੇ ਹਨ। ਪਾਤਰਾਂ ਦਾ ਵਾਰਤਾਲਾਪ ਉਸ ਨੇ ਸਿਰਜਣਾ ਹੁੰਦਾ ਹੈ, ਪਾਤਰ ਉਸਾਰੀ ਉਸ ਨੇ ਕਰਨੀ ਹੁੰਦੀ ਹੈ। ਇੱਥੋਂ ਤਕ ਕਿ ਵਾਤਾਵਰਨ ਦਾ ਬਿਆਨ ਕਰਦਿਆਂ ਵੀ ਉਹ ਆਪਣੀ ਨਜ਼ਰ ਤਹਿਤ ਕਈ ਕੁਝ ਬਿਆਨ ਕਰ ਸਕਦਾ ਹੈ।
ਆਮ ਤੌਰ ਤੇ ਲੇਖਕੀ ਪ੍ਰਵਿਰਤੀ ਇਹ ਹੈ ਕਿ ਉਸ ਨੇ ਰਾਹ ਨਹੀਂ ਦੱਸਣਾ ਹੁੰਦਾ। ਠੀਕ ਹੈ, ਲੇਖਕ ਭਾਵੇਂ ਰਾਹ ਨਾ ਦੱਸੇ, ਪਰ ਪਾਠਕ ਨੂੰ ਹੌਂਸਲਾ ਤਾਂ ਦੇਵੇ। ਅਖਬਾਰ ਦੇ ਪੰਨੇਂ ਰੋਜ਼ ਨਿਰਾਸ਼-ਉਦਾਸ ਕਰਦੇ ਹਨ। ਖੂਨ, ਜੰਗ, ਬਲਾਤਕਾਰ, ਖੁਦਕੁਸ਼ੀ…। ਕੀ ਸਾਹਿਤ ਵੀ ਨਿਰਾਸ਼ ਹੀ ਕਰੇ? ਰਾਹ ਨਾ ਦੱਸਣ ਦੀ ਸਥਿਤੀ ਮੰਨ ਲਵੋ ਕਿ ਅਜਿਹੀ ਹੈ ਕਿ ਹਰ ਸਮੱਸਿਆ ਦਾ ਸਿੱਧਾ-ਪੱਧਰਾ, ਘੜਿਆ-ਘੜਾਇਆ ਹੱਲ ਹੁੰਦਾ ਵੀ ਨਹੀਂ। ਪਰ ਲੇਖਕ ਇਹ ਤਾਂ ਆਭਾਸ ਕਰਵਾਏ ਕਿ ਸਥਿਤੀ ਹੂਬਹੂ ਨਹੀਂ ਰਹੇਗੀ। ਸਥਿਤੀ ਬਦਲ ਸਕਦੀ ਹੈ, ਇਹ ਅਸੰਭਵ ਕਾਰਜ ਨਹੀਂ ਹੈ। ਸਾਰਥਕ ਸੁਨੇਹਾ ਦਿੰਦੀਆ ਰਚਨਾਵਾਂ ਦੀ ਵੱਧ ਲੋੜ ਹੈ। ਸਾਹਿਤ ਦੀਆਂ ਕ੍ਰਿਤਾਂ ਹੋਰ ਵੰਨਗੀਆਂ ਦੇ ਮੁਕਾਬਲੇ ਜੇ ਅਜਿਹਾ ਕਰਨਗੀਆਂ ਤਾਂ ਲੋਕਾਂ ਨੂੰ ਵੱਧ ਪ੍ਰੇਰਨਾ ਮਿਲੇਗੀ।
ਮਿੰਨੀ ਕਹਾਣੀ ਵਿਚ ਵਿਸ਼ਿਆਂ ਦੀ ਚੋਣ ਅਤੇ ਉਹਨਾਂ ਦੇ ਨਿਭਾਅ ਨੂੰ ਲੈ ਕੇ ਵੀ ਇਸ ਵਿਧਾ ਨੂੰ ਨਾਜੁਕ ਵਿਧਾ ਕਹਿਣ ਦਾ ਰਿਵਾਜ ਜਿਹਾ ਰਿਹਾ ਹੈ। ਤੇ ਅੱਜ ਵੀ ਬਹੁਤ ਸਾਰੇ ਲੇਖਕਾਂ ਦੇ ਮਨਾਂ ਵਿਚ ਇਹ ਮੌਜੂਦ ਹੈ। ਇਹ ਗੱਲ ਵੱਖਰੀ ਹੈ ਕਿ ਸ਼ੁਰੂਆਤੀ ਦੌਰ ਤੋਂ ਹੁਣ ਤਕ ਕਾਫੀ ਸਕਾਰਾਤਮਕ ਅਤੇ ਗੁਣਾਤਮਕ ਤਬਦੀਲੀ ਆਈ ਹੈ। ਪਰ ਫਿਰ ਵੀ ਕਾਫੀ ਗਿਣਤੀ ਵਿਚ ਰਚਨਾਵਾਂ, ਉਸੇ ਸ਼ੁਰੂਆਤੀ ਦੌਰ ਦੀ ਝਲਕ ਦਿੰਦੀਆਂ ਹਨ। ਕਹਿਣੀ-ਕਰਨੀ ਵਿਚ ਫ਼ਰਕ, ਪੁਲਿਸ, ਰਾਜਨੀਤੀ-ਪ੍ਰਸ਼ਾਸਨ ਦਾ ਭ੍ਰਿਸ਼ਟਾਚਾਰ, ਮਨੁੱਖੀ ਮਨ ਦਾ ਦੋਗਲਾਪਨ ਆਦਿ ਬਾਰੇ ਰਚਨਾਵਾਂ ਅਜੇ ਵੀ ਲਿਖੀਆਂ ਜਾ ਰਹੀਆਂ ਹਨ। ਅਦਾਰਾ ਮਿੰਨੀ ਤ੍ਰੈਮਾਸਿਕ ਵੱਲੋਂ 1992 ਵਿਚ ਪਹਿਲਾ ਵਿਸ਼ੇਸ਼-ਅੰਕ ‘ਅਕਸ ਪੰਜਾਬ’ ਕੱਢਿਆ ਗਿਆ ਤੇ ਨਿਰੰਤਰ ਹਰ ਸਾਲ ਇਹ ਜਾਰੀ ਰਿਹਾ। ਵਹਿਮਾਂ-ਭਰਮਾਂ, ਨਾਰੀ ਦੀ ਸਥਿਤੀ, ਜ਼ਿੰਦਗੀ ਦੇ ਅੰਤਮ ਪਹਿਰ ਬਾਰੇ, ਸਮਾਜਕ ਨਾਬਰਾਬਰੀ ਬਾਰੇ ਵਿਸ਼ੇਸ਼-ਅੰਕ ਆਏ। ਭਾਵ ਇਹ ਕਿ ਕੋਈ ਵੀ ਵਿਸ਼ਾ ਅਜਿਹਾ ਨਹੀਂ ਜੋ ਮਿੰਨੀ ਕਹਾਣੀ ਵਿਧਾ ਲਈ ਵਰਜਿਤ ਹੋਵੇ। ਵਿਸ਼ੇ ਕਦੇ ਵੀ ਵਿਧਾ ਨਾਲ ਨਹੀਂ ਬੰਨ੍ਹੇ ਹੁੰਦੇ। ਜਿਵੇਂ ਸ਼ੁਰੂ ਸ਼ੁਰੂ ਵਿਚ ਪਰਿਵਾਰਕ ਰਿਸ਼ਤਿਆਂ ਅਤੇ ਮਨੋਵਿਗਿਆਨਕ ਪਹਿਲੂ ਦੀਆਂ ਮਿੰਨੀ ਕਹਾਣੀਆਂ ਨਹੀਂ ਸਨ ਮਿਲਦੀਆਂ ਤੇ ਅੱਜ ਇਹ ਕਿਹਾ ਜਾਂਦਾ ਹੈ ਕਿ ਵਿਸ਼ਵੀਕਰਨ, ਨਿਜੀਕਰਨ ਦੇ ਵਿਸ਼ੇ ’ਤੇ ਮਿੰਨੀ ਕਹਾਣੀਆਂ ਦੀ ਘਾਟ ਹੈ। ਦਰਅਸਲ ਸਮਾਜ ਦੀ ਤਬਦੀਲੀ ਦੇ ਦੌਰ ਵੇਲੇ, ਪਹਿਲਾ ਪੜਾਅ ਵਿਚਾਰਧਾਰਕ ਫੈਲਾਅ ਦਾ ਹੁੰਦਾ ਹੈ। ਜਿਵੇਂ ਬਜ਼ਾਰਵਾਦ ਆਇਆ ਹੈ। ਖਰੀਦ ਕਲਚਰ ਅਤੇ ਖਾਓ-ਪੀਓ-ਹੰਡਾਓ ਦੇ ਦੌਰ ਨੇ ਹੌਲੀ ਹੌਲੀ ਲੋਕਾਂ ਨੂੰ ਪ੍ਰਭਾਵਤ ਕਰਨਾ ਹੈ ਤੇ ਫੇਰ ਘਟਨਾਵਾਂ ਵਾਪਰਨਗੀਆਂ ਤੇ ਰਚਨਾਵਾਂ ਵੀ ਆਉਣਗੀਆਂ।
ਇਸ ਦੇ ਨਾਲ ਹੀ ਇਹ ਗੱਲ ਜੋੜਨਾ ਚਾਹਾਂਗਾ ਕਿ ਜਦੋਂ ਅਸੀਂ ਵਿਚਾਰਕ ਘੁਸਪੈਠ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਲੇਖਕ ਨੂੰ ਹੀ (ਜੋ ਕਿ ਆਪਣੇ ਆਪ ਨੂੰ ਬੁੱਧੀਜੀਵੀ ਕਹਿਕੇ ਸੰਬੋਧਿਤ ਕਰਦੇ ਅਤੇ ਹੁੰਦੇ ਹਨ) ਸਪਸ਼ਟ ਹੋਣ ਦੀ ਲੋੜ ਹੋਣੀ ਹੁੰਦੀ ਹੈ। ਸਾਹਿਤਕਾਰ ਨੂੰ ਅਰਥ ਸ਼ਾਸ਼ਤਰ, ਰਾਜਨੀਤੀ, ਮਨੋਵਿਗਿਆਨ ਅਤੇ ਦਰਸ਼ਨ ਬਾਰੇ ਲੈਸ ਹੋਣਾ ਚਾਹੀਦਾ ਹੈ। ਦਰਅਸਲ ਇਹ ਲੇਖਣ ਦੇ ਹਥਿਆਰ ਹਨ। ਪਰ ਹੁੰਦਾ ਇਸ ਦੇ ਉਲਟ ਹੈ ਕਿ ਲੇਖਕ ਆਪਣੇ ਲੇਖਣ ਨੂੰ ਰੱਬੀ ਦਾਤ ਜਾਂ ਦੈਵੀ ਸ਼ਕਤੀ ਸਮਝਦਾ ਹੈ ਤੇ ਕੁਝ ਹੋਰ ਗ੍ਰਹਿਣ ਕਰਨ ਤੋਂ ਪਰਹੇਜ ਹੀ ਕਰਦਾ ਹੈ। ਮਿੰਨੀ ਕਹਾਣੀ ਲੇਖਕ ਇਸ ਦਿਸ਼ਾ ਵਿਚ ਸਭ ਤੋਂ ਮੋਹਰੀ ਹਨ, ਕਿਉਂਕਿ ਪੰਜ-ਸੱਤ ਸਤਰਾਂ ਝਰੀਟਣ ਨੂੰ ਉਹ ਕੋਈ ਔਖਾ ਕਾਰਜ ਨਹੀਂ ਸਮਝਦੇ।
ਮਿੰਨੀ ਕਹਾਣੀ ਲੇਖਣ ਨੂੰ ਵਿਸ਼ੇਸ਼ ਅਤੇ ਪੂਰੇ ਸਾਹਿਤਕ ਪਰਿਪੇਖ ਨੂੰ ਸਹਿਜ ਤੌਰ ’ਤੇ ਸਾਹਮਣੇ ਰੱਖਦੇ ਹੋਏ ਕਹਿਣਾ ਚਾਹੁੰਦਾ ਹਾਂ ਕਿ ਮੈਡੀਕਲ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ, ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਤਕ ਕੋਈ ਖੋਜ਼ ਦੇ ਇਤਿਹਾਸਕ ਪਹਿਲੂ ’ਤੇ ਨਜ਼ਰ ਨਹੀਂ ਮਾਰਦਾ, ਉਹ ਨਵੀਂ ਖੋਜ਼ ਨਹੀਂ ਕਰ ਸਕਦਾ। ਸਾਹਿਤਕ ਪੱਖ ਤੋਂ ਵੀ ਜ਼ਰੂਰੀ ਹੈ ਕਿ ਇਹ ਜਾਣਿਆ ਜਾਵੇ ਕਿ ਕੀ ਕੁਝ ਲਿਖਿਆ ਜਾ ਚੁੱਕਾ ਹੈ ਤੇ ਅਜੋਕੀ ਸਥਿਤੀ ਕੀ ਹੈ। ਇਹ ਜਾਣ ਕੇ ਅੱਗੇ ਤੁਰਿਆ ਜਾਵੇਗਾ ਤਾਂ ਰਚਨਾ ਵਿਚ ਨਵਾਂਪਨ ਝਲਕੇਗਾ।
ਸਾਰੀ ਗੱਲ ਨੂੰ ਮਿੰਨੀ ਕਹਾਣੀ ਦੇ ਪਰਿਪੇਖ ਤੋਂ ਸਮੇਟਦੇ ਹੋਏ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਮਿੰਨੀ ਕਹਾਣੀ ਨੂੰ ਰੂਪ ਦੇ ਪੱਖ ਤੋਂ ਹੋਰ ਮਿੰਨੀ ਰਚਨਾਵਾਂ ਵਾਲੀਆਂ ਵੰਨਗੀਆਂ ਤੋਂ ਇਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ, ਉੱਥੇ ਇਸ ਨੂੰ ਆਕਾਰ ਦੇ ਇਸ ਬੋਧ ਤੋਂ ਬਚਣ ਦੀ ਵੀ ਲੋੜ ਹੈ ਕਿ ਇਹੋ ਜਿਹੀ ਛੋਟੀ ਰਚਨਾ ਲਿਖਣਾ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ।
(ਇਹ ਵਿਚਾਰ ਲੇਖਕ ਵੱਲੋਂ ਮਿਤੀ 13.09.2009 ਨੂੰ ਮਾਤਾ ਮਾਨ ਕੌਰ ਯਾਦਗਾਰੀ ਸਨਮਾਨ ਦੇ ਮੌਕੇ ਉੱਤੇ ਪਟਿਆਲਾ ਵਿਖੇ ਪੇਸ਼ ਕੀਤੇ ਗਏ)
-0-

No comments: